ਕੋਲੰਬੋ, 20 ਫਰਵਰੀ (ਪੋਸਟ ਬਿਊਰੋ): ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ ਵੀਰਵਾਰ ਸਵੇਰੇ ਹਾਥੀਆਂ ਦੇ ਝੁੰਡ ਨਾਲ ਟਕਰਾਉਣ ਤੋਂ ਬਾਅਦ ਇੱਕ ਰੇਲਗੱਡੀ ਪਟੜੀ ਤੋਂ ਉਤਰ ਗਈ। ਕੋਲੰਬੋ ਤੋਂ 180 ਕਿਲੋਮੀਟਰ ਦੂਰ ਹਬਰਾਨਾ ਦੇ ਜੰਗਲੀ ਜੀਵ ਰਿਜ਼ਰਵ ਨੇੜੇ ਵਾਪਰੀ ਇਸ ਘਟਨਾ ਵਿੱਚ ਛੇ ਹਾਥੀਆਂ ਦੀ ਮੌਤ ਹੋ ਗਈ। ਹਾਲਾਂਕਿ, ਇਸ ਹਾਦਸੇ ਵਿੱਚ ਕਿਸੇ ਵੀ ਯਾਤਰੀ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਜ਼ਖਮੀ ਹਾਥੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸ੍ਰੀਲੰਕਾ ਵਿੱਚ ਹਾਥੀਆਂ ਦੇ ਝੁੰਡ ਦਾ ਰੇਲਗੱਡੀ ਨਾਲ ਟਕਰਾ ਜਾਣਾ ਕੋਈ ਨਵੀਂ ਘਟਨਾ ਨਹੀਂ ਹੈ, ਪਰ ਪੁਲਿਸ ਨੇ ਇਸ ਘਟਨਾ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਜੰਗਲੀ ਜੀਵ ਹਾਦਸਾ ਦੱਸਿਆ ਹੈ।
ਸ੍ਰੀਲੰਕਾ ਵਿੱਚ, ਸਾਲ 2024 ਵਿੱਚ ਹਾਥੀ-ਮਨੁੱਖੀ ਟਕਰਾਅ ਵਿੱਚ 170 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਲਗਭਗ 500 ਹਾਥੀ ਮਾਰੇ ਗਏ ਸਨ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਹਰ ਸਾਲ ਲਗਭਗ 20 ਹਾਥੀ ਰੇਲ ਗੱਡੀਆਂ ਦੀ ਟੱਕਰ ਵਿੱਚ ਮਾਰੇ ਜਾਂਦੇ ਹਨ। ਸ੍ਰੀਲੰਕਾ ਵਿੱਚ ਅੰਦਾਜ਼ਨ 7,000 ਜੰਗਲੀ ਹਾਥੀ ਹਨ।