ਨਵੀਂ ਦਿੱਲੀ, 20 ਫਰਵਰੀ (ਪੋਸਟ ਬਿਊਰੋ): ਸ਼ਾਲੀਮਾਰ ਬਾਗ ਸੀਟ ਤੋਂ ਪਹਿਲੀ ਵਾਰ ਵਿਧਾਇਕ ਬਣੇ ਰੇਖਾ ਗੁਪਤਾ (50) ਨੇ ਵੀਰਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਸਹੁੰ ਚੁੱਕੀ। ਉਹ ਦਿੱਲੀ ਦੇ 9ਵੇਂ ਅਤੇ ਚੌਥੀ ਮਹਿਲਾ ਮੁੱਖ ਮੰਤਰੀ ਬਣ ਗਏ ਹਨ।
ਰੇਖਾ ਤੋਂ ਪਹਿਲਾਂ ਸੁਸ਼ਮਾ ਸਵਰਾਜ, ਸ਼ੀਲਾ ਦੀਕਸਿ਼ਤ ਅਤੇ ਆਤਿਸ਼ੀ ਮੁੱਖ ਮੰਤਰੀ ਸਨ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਤੋਂ ਇਲਾਵਾ, 21 ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀ ਮੌਜੂਦ ਸਨ। 'ਆਪ' ਆਗੂ ਅਰਵਿੰਦ ਕੇਜਰੀਵਾਲ ਅਤੇ ਆਤਿਸ਼ੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਨਹੀਂ ਹੋਏ।
ਪ੍ਰਵੇਸ਼ ਵਰਮਾ ਸਮੇਤ 6 ਮੰਤਰੀਆਂ ਨੇ ਵੀ ਸਹੁੰ ਚੁੱਕੀ। ਰੇਖਾ ਤੋਂ ਇਲਾਵਾ 6 ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕੀ। ਇਨ੍ਹਾਂ ਵਿੱਚ ਪ੍ਰਵੇਸ਼ ਵਰਮਾ, ਆਸ਼ੀਸ਼ ਸੂਦ, ਮਨਜਿੰਦਰ ਸਿੰਘ ਸਿਰਸਾ, ਰਵਿੰਦਰ ਇੰਦਰਰਾਜ ਸਿੰਘ, ਕਪਿਲ ਮਿਸ਼ਰਾ ਅਤੇ ਪੰਕਜ ਕੁਮਾਰ ਸਿੰਘ ਸ਼ਾਮਿਲ ਹਨ ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਹਰਾਇਆ।
ਸਹੁੰ ਚੁੱਕਣ ਤੋਂ ਪਹਿਲਾਂ ਰੇਖਾ ਗੁਪਤਾ ਨੇ ਵੀਰਵਾਰ ਸਵੇਰੇ ਕਿਹਾ ਕਿ ਇਹ ਇੱਕ ਵੱਡੀ ਜਿ਼ੰਮੇਵਾਰੀ ਹੈ। ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਪਾਰਟੀ ਹਾਈਕਮਾਨ ਦਾ ਮੇਰੇ 'ਤੇ ਵਿਸ਼ਵਾਸ ਦਿਖਾਉਣ ਲਈ ਧੰਨਵਾਦ ਕਰਦੀ ਹਾਂ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਦਿੱਲੀ ਦਾ ਮੁੱਖ ਮੰਤਰੀ ਬਣਾਂਗੀ। ਮੈਂ ਸ਼ੀਸ਼ੇ ਦੇ ਮਹਿਲ ਵਿੱਚ ਨਹੀਂ ਰਹਾਂਗੀ।
ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਦਾ ਨਾਮ ਸ਼ੀਸ਼ਮਹਿਲ ਰੱਖਿਆ ਸੀ। ਅਰਵਿੰਦ ਕੇਜਰੀਵਾਲ ਨੇ ਇਸਨੂੰ ਬਣਵਾਇਆ ਸੀ। ਭਾਜਪਾ ਦਾ ਦੋਸ਼ ਹੈ ਕਿ ਕੇਜਰੀਵਾਲ ਨੇ ਨਿਯਮਾਂ ਦੀ ਉਲੰਘਣਾ ਕਰਕੇ ਇਸਨੂੰ ਬਣਾਉਣ ਵਿੱਚ ਕਰੋੜਾਂ ਰੁਪਏ ਖਰਚ ਕੀਤੇ ਹਨ। ਭਾਜਪਾ ਨੇ ਇਸਨੂੰ ਚੋਣ ਮੁੱਦਾ ਵੀ ਬਣਾਇਆ ਸੀ।