ਲਾਹੌਰ, 19 ਫਰਵਰੀ (ਪੋਸਟ ਬਿਊਰੋ): ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਨਿਸ਼ਾਨਾ ਸੇਧਦਿਆਂ ਅੱਜ ਕਿਹਾ ਕਿ ਦੇਸ਼ ਵਿੱਚ ਦਰਪੇਸ਼ ਆਰਥਿਕ ਸੰਕਟ ਤੇ ਹੋਰ ਮੁਸ਼ਕਿਲਾਂ ਲਈ ਜੇਲ੍ਹ ਵਿੱਚ ਬੰਦ ਸਿਆਸਤਦਾਨ ਜ਼ਿੰਮੇਵਾਰ ਹੈ।
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਸੁਪਰੀਮੋ ਨਵਾਜ਼ ਦਾ ਛੋਟਾ ਭਰਾ ਸ਼ਾਹਬਾਜ਼ ਸ਼ਰੀਫ ਅਤੇ ਧੀ ਮਰੀਅਮ ਨਵਾਜ਼ ਕੇਂਦਰ ਤੇ ਪੰਜਾਬ ਪ੍ਰਾਂਤ ਵਿੱਚ ਤਾਕਤਵਰ ਫੌਜ ਦੀ ਛਤਰਛਾਇਆ ਹੇਠ ਸਰਕਾਰਾਂ ਚਲਾ ਰਹੇ ਹਨ। ਉਹ ਹਾਲ ਹੀ ਵਿੱਚ ਪੀਐੱਮਐੱਲ-ਐੱਨ ਦੇ ਪੰਜਾਬ ਦੇ ਵਿਧਾਇਕਾਂ ਨੂੰ ਉਨ੍ਹਾਂ ਦੇ ਹਲਕਿਆਂ ਦੀਆਂ ਸਮੱਸਿਆਵਾਂ ਸੁਣਨ ਸਬੰਧੀ ਮਿਲੇ ਸਨ। ਇਸ ਦੌਰਾਨ ਉਨ੍ਹਾਂ ਪਾਕਿਸਤਾਨ ਦੇ ਆਰਥਿਕ ਸੰਕਟ ਲਈ ਵੱਖ-ਵੱਖ ਕੇਸਾਂ ਵਿੱਚ ਅਗਸਤ 2023 ਤੋਂ ਜੇਲ੍ਹ ਵਿੱਚ ਬੰਦ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਸੁਪਰੀਮੋ ਇਮਰਾਨ ਖਾਨ ਨੂੰ ਜ਼ਿੰਮੇਵਾਰ ਠਹਿਰਾਇਆ। ਨਵਾਜ਼ ਨੇ ਪਾਰਟੀ ਦੇ ਵਿਧਾਇਕਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਕ ਵਿਅਕਤੀ (ਇਮਰਾਨ ਖਾਨ) ਵੱਲੋਂ ਅਰਥਚਾਰਾ ਤੇ ਕੌਮੀ ਕਦਰਾਂ-ਕੀਮਤਾਂ ਤਬਾਹ ਕੀਤੀਆਂ ਗਈਆਂ ਅਤੇ ਲੋਕਤੰਤਰ ਦੀ ਪਿੱਠ ਵਿੱਚ ਛੁਰਾ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਖਾਨ ਨੇ 2018 ਵਿੱਚ ਸੱਤਾ ’ਚ ਆਉਣ ਤੋਂ ਬਾਅਦ ਦੇਸ਼ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ ਸਨ।