-13 ਦਸੰਬਰ ਤੱਕ ਚੱਲੇਗੀ ਮੁਹਿੰਮ, ਇਸ ਸਾਲ ਫੂਡ ਡਰਾਈਵ ਵੀ ਕੀਤੀ ਗਈ ਹੈ ਸ਼ਾਮਿਲ
ਬਰੈਂਪਟਨ, 17 ਨਵੰਬਰ (ਪੋਸਟ ਬਿਊਰੋ): ਬਰੈਂਪਟਨ ਵਿਚ ਸਾਲਾਨਾ ਵਿੰਟਰ ਲਾਈਟਸ ਫੈਸਟੀਵਲ ਕ੍ਰਿਸਮਸ ਟ੍ਰੀ `ਤੇ ਲਾਈਟਾਂ ਲਾਉਣ ਨਾਲ ਅਤੇ ਟਾਈਗਰਜੀਤ ਸਿੰਘ ਫਾਊਂਡੇਸ਼ਨ ਦੀ ਮਿਰੇਕਲ ਆਨ ਮੇਨ ਸਟ੍ਰੀਟ ਮੁਹਿੰਮ ਦੇ ਨਾਲ ਸ਼ੁਰੂ ਹੋ ਗਿਆ। ਮੁਹਿੰਮ ਦੌਰਾਨ ਸ਼ਹਿਰ ਦੇ ਬੱਚਿਆਂ ਨੂੰ ਖਿਡੌਣੇ ਵੰਡੇ ਗਏ। ਦਾਨ ਕੀਤੇ ਖਿਡੌਣਿਆਂ ਨਾਲ ਭਰੇ ਟਰੱਕ ਨਾਲ ਲੈ ਕੇ ਫਾਊਂਡੇਸ਼ਨ ਵਲੋਂ ਬਰੈਂਪਟਨ ਸਿਵਿਕ ਹਸਪਤਾਲ, ਦੀ ਬਰੈਂਪਟਨ ਫੂਡ ਹੱਬ, ਨਾਈਟਸ ਟੇਬਲ ਐਂਡ ਦੀ ਬੁਆਏਜ਼ ਐਂਡ ਗਰਲਜ਼ ਕਲੱਬ ਦਾ ਦੌਰਾ ਕੀਤਾ ਗਿਆ। ਜਿ਼ਕਰਯੋਗ ਹੈ ਕਿ ਫਾਊਂਡੇਸ਼ਨ ਵਲੋਂ ਇਸ ਸਾਲ ਫੂਡ ਡਰਾਈਵ ਵੀ ਸ਼ੁਰੂ ਕੀਤੀ ਗਈ ਹੈ।
ਮੇਅਰ ਪੈਟ੍ਰਿਕ ਬ੍ਰਾਊਨ, ਪੀਲ ਰੀਜਨਲ ਪੁਲਸ ਅਤੇ ਬਰੈਂਪਟਨ ਫਾਇਰ ਐਂਡ ਸੇਫਟੀ ਸਟੇਸ਼ਨਾਂ ਵਲੋਂ ਵੀ ਫਾਊਂਡੇਸ਼ਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਮੁਹਿੰਮ ਦੇ ਸਮਰਥਨ ਵਿਚ ਮੇਅਰ ਅਤੇ ਉਕਤ ਵਿਭਾਗਾਂ ਨੇ ਆਪਣੇ ਐਕਸ ਹੈਂਡਲ `ਤੇ ਪੋਸਟ ਸਾਂਝੀ ਕਰ ਕੇ ਲੋਕਾਂ ਨੂੰ ਵੱਧ ਤੋਂ ਵੱਧ ਖਿਡੌਣੇ ਦਾਨ ਕਰਨ ਲਈ ਉਤਸ਼ਾਹਿਤ ਕੀਤਾ। ਦਾਨੀ ਸੱਜਣ ਖਿਡੌਣੇ ਸ਼ਹਿਰ ਦੇ ਸਾਰੇ ਫਾਇਰ ਸਟੇਸ਼ਨਾਂ `ਤੇ ਖਿਡੌਣੇ ਛੱਡ ਸਕਦੇ ਹਨ। ਇਹ ਮੁਹਿੰਮ 13 ਦਸੰਬਰ ਤੱਕ ਚੱਲੇਗੀ।
ਜਿ਼ਕਰਯੋਗ ਹੈ ਕਿ ਵਿੰਟਰ ਲਾਈਟਸ ਫੈਸਟੀਵਲ ਵਿਚ ਹਰ ਉਮਰ ਵਰਗ ਦੇ ਲੋਕ ਲਾਈਟਾਂ ਨਾਲ ਸਜਾਵਟ ਤੋਂ ਲੈ ਕੇ ਵਿੰਟਰ ਆਰਟਿਸਟ ਮਾਰਕੀਟ ਦਾ ਆਨੰਦ ਲੈ ਸਕਦੇ ਹਨ। ਫੈਸਟ ਵਿਚ ਰੋਮਾਂਚਕ ਰਾਈਡਜ਼ ਤੋਂ ਇਲਾਵਾ ਸੁਆਦੀ ਫੂਡ ਵੈਂਡਰਜ਼ ਅਤੇ 10 ਹਜ਼ਾਰ ਲਾਈਟਾਂ ਨਾਲ ਸਜਾਇਆ ਗਿਆ ਕ੍ਰਿਸਮਸ ਟ੍ਰੀ ਸ਼ਾਮਿਲ ਹੈ। ਇਹ ਫੈਸਟੀਵਲ ਫੀਲਡਗੇਟ ਡਿਵਲਪਮੈਂਟਸ, ਐਲੈਕਟ੍ਰਾ ਯੂਟਿਲਿਟੀਜ਼, ਸੀਏਏ, ਟੀਡੀ ਅਤੇ ਟਿਮ ਹਾਰਟਨਜ਼ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।