ਪੈਰਿਸ, 8 ਅਗਸਤ (ਪੋਸਟ ਬਿਊਰੋ): ਅਮਨ ਸਹਿਰਾਵਤ ਪੈਰਿਸ ਓਲੰਪਿਕ ਦੇ ਪੁਰਸ਼ਾਂ ਦੇ 57 ਕਿਲੋਗ੍ਰਾਮ ਫ੍ਰੀਸਟਾਈਲ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। ਉਨ੍ਹਾਂ ਨੇ ਰਾਊਂਡ ਆਫ 16 ਵਿੱਚ ਮੈਸੇਡੋਨੀਆ ਦੇ ਵਲਾਦੀਮੀਰ ਇਗੋਰੋਵ ਨੂੰ 10-0 ਨਾਲ ਹਰਾਇਆ। ਅੰਸ਼ੂ ਮਲਿਕ ਮਹਿਲਾਵਾਂ ਦੇ 57 ਕਿਲੋਗ੍ਰਾਮ ਫ੍ਰੀਸਟਾਈਲ ਰਾਊਂਡ ਆਫ 16 'ਚ ਹਾਰ ਕੇ ਬਾਹਰ ਹੋ ਗਏ। ਉਨ੍ਹਾਂ ਨੂੰ ਅਮਰੀਕਾ ਦੀ ਹੈਲਨ ਲੁਈਸ ਮਾਰੌਲਿਸ ਨੇ 7-2 ਨਾਲ ਹਰਾਇਆ। ਗੋਲਫ ਔਰਤਾਂ ਦੇ ਵਿਅਕਤੀਗਤ ਮੁਕਾਬਲੇ ਜਾਰੀ ਹਨ।
'ਦਿ ਮੈਨ ਵਿਦ ਗੋਲਡਨ ਆਰਮ' ਦੇ ਨਾਂ ਨਾਲ ਜਾਣੇ ਜਾਂਦੇ ਨੀਰਜ ਚੋਪੜਾ ਅੱਜ ਪੈਰਿਸ ਓਲੰਪਿਕ 'ਚ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਦੇ ਫਾਈਨਲ 'ਚ ਹਿੱਸਾ ਲੈਣਗੇ। 26 ਸਾਲਾ ਨੀਰਜ ਨੇ ਦੋ ਦਿਨ ਪਹਿਲਾਂ ਕੁਆਲੀਫਿਕੇਸ਼ਨ ਵਿੱਚ ਆਪਣੀ ਪਹਿਲੀ ਕੋਸਿ਼ਸ਼ ਵਿੱਚ 89.34 ਮੀਟਰ ਦਾ ਜੈਵਲਿਨ ਸੁੱਟਿਆ ਸੀ ਅਤੇ ਪਹਿਲੇ ਸਥਾਨ ’ਤੇ ਰਹੇ ਸਨ। ਅਜਿਹੇ 'ਚ ਭਾਰਤ ਨੂੰ ਉਨ੍ਹਾਂ ਤੋਂ ਸੋਨ ਤਗਮੇ ਦੀ ਉਮੀਦ ਹੈ।