-ਬਿਡੇਨ ਨੇ ਕਿਹਾ - ਯੂਕਰੇਨ ਦੇ ਲੋਕਾਂ ਨੂੰ ਸ਼ਾਂਤੀ ਨਾਲ ਰਹਿਣ ਦਾ ਅਧਿਕਾਰ
ਕੀਵ, 26 ਦਸੰਭਰ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੁੱਧਵਾਰ ਨੂੰ ਯੂਕਰੇਨ 'ਤੇ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ ਦੀ ਨਿੰਦਾ ਕੀਤੀ ਹੈ। ਬਾਇਡਨ ਨੇ ਦੋਸ਼ ਲਾਇਆ ਕਿ ਰੂਸ ਨੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਰਾਹੀਂ ਯੂਕਰੇਨ ਦੇ ਊਰਜਾ ਗਰਿੱਡ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਜ਼ਰੀਏ ਰੂਸ ਸਰਦੀਆਂ 'ਚ ਯੂਕਰੇਨ ਦੇ ਲੋਕਾਂ ਦੀ ਬਿਜਲੀ ਸਪਲਾਈ ਨੂੰ ਕੱਟਣਾ ਚਾਹੁੰਦਾ ਹੈ।
ਬਾਇਡਨ ਨੇ ਵੀ ਯੂਕਰੇਨ ਦੀ ਮਦਦ ਲਈ ਆਪਣਾ ਸਮਰਥਨ ਦੁਹਰਾਇਆ। ਬਾਇਡਨ ਮੁਤਾਬਕ ਅਮਰੀਕਾ ਨੇ ਪਿਛਲੇ ਕੁਝ ਮਹੀਨਿਆਂ 'ਚ ਯੂਕਰੇਨ ਨੂੰ ਸੈਂਕੜੇ ਮਿਜ਼ਾਈਲਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਵਧਾਏਗਾ। ਯੂਕਰੇਨ ਨੂੰ ਜਲਦੀ ਹੀ ਮਿਜ਼ਾਈਲਾਂ ਦਾ ਨਵਾਂ ਬੈਚ ਦਿੱਤਾ ਜਾਵੇਗਾ। ਇਸ ਲਈ ਅਮਰੀਕੀ ਰੱਖਿਆ ਵਿਭਾਗ ਨੂੰ ਮਿਜ਼ਾਈਲਾਂ ਦੀ ਸਪਲਾਈ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਨੇ ਦੁਨੀਆਂ ਦੇ ਹੋਰ ਦੇਸ਼ਾਂ ਨੂੰ ਵੀ ਯੂਕਰੇਨ ਦੀ ਮਦਦ ਕਰਨ ਲਈ ਕਿਹਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਯੂਕਰੇਨ ਦੇ ਲੋਕਾਂ ਨੂੰ ਸ਼ਾਂਤੀ ਅਤੇ ਸੁਰੱਖਿਆ ਨਾਲ ਰਹਿਣ ਦਾ ਅਧਿਕਾਰ ਹੈ। ਬਾਇਡਨ ਨੇ ਕਿਹਾ ਕਿ ਅਸੀਂ ਯੂਕਰੇਨ ਦਾ ਸਮਰਥਨ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਉਹ ਰੂਸ ਖਿਲਾਫ ਨਹੀਂ ਜਿੱਤਦਾ।
ਰੂਸ ਨੇ ਆਪਣੇ ਹਮਲੇ ਵਿੱਚ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਸੀ। ਯੂਕਰੇਨ ਦੀ ਹਵਾਈ ਸੈਨਾ ਮੁਤਾਬਕ ਰੂਸ ਨੇ ਹਮਲੇ ਲਈ 78 ਮਿਜ਼ਾਈਲਾਂ ਅਤੇ 106 ਡਰੋਨਾਂ ਦੀ ਵਰਤੋਂ ਕੀਤੀ। ਇਸ ਹਮਲੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 21 ਲੋਕ ਜ਼ਖਮੀ ਹੋ ਗਏ।
ਯੂਕਰੇਨ ਦੇ ਮੀਡੀਆ ਮੁਤਾਬਕ ਸਭ ਤੋਂ ਵੱਡਾ ਹਮਲਾ ਖਾਰਕੀਵ ਸ਼ਹਿਰ 'ਤੇ ਕੀਤਾ ਗਿਆ। ਇਸ ਤੋਂ ਇਲਾਵਾ ਡਨਿਪਰੋ, ਕ੍ਰੇਮੇਨਚੁਕ, ਕ੍ਰੀਵੀ ਰਿਹ ਅਤੇ ਇਵਾਨੋ-ਫ੍ਰੈਂਕਿਵਸਕ 'ਤੇ ਵੀ ਹਮਲੇ ਕੀਤੇ ਗਏ। ਇੱਥੇ ਊਰਜਾ ਦੇ ਬੁਨਿਆਦੀ ਢਾਂਚੇ ਸਮੇਤ ਰਿਹਾਇਸ਼ੀ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ।