ਮਾਂਟਰੀਅਲ, 26 ਦਸੰਬਰ (ਪੋਸਟ ਬਿਊਰੋ): ਫਲੋਰੀਡਾ ਦੇ ਫੋਰਟ ਲਾਡਰਡੇਲ ਵਿੱਚ ਕਿਸ਼ਤੀ ਵਿੱਚ ਧਮਾਕਾ ਹੋ ਗਿਆ। ਇਸ ਵਿਚ ਮਾਂਟਰੀਅਲ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ।
ਸੋਮਵਾਰ ਸ਼ਾਮ 6 ਵਜੇ ਦੇ ਆਸਪਾਸ ਕਿਸ਼ਤੀ ਵਿੱਚ ਧਮਾਕੇ ਹੋਣ ਦਾ ਵੀਡੀਓ ਸਰਵੇਲਾਂਸ ਵਿੱਚ ਕੈਦ ਹੋ ਗਿਆ। ਫਲੋਰੀਡਾ ਮੱਛੀ ਅਤੇ ਵਣਜੀਵ ਸੁਰੱਖਿਆ ਕਮਿਸ਼ਨ ਦੇ ਬੁਲਾਰੇ ਏਰੀਅਲ ਕਾਲੇਂਡਰ ਨੇ ਕਿਹਾ ਕਿ ਇੰਜਨ ਚਾਲੂ ਹੋਣ ਤੋਂ ਬਾਅਦ ਕਿਸ਼ਤੀ ਵਿੱਚ ਧਮਾਕਾ ਹੋਇਆ ਅਤੇ ਉਸ ਵਿੱਚ ਸੱਤ ਮੁਸਾਫ਼ਰ ਸਵਾਰ ਸਨ।
41 ਸਾਲਾ ਸੇਬੇਸਟਿਅਨ ਗੌਥਿਅਰ ਦੀ ਜ਼ਖਮਾਂ ਕਾਰਨ ਮੌਤ ਹੋ ਗਈ। ਕਾਲੇਂਡਰ ਨੇ ਕਿਹਾ ਕਿ ਹੋਰ ਛੇ ਲੋਕਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਭੇਜਿਆ ਗਿਆ ਹੈ। ਫੋਰਟ ਲਾਡਰਡੇਲ ਫਾਇਰ ਰੇਸਕਿਊ ਨੇ ਐਕਸ `ਤੇ ਕਿਹਾ ਕਿ ਉਨ੍ਹਾਂ ਵਿਚੋਂ ਤਿੰਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਫਾਇਰ ਐਂਡ ਰੇਸਕਿਊ ਨੇ ਕਿਹਾ ਕਿ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਯੂ. ਐੱਸ. ਕੋਸਟ ਗਾਰਡ, ਪੁਲਿਸ ਵਿਭਾਗ ਅਤੇ ਹੋਰ ਏਜੰਸੀਆਂ ਦੀਆਂ ਟੀਮਾਂ ਸਹਾਇਤਾ ਕਰ ਰਹੀਆਂ ਹਨ।