ਟੋਰਾਂਟੋ, 24 ਦਸੰਬਰ (ਪੋਸਟ ਬਿਊਰੋ): ਪੀਲ ਖੇਤਰ ਵਿੱਚ ਪੁਲਿਸ ਵੱਲੋਂ ਬਰੈਂਪਟਨ ਦੇ ਇੱਕ ਘਰ ਵਿੱਚ ਅਗਵਾਹ ਕੀਤੇ ਤਿੰਨ ਪੀੜਤਾਂ ਦੀ ਭਾਲ ਤੋਂ ਬਾਅਦ ਦਸ ਲੋਕਾਂ `ਤੇ ਕਈ ਚਾਰਜਿਜ਼ ਲਗਾਏ ਗਏ ਹਨ।
ਪੀਲ ਰੀਜਨਲ ਪੁਲਿਸ ਨੇ ਕਿਹਾ ਕਿ 17 ਦਸੰਬਰ ਨੂੰ ਅਧਿਕਾਰੀਆਂ ਨੇ ਅਗਵਾਹ ਦੀ ਜਾਂਚ ਦੇ ਜਵਾਬ ਵਿਚ ਸੈਂਡਲਵੁਡ ਪਾਰਕਵੇ ਅਤੇ ਮੇਫੀਲਡ ਰੋਡ ਵਿਚਕਾਰ ਕੈਨੇਡੀ ਰੋਡ ਨਾਰਥ ਅਤੇ ਕੰਜਰਵੇਸ਼ਨ ਡਰਾਈਵ ਕੋਲ ਇੱਕ ਪਤੇ `ਤੇ ਜਾਕੇ ਜਾਂਚ ਕੀਤੀ।
ਪੁਲਿਸ ਨੇ ਦੱਸਿਆ ਕਿ ਜਦੋਂ ਟੈਕਟਿਕਲ ਯੂਨਿਟ ਦੀ ਸਹਾਇਤਾ ਨਾਲ ਉਹ ਘਰ ਵਿੱਚ ਦਾਖਲ ਹੋਏ ਤਾਂ ਤਿੰਨ ਪੀੜਤ ਮਿਲੇ, ਜਿਨ੍ਹਾਂ ਨੂੰ ਬਚਾ ਲਿਆ ਗਿਆ ਅਤੇ ਸੁਰੱਖਿਅਤ ਸਥਾਨ `ਤੇ ਲਿਜਾਇਆ ਗਿਆ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਫਿਰ ਸਰਚ ਵਾਰੰਟ ਨੂੰ ਅੰਜ਼ਾਮ ਦਿੱਤਾ, ਜਿਸਦੇ ਨਤੀਜੇ ਵਜੋਂ ਇੱਕ ਲੋਡੇਡ ਰਗਰ ਸਿਕਿਓਰਿਟੀ 9 ਹੈਂਡਗੰਨ, ਇੱਕ ਗਲਾਕ 17 ਜਨਰਲ 5 ਹੈਂਡਗੰਨ ਅਤੇ ਗੋਲਾ-ਬਾਰੂਦ ਜ਼ਬਤ ਕੀਤੇ ਗਏ।
ਉਸ ਘਰ ਅੰਦਰ ਦਸ ਹੋਰ ਵਿਅਕਤੀ ਵੀ ਸਨ। ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ `ਤੇ ਅਗਵਾਹ, ਜ਼ਬਰਨ ਬੰਧਕ ਬਣਾਉਣ, ਸਰੀਰਕ ਨੁਕਸਾਨ ਪਹੁੰਚਾਉਣ ਅਤੇ ਅਲੱਗ-ਅਲੱਗ ਫਾਇਰਆਰਮਜ਼ ਅਪਰਾਧਾਂ ਦੇ ਚਾਰਜਿਜ਼ ਲਗਾਏ ਗਏ।