ਸਿੰਗਾਪੁਰ, 19 ਫਰਵਰੀ (ਪੋਸਟ ਬਿਊਰੋ): ਸਿੰਗਾਪੁਰ ’ਚ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਨੇਤਾ ਪ੍ਰੀਤਮ ਸਿੰਘ ਨੂੰ ਸੰਸਦੀ ਕਮੇਟੀ ਸਾਹਮਣੇ ਝੂਠੀ ਗਵਾਹੀ ਦੇਣ ਦੇ ਦੋ ਮਾਮਲਿਆਂ ’ਚ ਅੱਜ ਦੋਸ਼ੀ ਪਾਏ ਜਾਣ ਮਗਰੋਂ 14 ਹਜ਼ਾਰ ਸਿੰਗਾਪੁਰੀ ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। ਉਸ ਨੂੰ ਦੋਵਾਂ ਮਾਮਲਿਆਂ ਵਿੱਚ 7-7 ਹਜ਼ਾਰ ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ।
ਸੁਣਵਾਈ ਮਗਰੋਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਉਹ ਇਸ ਸਾਲ ਨਵੰਬਰ ’ਚ ਹੋਣ ਵਾਲੀਆਂ ਆਮ ਚੋਣਾਂ ’ਚ ਹਿੱਸਾ ਲੈਣਗੇ। ਸੰਵਿਧਾਨ ’ਚ ਕਿਹਾ ਗਿਆ ਹੈ ਕਿ ਜੇ ਕਿਸੇ ਮੌਜੂਦਾ ਸੰਸਦ ਮੈਂਬਰ ਨੂੰ ਘੱਟ ਤੋਂ ਘੱਟ ਇੱਕ ਸਾਲ ਜੇਲ੍ਹ ਦੀ ਸਜ਼ਾ ਹੁੰਦੀ ਹੈ ਜਾਂ ਘੱਟ ਤੋਂ ਘੱਟ 10 ਹਜ਼ਾਰ ਸਿੰਗਾਪੁਰੀ ਡਾਲਰ ਦਾ ਜੁਰਮਾਨਾ ਹੁੰਦਾ ਹੈ ਤਾਂ ਉਸ ਆਪਣੀ ਸੀਟ ਗੁਆ ਦੇਵੇਗਾ ਅਤੇ ਚੋਣ ਦੇ ਅਯੋਗ ਹੋ ਜਾਵੇਗਾ। ਚੋਣ ਵਿਭਾਗ ਅਨੁਸਾਰ ਪ੍ਰੀਤਮ ਸਿੰਘ ਨੂੰ ਦਿੱਤੀ ਗਈ ਸਜ਼ਾ ਉਸ ਨੂੰ ਬਤੌਰ ਸੰਸਦ ਮੈਂਬਰ ਅਯੋਗ ਠਹਿਰਾਉਣ ਦੀ ਹੱਦ ਤੱਕ ਨਹੀਂ ਪਹੁੰਚਦੀ।