ਓਟਵਾ, 4 ਫਰਵਰੀ (ਪੋਸਟ ਬਿਊਰੋ): ਬੈਰਹੈਵਨ ਵਿੱਚ ਇੱਕ ਉਸਾਰੀ ਵਾਲੀ ਥਾਂ 'ਤੇ ਡਿੱਗਣ ਨਾਲ ਇੱਕ ਵਰਕਰ ਦੀ ਮੌਤ ਹੋ ਗਈ। ਇਹ ਹਾਦਸਾ ਸੋਮਵਾਰ ਦੁਪਹਿਰ 1:10 ਵਜੇ ਦੇ ਕਰੀਬ ਹੋਇਆ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਇੰਨਾ ਪਤਾ ਲੱਗਾ ਹੈ ਕਿ ਮ੍ਰਿਤਕ ਇਕ ਵਪਾਰਕ ਠੇਕੇਦਾਰ ਸੀ। ਹਾਦਸਾ ਚੈਪਮੈਨ ਮਿੱਲਜ਼ ਡਰਾਈਵ ਅਤੇ ਲੌਂਗਫੀਲਡਜ਼ ਡਰਾਈਵ ਦੇ ਖੇਤਰ ਵਿੱਚ ਹੋਇਆ।
ਸਾਈਟ ਦੇ ਮੁੱਖ ਸੰਚਾਲਨ ਅਧਿਕਾਰੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਬਹੁਤ ਦੁਖਦਾਈ ਹੈ। ਉਹ ਆਪਣੀਆਂ ਸਾਈਟਾਂ 'ਤੇ ਹਰ ਕਿਸੇ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਵਚਨਬੱਧ ਹਨ। ਉਹ ਆਪਣੇ ਸਟਾਫ ਨੂੰ ਸਲਾਹ ਅਤੇ ਸਹਾਇਤਾ ਵੀ ਪ੍ਰਦਾਨ ਕਰ ਰਹੇ ਹਨ।
ਇਸ ਸਬੰਧੀ ਕਿਰਤ, ਇਮੀਗ੍ਰੇਸ਼ਨ, ਸਿਖਲਾਈ ਅਤੇ ਹੁਨਰ ਵਿਕਾਸ ਮੰਤਰਾਲੇ ਵਲੋਂ ਕਿਹਾ ਗੁਆ ਕਿ ਨੇਪੀਅਨ ਵਿੱਚ ਵਾਪਰੀ ਇੱਕ ਕੰਮ ਵਾਲੀ ਥਾਂ 'ਤੇ ਮੌਤ ਬਾਰੇ ਸੂਚਿਤ ਕੀਤਾ ਗਿਆ ਸੀ। ਮੰਤਰਾਲਾ ਕਰਮਚਾਰੀ ਦੇ ਪਰਿਵਾਰ ਅਤੇ ਸਹਿਯੋਗੀਆਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹੈ। ਮੰਤਰਾਲੇ ਦੇ ਇੰਸਪੈਕਟਰ ਨੂੰ ਜਾਂਚ ਕਰਨ ਲਈ ਨਿਯੁਕਤ ਕੀਤਾ ਗਿਆ ਹੈ। ਜਾਂਚ ਜਾਰੀ ਹੈ ਇਸ ਲਈ ਉਹ ਇਸ ਸਮੇਂ ਹੋਰ ਜਾਣਕਾਰੀ ਪ੍ਰਦਾਨ ਕਰਨ ਵਿੱਚ ਅਸਮਰੱਥ ਹਨ।