ਮਾਲੇ, 5 ਨਵੰਬਰ (ਪੋਸਟ ਬਿਊਰੋ): ਮਾਲਦੀਵ ਨੇ ਪਾਕਿਸਤਾਨ ਵਿੱਚ ਮੌਜੂਦ ਆਪਣੇ ਹਾਈ ਕਮਿਸ਼ਨਰ ਮੁਹੰਮਦ ਤੋਹਾ ਨੂੰ ਵਾਪਿਸ ਬੁਲਾਉਣ ਦਾ ਫੈਸਲਾ ਕੀਤਾ ਹੈ। ਦਰਅਸਲ ਟੋਹਾ ਨੇ 1 ਨਵੰਬਰ ਨੂੰ ਇਸਲਾਮਾਬਾਦ 'ਚ ਤਾਲਿਬਾਨ ਦੇ ਡਿਪਲੋਮੈਟ ਸਰਦਾਰ ਅਹਿਮਦ ਸਾਕਿਬ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਦੋਹਾਂ ਨੇਤਾਵਾਂ ਵਿਚਾਲੇ ਅਫਗਾਨਿਸਤਾਨ-ਮਾਲਦੀਵ ਸਬੰਧਾਂ 'ਤੇ ਚਰਚਾ ਹੋਈ।
ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੇ ਇਸ ਮੁਲਾਕਾਤ ਲਈ ਆਪਣੇ ਹਾਈ ਕਮਿਸ਼ਨਰ ਨੂੰ ਇਜਾਜ਼ਤ ਨਹੀਂ ਦਿੱਤੀ ਸੀ। ਇਸ ਕਾਰਨ ਸਰਕਾਰ ਨੇ ਉਸ ਨੂੰ ਵਾਪਿਸ ਬੁਲਾਉਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਇਸਲਾਮਾਬਾਦ ਸਥਿਤ ਮਾਲਦੀਵ ਮਿਸ਼ਨ ਦੀ ਵੈੱਬਸਾਈਟ ਤੋਂ ਟੋਹਾ ਦਾ ਨਾਂ ਵੀ ਹਟਾ ਦਿੱਤਾ ਗਿਆ ਹੈ।
ਮਾਲਦੀਵ ਦੇ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਤੋਹਾ ਨੂੰ ਇਸ ਸਾਲ ਜੁਲਾਈ 'ਚ ਪਾਕਿਸਤਾਨ ਹਾਈ ਕਮਿਸ਼ਨਰ ਵਜੋਂ ਭੇਜਿਆ ਗਿਆ ਸੀ। ਮਾਲਦੀਵ ਦੀ ਸਰਕਾਰ ਨੇ ਕਿਹਾ ਹੈ ਕਿ ਉਹ ਤੋਹਾ ਖਿਲਾਫ ਕਾਰਵਾਈ ਕਰੇਗੀ।