ਵਾਸਿ਼ੰਗਟਨ, 20 ਫਰਵਰੀ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਟਰੰਪ ਨੇ ਬੁੱਧਵਾਰ ਨੂੰ ਆਪਣੇ ਮਾਰ-ਏ-ਲਾਗੋ ਰਿਜ਼ੋਰਟ ਵਿੱਚ ਇੱਕ ਬਿਆਨ ਵਿੱਚ ਜ਼ੇਲੇਂਸਕੀ ਨੂੰ ਤਾਨਾਸ਼ਾਹ ਕਿਹਾ। ਇਸ ਕਾਰਨ ਦੋਨਾਂ ਆਗੂਆਂ ਵਿਚਕਾਰ ਵਿਵਾਦ ਹੋਰ ਡੂੰਘਾ ਹੋ ਗਿਆ ਹੈ।
ਇਸ ਤੋਂ ਪਹਿਲਾਂ, ਜ਼ੇਲੇਂਸਕੀ ਨੇ ਕਿਹਾ ਸੀ ਕਿ ਟਰੰਪ ਗਲਤ ਜਾਣਕਾਰੀ ਨਾਲ ਗਲਤਫਹਿਮੀ ਵਿੱਚ ਜੀਅ ਰਹੇ ਹਨ। ਜ਼ੇਲੇਂਸਕੀ ਦਾ ਇਹ ਬਿਆਨ ਟਰੰਪ ਦੇ ਇੱਕ ਦੋਸ਼ ਦੇ ਜਵਾਬ ਵਿੱਚ ਆਇਆ ਹੈ। ਦਰਅਸਲ, ਟਰੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਯੂਕਰੇਨ ਵਿੱਚ ਜ਼ੇਲੇਂਸਕੀ ਦੀ ਪ੍ਰਵਾਨਗੀ ਰੇਟਿੰਗ ਡਿੱਗ ਕੇ ਸਿਰਫ਼ 4% ਰਹਿ ਗਈ ਹੈ।
ਅਮਰੀਕੀ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਪਾਈ। ਇਸ ਪੋਸਟ ਵਿੱਚ ਉਨ੍ਹਾਂ ਨੇ ਜ਼ੇਲੇਂਸਕੀ ਨੂੰ ਇੱਕ ਮਾਮੂਲੀ ਕਾਮੇਡੀਅਨ ਅਤੇ ਚੋਣਾਂ ਤੋਂ ਬਿਨ੍ਹਾਂ ਤਾਨਾਸ਼ਾਹ ਦੱਸਿਆ।
ਯੂਰਪੀ ਨੇਤਾ ਜ਼ੇਲੇਂਸਕੀ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਜਰਮਨ ਚਾਂਸਲਰ ਓਲਾਫ ਸਕੋਲਜ਼ ਨੇ ਕਿਹਾ ਕਿ ਰਾਸ਼ਟਰਪਤੀ ਜ਼ੇਲੇਂਸਕੀ ਦੀ ਲੋਕਤੰਤਰੀ ਵੈਧਤਾ ਤੋਂ ਇਨਕਾਰ ਕਰਨਾ ਪੂਰੀ ਤਰ੍ਹਾਂ ਗਲਤ ਅਤੇ ਖ਼ਤਰਨਾਕ ਸੀ।
ਜਰਮਨ ਵਿਦੇਸ਼ ਮੰਤਰੀ ਅੰਨਾਲੇਨਾ ਬੈਰਬਾਕ ਨੇ ਵੀ ਟਰੰਪ ਦੇ ਬਿਆਨ ਨੂੰ ਬੇਤੁਕਾ ਦੱਸਿਆ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀ ਜ਼ੇਲੇਂਸਕੀ ਨੂੰ ਫ਼ੋਨ ਕੀਤਾ ਅਤੇ ਆਪਣਾ ਸਮਰਥਨ ਦਿਖਾਇਆ। ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ, ਸਟਾਰਮਰ ਨੇ ਕਿਹਾ ਕਿ ਯੁੱਧ ਦੌਰਾਨ ਚੋਣਾਂ ਨੂੰ ਮੁਲਤਵੀ ਕਰਨਾ ਬਿਲਕੁਲ ਸਹੀ ਸੀ।
ਸਵੀਡਿਸ਼ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਨੇ ਵੀ ਟਰੰਪ ਦੀ ਆਲੋਚਨਾ ਕੀਤੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਜ਼ੇਲੇਂਸਕੀ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਉਨ੍ਹਾਂ ਨੇ ਐਕਸ 'ਤੇ ਪੋਸਟ ਕੀਤਾ ਅਤੇ ਲਿਖਿਆ ਕਿ ਕੈਨੇਡਾ ਹਮੇਸ਼ਾ ਯੂਕਰੇਨ ਦੇ ਸਮਰਥਨ ਵਿੱਚ ਖੜ੍ਹਾ ਰਹੇਗਾ।