Welcome to Canadian Punjabi Post
Follow us on

03

May 2024
ਬ੍ਰੈਕਿੰਗ ਖ਼ਬਰਾਂ :
ਬ੍ਰਾਜ਼ੀਲ 'ਚ ਭਾਰੀ ਮੀਂਹ ਕਾਰਨ 29 ਲੋਕਾਂ ਦੀ ਮੌਤ, 60 ਤੋਂ ਵੱਧ ਲੋਕ ਲਾਪਤਾਬੋਇੰਗ ਜਹਾਜ਼ 'ਚ ਗੜਬੜੀ ਦਾ ਪਰਦਾਫਾਸ਼ ਕਰਨ ਵਾਲੇ ਵ੍ਹਿਸਲਬਲੋਅਰ ਦੀ ਹੋਈ ਮੌਤੀ ਮੋਟਾਪਾ ਘੱਟ ਕਰਨ ਲਈ ਪਿਤਾ 6 ਸਾਲ ਦੇ ਬੇਟੇ ਨੂੰ ਟਰੇਡ ਮਿੱਲ 'ਤੇ ਭਜਾਉਂਦਾ ਰਿਹਾ, ਬੇਟੇ ਦੀ ਹੋਈ ਮੌਤਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਹਮਾਸ ਨੂੰ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰਨ ਲਈ ਕਿਹਾਨਿਊਜ਼ੀਲੈਂਡ ਵਿਚ ਕਪੂਰਥਲਾ ਦਾ ਨੌਜਵਾਨ ਬਣਿਆ ਕਬੱਡੀ ਸਟਾਰ, ਪਿੰਡ ਵਾਸੀਆਂ ਨੇ ਕੀਤਾ ਸਵਾਗਤਮੋਦੀ ਲਿਆਏ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਡੀ ਯੋਜਨਾ : ਪ੍ਰਿਅੰਕਾ -ਕੋਵਿਡ ਸਰਟੀਫਿਕੇਟ ਤੋਂ ਪੀਐੱਮ ਦੀ ਫੋਟੋ ਗਾਇਬ ਭਾਰਤੀ ਪਰਿਵਾਰ ਸੀਰਮ ਇੰਸਟੀਚਿਊਟ ਦੇ ਖਿਲਾਫ ਕੇਸ ਦੀ ਤਿਆਰੀ `ਚ, ਕਿਹਾ ਕੋਵਿਸ਼ੀਲਡ ਲਗਾਉਣ ਤੋਂ 7 ਦਿਨਾਂ ਬਾਅਦ ਬੇਟੀ ਦੀ ਹੋ ਗਈ ਸੀ ਮੌਤਦਿੱਲੀ ਮਹਿਲਾ ਕਮਿਸ਼ਨ ਦੇ 223 ਕਰਮਚਾਰੀਆਂ ਨੂੰ ਹਟਾਇਆ
 
ਨਜਰਰੀਆ

ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ

April 22, 2024 02:53 AM

-ਜਤਿੰਦਰ ਪਨੂੰ
ਭਾਰਤ ਦੇਸ਼ ਤਰੱਕੀ ਕਰ ਰਿਹਾ ਹੈ। ਇਹ ਗੱਲ ਅਸੀਂ ਨਹੀਂ ਕਹਿੰਦੇ, ਉਨ੍ਹਾਂ ਅੰਕੜਿਆਂ ਦੇ ਜਿ਼ਕਰ ਨਾਲ ਭਾਰਤ ਦੇ ਲੋਕਾਂ ਨੂੰ ਸਮਝਾਈ ਜਾਂਦੀ ਹੈ, ਜਿਨ੍ਹਾਂ ਅੰਕੜਿਆਂ ਨੂੰ ਸੰਸਾਰ ਭਰ ਵਿੱਚ ਮਾਨਤਾ ਪ੍ਰਾਪਤ ਹੁੰਦੀ ਹੈ ਅਤੇ ਅੱਜਕੱਲ੍ਹ ਦੇ ਯੁੱਗ ਵਿੱਚ ਵਾਟਸਐਪ ਦੀ ਬਾਹਲੀ ਵਰਤੋਂ ਦੇ ਸ਼ੌਕੀਨ ਮਿੰਟੋ-ਮਿੰਟੀ ਅੱਗੇ ਪੁਚਾ ਕੇ ਖੁਸ਼ ਹੋ ਜਾਂਦੇ ਹਨ। ਚਰਚਾ ਵਿੱਚ ਇਹ ਗੱਲ ਨਹੀਂ ਆਉਂਦੀ ਕਿ ਭਾਰਤ ਦੀ ਤਰੱਕੀ ਦੇ ਨਾਲ ਦੇਸ਼ ਦੇ ਆਮ ਆਦਮੀ ਦੀ ਤਰੱਕੀ ਕਿੰਨੀ ਹੋਈ ਹੈ, ਸਗੋਂ ਇਹ ਦੱਸਣ ਦਾ ਯਤਨ ਕੀਤਾ ਜਾਂਦਾ ਹੈ ਕਿ ਪਿਛਲੀ ਵਾਰੀ ਜਦੋਂ ਇਹੋ ਜਿਹੇ ਅੰਕੜੇ ਆਏ ਸਨ ਤਾਂ ਭਾਰਤ ਦੇ ਹਰ ਨਾਗਰਿਕ ਦੀ ਆਮਦਨ ਐਨੇ ਰੁਪਏ ਸਾਲਾਨਾ ਹੁੰਦੀ ਸੀ ਤੇ ਐਤਕੀਂ ਵਧ ਕੇ ਐਨੀ ਹੋ ਗਈ ਹੈ। ਜਦੋਂ ‘ਹਰ ਭਾਰਤੀ ਨਾਗਰਿਕ’ਵਾਲੀ ਗੱਲ ਕਹੀ ਜਾਂਦੀ ਹੈ ਤਾਂ ਇਸ ਵਿੱਚ ਭਾਰਤ ਦਾ ਉਹ ਆਮ ਆਦਮੀ ਵੀ ਗਿਣਿਆ ਜਾਂਦਾ ਹੈ, ਜਿਹੜਾ ਕਦੇ ਇਹ ਨਹੀਂ ਜਾਣ ਸਕਿਆ ਕਿ ਉਸ ਦੇ ਨਾਂਅ ਉੱਤੇ ਅੰਕੜੇ ਲਿਖੇ ਅਤੇ ਅਗਾਂਹ ਤੋਂ ਅਗਾਂਹ ਪਰੋਸੇ ਜਾਂਦੇ ਹਨ ਅਤੇ ਉਨ੍ਹਾਂ ਅੰਕੜਿਆਂ ਵਿੱਚ ਉਸ ਦੀ ‘ਤਰੱਕੀ’ ਦਾ ਅਤੇ ਤਰੱਕੀ ਕਰਵਾਉਣ ਵਾਲੇ ਰਾਜਸੀ ਆਗੂਆਂ ਦਾ ਜਿ਼ਕਰ ਉਸ ਨਾਲੋਂ ਵੀ ਵੱਧ ਹੁੰਦਾ ਹੈ। ਉਹ ਜਾਣ ਵੀ ਲਵੇ ਤਾਂ ਇਸ ਨਾਲ ਪ੍ਰਚਾਰ ਦੇ ਪਰਦੇ ਹੇਠ ਲੁਕਾਈਆਂ ਜਾਂਦੀਆਂ ਹਕੀਕਤਾਂ ਨੇ ਨਹੀਂ ਬਦਲ ਜਾਣਾ।
ਮੈਂ ਪਿੰਡ ਵਿੱਚ ਜੰਮਿਆ ਹੋਣ ਕਰ ਕੇ ਏਦਾਂ ਦੇ ਅੰਕੜਿਆਂ ਨੂੰ ਕਿਸੇ ਪਿੰਡ ਦੇ ਆਮ ਲੋਕਾਂ ਦੀ ਜਿ਼ੰਦਗੀ ਨਾਲ ਜੋੜ ਕੇ ਪਰਖਣ ਦਾ ਯਤਨ ਕਰਦਾ ਹਾਂ। ਗੱਲ ਮੇਰੇ ਆਪਣੇ ਪਿੰਡ ਦੀ ਨਹੀਂ, ਸਗੋਂ ਇਹੋ ਜਿਹੇ ਕਿਸੇ ਵੀ ਪਿੰਡ ਦੀ ਹੋ ਸਕਦੀ ਹੈ, ਜਿਹੜਾ ਹਰ ਸਾਲ ਤਰੱਕੀ ਕਰਦੇ ਪਿੰਡਾਂ ਵਿੱਚ ਗਿਣਿਆ ਜਾਂਦਾ ਹੈ ਤੇ ਉਹ ਅਸਲੀ ਪਿੰਡ ਵੀ ਨਹੀਂ, ਭਾਰਤੀ ਹਕੀਕਤ ਦਾ ਪ੍ਰਤੀਕ ਕੋਈ ਵੀ ਪਿੰਡ ਲਿਆ ਜਾ ਸਕਦਾ ਹੈ। ਉਸ ਪਿੰਡ ਦਾ ਨਾਂਅ ਮੈਂ ਨਹੀਂ ਜਾਣਦਾ, ਕਿਉਂਕਿ ਉਹ ਇੱਕ ਪਿੰਡ ਨਹੀਂ, ਭਾਰਤ ਵਿੱਚ ਉਸ ਵਰਗੇ ਕਈ ਪਿੰਡਾਂ ਵਿੱਚੋਂ ਇੱਕ ਹੈ ਤੇ ਉਨ੍ਹਾਂ ਵਿੱਚੋਂ ਵੰਨਗੀ ਵਜੋਂਕੋਈ ਇੱਕ ਮੰਨ ਕੇ ਗੱਲ ਸਮਝੀ ਜਾ ਸਕਦੀ ਹੈ। ਵੀਹ ਸਾਲ ਪਹਿਲਾਂ ਉਸ ਪਿੰਡ ਦੇ ਲੋਕਾਂ ਦੀ ‘ਔਸਤ’ ਆਮਦਨ ਕੱਢਦੇ ਵਕਤ ਮਜ਼ਦੂਰਾਂ ਦੀ ਦਿਹਾੜੀ ਡੇਢ ਸੌ ਰੁਪਏ ਹੋਈਤਾਂ ਸਾਲ ਦੇ ਪੌਣੇ ਪਚਵੰਜਾ ਹਜ਼ਾਰ ਬਣਦੇ ਸਨ। ਪਿੰਡ ਦੇ ਚਾਲੀ ਮਜ਼ਦੂਰਾਂ ਦੇ ਮਿਲਾ ਕੇ ਬਾਈ ਲੱਖ ਦੇ ਨੇੜੇ ਪੁੱਜਦੇ ਸਨ। ਓਸੇਪਿੰਡ ਇੱਕ ਘਰ ਅੰਗਰੇਜ਼ਾਂ ਦਾ ਟੋਡੀ ਹੁੰਦਾ ਸੀ, ਕਾਂਗਰਸੀ ਰਾਜ ਵਿੱਚ ਉਨ੍ਹਾਂ ਨਾਲ ਅਤੇ ਪਿੱਛੋਂ ਵੀ ਹਰ ਸਰਕਾਰ ਨਾਲ ਰਿਹਾ ਹੋਣ ਕਰ ਕੇ ਤਰੱਕੀ ਦੀ ਹਰ ਸਕੀਮ ਵਿੱਚੋਂ ਉਸ ਦਾ ਗੱਫਾ ਨਿਕਲਦਾ ਆਇਆ ਸੀ। ਉਸ ਪਰਵਾਰ ਦੀ ਜ਼ਮੀਨ ਵੀਹ ਸਾਲ ਪਹਿਲਾਂ ਡੇਢ ਸੌ ਏਕੜ ਹੋਵੇਗੀ, ਅੱਜ ਢਾਈ ਸੌ ਏਕੜ ਬਣਦੀ ਹੈ। ਇਸ ਮਾਲਕੀ ਵਿੱਚ ਵਧਦੇ ਸੌ ਏਕੜ ਜ਼ਮੀਨ ਉਹ ਕਿਸੇ ਦੂਸਰੇ ਪਿੰਡੋਂ ਖਰੀਦ ਕੇ ਨਹੀਂ ਲਿਆਇਆ, ਕਿਉਂਕਿ ਲਿਆਂਦੀ ਨਹੀਂ ਜਾ ਸਕਦੀ, ਏਸੇ ਪਿੰਡ ਦੇ ਗਰੀਬ ਘਰਾਂ ਦੀ ਖਰੀਦ ਲਈ ਹੈ। ਅੱਜ ਜਦੋਂ ਅੰਕੜੇ ਜੋੜ ਕੇ ਔਸਤ ਕੱਢਣੀ ਹੈ, ਉਸ ਟੱਬਰ ਦੀ ਤਰੱਕੀ ਦਾ ਗਰੀਬ ਕਿਸਾਨਾਂ ਦੀ ਜ਼ਮੀਨ ਹੜੱਪ ਕੇ ਬਣਿਆ ਅੰਕੜਾ ਅਤੇ ਜ਼ਮੀਨ ਗੁਆ ਚੁੱਕੇ ਕਿਸਾਨਾਂ ਦਾ ਅੰਕੜਾ ਜੋੜ ਕੇ ਜਿੱਦਾਂ ਦੀ ਔਸਤ ਕੱਢੀ ਜਾਵੇਗੀ, ਉਹ ਸਮੁੱਚੇ ਪਿੰਡ ਦੀ ਵਧੇਗੀ, ਆਮ ਲੋਕਾਂ ਦੀ ਨਹੀਂ ਵਧਣੀ। ਆਪਣੇ ਮਿਲੀਭੁਗਤ ਵਾਲੇ ਫਾਰਮੂਲੇ ਵਰਤ ਕੇ ਉਹ ਬੰਦਾ ਸਰਕਾਰੀ ਸਕੀਮ ਹੇਠ ਪਿੰਡ ਦੇ ਛੱਪੜ ਦੀ ਸਫਾਈ ਕਰਨਦੇ ਬਹਾਨੇ ਉਸ ਦੀ ਮਿੱਟੀ ਪੁੱਟ ਕੇ ਸ਼ਹਿਰ ਵਿੱਚ ਵੇਚਦਾ ਤੇ ਮੋਟਾ ਮਾਲ ਕਮਾਉਂਦਾ ਰਿਹਾ। ਜਦੋਂ ਅੰਕੜੇ ਬਣੇ ਤਾਂ ਪਿੰਡ ਦੇ ਚਾਲਬਾਜ਼ ਬੰਦੇ ਦੀ ਆਮਦਨ ਅਤੇ ਉਸ ਦੀਆਂ ਚਾਲਾਂ ਦਾ ਸਿ਼ਕਾਰ ਹੋਏ ਪਿੰਡ ਵਾਲੇ ਬਾਕੀ ਲੋਕਾਂ ਦੀ ਆਮਦਨ ਇਕੱਠੀ ਜੋੜ ਲੈਣ ਪਿੱਛੋਂ ਕਿਹਾ ਜਾਵੇਗਾ ਕਿ ਇਸ ਪਿੰਡ ਦੀ ‘ਔਸਤ’ ਆਮਦਨ ਏਨੀ ਵਧੀ ਅਤੇ ਇਹ ਪਿੰਡ ਐਨੀ ਤਰੱਕੀ ਕਰ ਗਿਆ ਹੈ। ਅਸਲ ਵਿੱਚ ਪਿੰਡ ਤਰੱਕੀ ਨਹੀਂ ਕਰ ਸਕਿਆ, ਪਿੰਡ ਦਾ ਇੱਕੋ ਘਰ ਕਰਦਾ ਰਿਹਾ ਹੈ। ਉਹ ਬੰਦਾ ਇਹ ਦੱਸ ਕੇ ਖੁਸ਼ ਹੁੰਦਾ ਹੈ ਕਿ ਪਿੰਡ ਦੀ ਫਿਰਨੀ ਤੋਂ ਇਸ ਦੇ ਸੱਜੇ-ਖੱਬੇ ਦੇ ਪਿੰਡਾਂ ਤੱਕ ਸੜਕ ਨਾਲ ਦੀ ਸਾਰੀ ਜ਼ਮੀਨ ਉਸੇ ਦੀ ਹੈ, ਆਈ ਕਿੱਥੋਂ, ਪਿੰਡ ਵਾਲੇ ਜਾਣਦੇ ਹਨ।
ਇਹ ਵੀ ਨਹੀਂ ਸਮਝਣਾ ਚਾਹੀਦਾ ਕਿ ਦੇਸ਼ ਵਿੱਚ ਅਡਾਨੀਆਂ-ਅੰਬਾਨੀਆਂ ਜਾਂ ਰਾਜਨੀਤੀ ਨੂੰ ਕਾਰੋਬਾਰ ਬਣਾਉਣ ਵਾਲੇ ਬੇਈਮਾਨਾਂ ਦੀ ਤਰੱਕੀ ਨੂੰ ਹੀ ਦੇਸ਼ ਦੀ ਤਰੱਕੀ ਕਿਹਾ ਜਾਂਦਾ ਹੈ, ਇਨ੍ਹਾਂ ਤੋਂ ਬਾਹਰ ਧਰਮ ਦੇ ਚੋਲਿਆਂ ਤੇ ਏਦਾਂ ਦੇ ਹੋਰ ਪਰਦਿਆਂ ਵਾਲੇ ਵੀ ਬਹੁਤ ਸਾਰੇ ਲੋਕ ਇਸ ਦੇਸ਼ ਦੀ ‘ਤਰੱਕੀ’ ਦਾ ਨਮੂਨਾ ਬਣੇ ਮਿਲ ਜਾਂਦੇ ਹਨ। ਇਸ ਦੀ ਸਭ ਤੋਂ ਉੱਘੀ ਤੇ ਸ਼ਾਇਦ ਸਭ ਤੋਂ ਭੱਦੀਆਂ ਮਿਸਾਲਾਂ ਵਿੱਚੋਂ ਇੱਕ ਮਿਸਾਲ ਯੋਗੀਰਾਮਦੇਵ ਦੀ ਕਹੀ ਜਾ ਸਕਦੀ ਹੈ। ਭਾਰਤ ਦੇਸ਼ ਵਿੱਚ ਆਦਿ ਕਾਲ ਤੋਂ ਰਿਸ਼ੀਆਂ, ਯੋਗੀਆਂ ਅਤੇ ਸੰਨਿਆਸੀਆਂ ਦਾ ਜਿਹੜਾ ਸਨਮਾਨ ਬਣਿਆ ਪਿਆ ਸੀ, ਉਸ ਅਕਸ ਦੀ ਦੁਰਵਰਤੋਂ ਕਰ ਕੇ ਉਸ ਨੇ ਆਯੁਰਵੈਦ ਦੇ ਨਾਂਅ ਉੱਤੇ ਕਾਰੋਬਾਰ ਵਿੱਚ ਹਰ ਚੁਸਤ ਦਾਅ ਵਰਤਿਆ ਅਤੇ ਰਾਜਨੀਤੀ ਦੇ ਸਾਰੇ ਧਨੰਤਰਾਂ ਨੂੰ ਵੀ ਮੌਕੇ ਮੁਤਾਬਕ ਵਰਤ ਲੈਂਦਾ ਰਿਹਾ। ਮੁੱਢਲੇ ਦਿਨੀਂ ਕਾਂਗਰਸ ਦੇ ਆਗੂਆਂ ਨਾਲ ਨੇੜਤਾ ਦਾ ਲਾਭ ਲਿਆ, ਫਿਰ ਲਾਲੂ ਪ੍ਰਸਾਦ ਵਰਗਿਆਂ ਨੂੰ ਵਰਤਿਆ ਅਤੇ ਸਭ ਤੋਂ ਵੱਧ ਲਾਭ ਭਾਰਤ ਦੀ ਕਮਾਨ ਅੱਜਕੱਲ੍ਹ ਸਾਂਭਣ ਵਾਲੀ ਧਿਰ ਦੀ ਨੇੜਤਾ ਤੋਂ ਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਕੋਵਿਡ ਦੀ ਬਿਮਾਰੀ ਸਮੇਂ ਉਸ ਨੇ ਤਿੰਨ ਮੰਤਰੀਆਂ ਦੀ ਹਾਜ਼ਰੀ ਵਿੱਚ ਅਸਲੋਂ ਝੂਠਾ ਐਲਾਨ ਕਰ ਕੇ, ਕਿਇਸ ਬਿਮਾਰੀ ਦੀ ਦਵਾਈ ਬਣਾ ਲਈ ਹੈ, ਰਾਤੋ-ਰਾਤ ਸਾਰੇ ਦੇਸ਼ ਵਿੱਚ ਦਵਾਈ ਪੁਚਾਈਅਤੇ ਵੇਚ ਕੇ ਕਰੋੜਾਂ ਰੁਪਏ ਦੀ ਕਮਾਈ ਕਰ ਲਈ। ਪਿੱਛੋਂ ਪੈਰਾਂ ਉੱਤੇ ਪਾਣੀ ਨਹੀਂ ਪੈਣ ਦਿੱਤਾ ਅਤੇ ਸਾਫ ਕਹੀ ਗਿਆ ਕਿ ਏਦਾਂ ਦਾ ਐਲਾਨ ਹੀ ਨਹੀਂ ਕੀਤਾ। ਦਿੱਲੀ ਦੇ ਡਾਕਟਰਾਂ ਦੀ ਐਸੋਸੀਏਸ਼ਨ ਦੋਸ਼ ਲਾਉਂਦੀ ਹੈ ਕਿ ਇਸੇ ਦਵਾਈ ਦੀ ਵਿਕਰੀ ਤੋਂ ਰਾਮਦੇਵ ਦੀ ਕੰਪਨੀ ਨੇ ਇੱਕ ਹਜ਼ਾਰ ਕਰੋੜ ਦੀ ਕਮਾਈ ਕਰ ਲਈ ਹੈ। ਦੇਸ਼ ਦੇ ਲੋਕ ਪੁੱਛਦੇ ਰਹੇ ਕਿ ਸਾਧ ਨੇ ਤਾਂ ਝੂਠ ਬੋਲਿਆ ਤੇ ਮੁੱਕਰ ਗਿਆ,ਇਹ ਐਲਾਨ ਕਰਨ ਵੇਲੇਜਿਹੜੇ ਤਿੰਨ ਮੰਤਰੀ ਉਸ ਦਿਨ ਉਸ ਨਾਲ ਖੜੇ ਸਨ, ਉਨ੍ਹਾਂ ਵਿੱਚ ਇਸ ਦੇਸ਼ ਦਾ ਸਿਹਤ ਮੰਤਰੀ ਵੀ ਸੀ, ਉਹ ਉਸ ਦਿਨ ਹੋਏ ਐਲਾਨ ਬਾਰੇ ਸੱਚ ਦੱਸਣ, ਪਰ ਉਨ੍ਹਾਂ ਨੇ ਅੱਜ ਤੱਕ ਚੁੱਪ ਨਹੀਂ ਤੋੜੀ ਅਤੇ ਯੋਗੀ ਦਾ ਕਾਰੋਬਾਰ ਚੱਲੀ ਜਾਂਦਾ ਹੈ। ਇਹੀ ਨਹੀਂ, ਭਾਰਤ ਦੀ ਇਸ ਵੇਲੇ ਕਮਾਨ ਸਾਂਭਣ ਵਾਲੀ ਧਿਰ ਨੇ ਰਾਮਦੇਵ ਨੂੰ ਕਿੰਨੇ ਰਾਜਾਂ ਵਿੱਚ ਕਿੰਨੇ ਪਲਾਟ ਅਲਾਟ ਕੀਤੇ ਤੇ ਕਿੰਨੀਆਂ ਹੋਰ ਸਕੀਮਾਂ ਦਾ ਨਾਜਾਇਜ਼ ਲਾਭ ਉਸ ਨੂੰ ਦਿੱਤਾ ਗਿਆ, ਇਸ ਬਾਰੇ ਵੀ ਸਾਰਾ ਸੱਚ ਆਮ ਲੋਕਾਂ ਸਾਹਮਣੇ ਕਦੇ ਨਹੀਂ ਆ ਸਕਿਆ।
ਮਿਸਾਲ ਵਜੋਂ ਪਟਿਆਲੇ ਦੇ ਰਾਜ ਘਰਾਣੇ ਨੇ ਹਿਮਾਚਲ ਪ੍ਰਦੇਸ਼ ਵਿੱਚ ਆਪਣੀ ਕੁਝ ਜਾਇਦਾਦ ਓਥੋਂ ਦੀ ਸਰਕਾਰ ਨੂੰ ਬੱਚਿਆਂ ਦਾ ਕੋਈ ਪ੍ਰਾਜੈਕਟ ਬਣਾਉਣ ਲਈ ਦਿੱਤੀ ਸੀ। ਸਮਾਂ ਪਾ ਕੇ ਉਹ ਸਾਢੇ ਛਿਆਨਵੇ ਵਿਘੇ ਜ਼ਮੀਨ ਰਾਮਦੇਵ ਦੀ ਕੰਪਨੀ ਨੂੰ ਸਿਰਫ ਸਤਾਰਾਂ ਲੱਖ ਰੁਪਏ ਲੈ ਕੇ ਅਗਲੇ ਨੜਿੰਨਵੇਂ ਸਾਲਾਂ ਲਈ ਸਿਰਫ ਇੱਕ ਰੁਪਏ ਸਾਲਾਨਾ ਟੋਕਨ ਫੀਸ ਦੇ ਨਾਲ ਦੇ ਦਿੱਤੀ ਗਈ। ਇਸ ਦਾ ਰੌਲਾ ਪੈ ਗਿਆ। ਪਟਿਆਲਾ ਰਾਜ ਘਰਾਣੇ ਨੇ ਵੀ ਇਸ ਦਾ ਇਤਰਾਜ਼ ਕਰਨ ਦਾਯਤਨ ਕੀਤਾ ਤਾਂ ਇਹ ਕਹਿ ਦਿੱਤਾ ਗਿਆ ਕਿ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਦਿੱਤੀ ਸੀ, ਜ਼ਮੀਨ ਦੀ ਵਰਤੋਂ ਉਸ ਰਾਜ ਦੀ ਸਰਕਾਰ ਨੇ ਕਿੱਦਾਂ ਕਰਨੀ ਜਾਂ ਕਿਸ ਨੂੰ ਦੇਣੀ ਹੈ, ਇਹ ਉਸ ਦਾ ਅਧਿਕਾਰ ਹੈ ਤੇ ਉਸ ਨੇ ਇਹ ਅਧਿਕਾਰ ਵਰਤ ਕੇ ਗਲਤ ਨਹੀਂ ਕੀਤਾ। ਇਹ ਇੱਕ ਮਿਸਾਲ ਹੈ, ਪਰ ਸਿਰਫ ਇੱਕੋ-ਇੱਕ ਮਿਸਾਲ ਨਹੀਂ, ਰਾਮਦੇਵ ਦੀ ਕੰਪਨੀ ਨੂੰ ਮਿਲੀਆਂ ਛੋਟਾਂ ਦੀ ਗਿਣਤੀ ਬਹੁਤ ਵੱਡੀ ਹੈ। ਪਿਛਲੇ ਹਫਤੇ ਅਦਾਲਤ ਦਾ ਇੱਕ ਫੈਸਲਾ ਇਹ ਵੀ ਆ ਗਿਆ ਕਿ ਰਾਮਦੇਵ ਦੀ ਟੀਮ ਜਿਹੜੇ ਯੋਗ ਕੈਂਪ ਲਾਉਂਦੀ ਰਹੀ ਅਤੇ ਉਨ੍ਹਾਂ ਵਿੱਚ ਮੋਟੀਆਂ ਫੀਸਾਂ ਕਮਾਉਣ ਦਾ ਇੱਕ ਤਰ੍ਹਾਂ ਦਾ ਕਾਰੋਬਾਰ ਹੁੰਦਾ ਰਿਹਾ ਸੀ, ਉਨ੍ਹਾਂ ਦੀ ਕਮਾਈ ਉੱਤੇ ਬਣਦਾ ਕਰੋੜਾਂ ਰੁਪਏ ਟੈਕਸ ਵੀ ਦਿੱਤਾ ਨਹੀਂ ਸੀ, ਉਹ ਉਸ ਨੂੰਭਰਨਾ ਪਵੇਗਾ।
ਘਪਲੇ ਇੰਦਰਾ ਗਾਂਧੀ ਦੇ ਰਾਜ ਵਿੱਚ ਵੀ ਬਹੁਤ ਹੁੰਦੇ ਸੁਣੇ ਜਾਂਦੇ ਸਨ, ਸ਼ਾਇਦ ਪੰਡਿਤ ਜਵਾਹਰ ਲਾਲ ਨਹਿਰੂ ਦੇ ਜ਼ਮਾਨੇ ਵਿੱਚ ਵੀ ਹੋਏ ਹੋਣਗੇ, ਰਾਜੀਵ ਗਾਂਧੀ ਅਤੇ ਨਰਸਿਮਹਾ ਰਾਉ ਦੇ ਰਾਜ ਵਿੱਚ ਘਪਲਿਆਂ ਦੀ ਲੜੀ ਬੱਝ ਗਈ ਅਤੇ ਮਨਮੋਹਨ ਸਿੰਘ ਦੇ ਰਾਜ ਵਿੱਚ ਕਸਰ ਹੀ ਕੋਈ ਨਹੀਂ ਸੀ ਰਹਿ ਗਈ। ਇਹ ਗੱਲ ਸਾਰੇ ਦੇਸ਼ ਤੇ ਦੁਨੀਆ ਦੇ ਲੋਕ ਜਾਣਦੇ ਹਨ, ਪਰ ਲੋਕਾਂ ਮੂਹਰੇ ਇਹ ਭੇਦਖੋਲ੍ਹਣ ਵਾਲਿਆਂ ਦੇ ਆਪਣੇ ਰਾਜ ਵਿੱਚ ਕੀ ਹੋਇਆ, ਦੁਨੀਆ ਅਤੇ ਦੇਸ਼ ਦੇ ਲੋਕਾਂ ਨੂੰ ਜਾਂ ਪਤਾ ਨਹੀਂ ਜਾਂ ਫਿਰ ਯਾਦ ਨਹੀਂ ਰਿਹਾ। ਨਰਸਿਮਹਾ ਰਾਓ ਦੇ ਰਾਜ ਵਿੱਚ ਮਹਾਰਾਸ਼ਟਰ ਵਿੱਚ ਇੱਕ ਬਿਜਲੀ ਪ੍ਰਾਜੈਕਟ ਲਾਉਣ ਵਾਸਤੇ ਅਮਰੀਕਾ ਦੀ ਐਨਰਾਨ ਕੰਪਨੀ ਆਉਣੀ ਸੀ ਤਾਂ ਓਥੇ ਭਾਜਪਾ ਤੇ ਸਿ਼ਵ ਸੈਨਾ ਦੇ ਆਗੂਆਂ ਨੇ ਦੁਹਾਈ ਪਾ ਦਿੱਤੀ ਕਿ ਇਹ ਪ੍ਰਾਜੈਕਟ ਪਾਸ ਕਰਾਉਣ ਲਈ ਨਰਸਿਮਹਾ ਰਾਓ ਦੇ ਬੰਦਿਆਂ ਦਾ ਉਸ ਕੰਪਨੀ ਦਾ ਪੰਜਾਹ ਹਜ਼ਾਰ ਕਰੋੜ ਰੁਪਏ ਦੀ ਰਿਸ਼ਵਤ ਦਾ ਸੌਦਾ ਹੋਇਆ ਹੈ। ਰੌਲਾ ਬਹੁਤਾ ਵਧ ਗਿਆ ਤਾਂ ਨਰਸਿਮਹਾ ਸਰਕਾਰ ਨੇ ਪ੍ਰਾਜੈਕਟ ਦੀ ਮਨਜ਼ੂਰੀ ਰੋਕ ਲਈ। ਫਿਰਉਹ ਚੋਣਾਂ ਵਿੱਚ ਹਾਰ ਗਏ ਅਤੇ ਸਭ ਤੋਂ ਵੱਡੀ ਪਾਰਟੀ ਵਜੋਂ ਭਾਰਤੀ ਜਨਤਾ ਪਾਰਟੀ ਮੂਹਰੇ ਆ ਗਈ, ਪਰ ਉਸ ਕੋਲ ਲੋਕ ਸਭਾ ਵਿੱਚ ਬਹੁ-ਗਿਣਤੀ ਨਹੀਂ ਸੀ। ਸਭ ਤੋਂ ਵੱਡੀ ਪਾਰਟੀ ਵਜੋਂ ਆਪਣੇ ਹੱਕ ਦਾ ਦਾਅਵਾ ਜਤਾ ਕੇ ਉਹ ਅੱਗੇ ਆਈ ਅਤੇ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਸਰਕਾਰ ਬਣਾਲਈ, ਜਿਹੜੀ ਸਿਰਫ ਤੇਰਾਂ ਦਿਨ ਚੱਲੀ ਅਤੇ ਭਰੋਸੇ ਦਾ ਵੋਟ ਨਾ ਜਿੱਤ ਸਕਣ ਕਾਰਨ ਉਸ ਦਾ ਭੋਗ ਪੈ ਗਿਆ ਸੀ। ਸਿਧਾਂਤਕ ਤੌਰ ਉੱਤੇ ਉਸ ਵੇਲੇ ਵਕਤੀ ਪ੍ਰਬੰਧ ਹੇਠ ਬਣੀ ਸਰਕਾਰ ਨੂੰ ਨੀਤੀਆਂ ਬਾਰੇ ਫੈਸਲੇ ਲੈਣ ਦਾ ਹੱਕ ਨਹੀਂ ਸੀ, ਪਰ ਉਸ ਸਰਕਾਰ ਨੇ ਆਪਣੇ ਤੇਰਾਂ ਦਿਨਾਂ ਵਿੱਚ ਉਸੇ ਐਨਰਾਨ ਪ੍ਰਜੈਕਟ ਦੀ ਪ੍ਰਵਾਨਗੀ ਦੇ ਦਿੱਤੀ, ਜਿਸ ਦੇ ਖਿਲਾਫ ਭਾਜਪਾ ਅਤੇ ਸਿ਼ਵ ਸੈਨਾ ਵਾਲੇ ਆਗੂ ਲਗਾਤਾਰ ਪੰਜਾਹ ਹਜ਼ਾਰ ਕਰੋੜ ਰੁਪਏ ਦੀ ਰਿਸ਼ਵਤਖੋਰੀ ਦਾ ਦੋਸ਼ ਲਾਉਂਦੇ ਰਹੇ ਸਨ। ਓਦੋਂ ਇਹ ਸਵਾਲ ਪੁੱਛਿਆ ਗਿਆ ਕਿ ਇਸੇ ਪ੍ਰਵਾਨਗੀ ਲਈ ਜੇ ਐਨਰਾਨ ਕੰਪਨੀ ਪਹਿਲਾਂ ਕਾਂਗਰਸੀ ਸਰਕਾਰ ਨੂੰ ਪੰਜਾਹ ਹਜ਼ਾਰ ਕਰੋੜ ਰੁਪਏ ਦੇਣ ਨੂੰ ਤਿਆਰ ਸੀ ਤਾਂ ਭਰੋਸੇ ਦੇ ਵੋਟ ਬਾਰੇ ਬੇਯਕੀਨੀ ਵਿੱਚ ਉਲਝੀ ਹੋਈ ਭਾਜਪਾ ਦੀ ਅਗਵਾਈ ਹੇਠ ਬਣੀ ਕੱਚੀ ਸਰਕਾਰ ਦੇ ਮੋਹਰੀਆਂ ਨੂੰ ਕਿੰਨਾ ਗੱਫਾ ਮਿਲਿਆ ਹੈ! ਜਦੋਂ ਵਾਜਪਾਈ ਸਰਕਾਰ ਨਾ ਰਹੀ, ਐਨਰਾਨ ਕੰਪਨੀ ਨੂੰ ਭਾਰਤ ਵਿੱਚ ਕੁਝ ਹੋਇਆ ਜਾਂ ਨਹੀਂ, ਇਹ ਸਵਾਲ ਬੇਲੋੜਾ ਬਣ ਜਾਂਦਾ ਹੈ ਤੇ ਓਦੋਂ ਵੱਡੀ ਹਕੀਕਤ ਇਹਹੈ ਕਿ ਉਸ ਕੰਪਨੀ ਦਾ ਭਾਂਡਾ ਉਸ ਦੇ ਆਪਣੇ ਦੇਸ਼ ਅਮਰੀਕਾ ਵਿੱਚ ਹੀ ਭੱਜ ਗਿਆ। ਉਸ ਦੇ ਬਾਅਦ ਉਸ ਕੰਪਨੀ ਤੇ ਉਸ ਕੰਪਨੀ ਨੂੰ ਚਲਾਉਣ ਵਾਲਿਆਂ ਨਾਲ ਓਥੇਕੀ ਭਾਣਾ ਵਾਪਰਦਾ ਰਿਹਾ ਸੀ, ਇਹ ਇੱਕ ਵੱਖਰਾ ਵਿਸ਼ਾ ਹੋ ਸਕਦਾ ਹੈ।
ਏਦਾਂ ਦੇ ਹਾਲਾਤ ਵਿੱਚ ਜਦੋਂ ਭਾਰਤ ਦੀ ਤਰੱਕੀ ਦੀ ਗੱਲ ਸੁਣਨ ਨੂੰ ਮਿਲਦੀ ਹੈ ਤਾਂ ਤਰੱਕੀ ਦੇ ਦਿਲੋਂ ਚਾਹਵਾਨ ਹੋਣ ਦੇ ਬਾਵਜੂਦ ਬਹੁਤ ਸਾਰੇ ਭਾਰਤੀਆਂ ਦੇ ਮਨ ਵਿੱਚ ਕਈ ਸ਼ੰਕੇ ਖੜੇ ਹੋ ਜਾਂਦੇ ਹਨ। ਸ਼ੰਕੇ ਸੁਭਾਵਕ ਵੀ ਹਨ ਤੇ ਕਿਸੇ ਵਕਤ ਅਜੋਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਜੋਕਾ ਅਹੁਦਾ ਸੰਭਾਲਣ ਤੋਂ ਪਹਿਲਾਂ ਏਦਾਂ ਦੇ ਸ਼ੰਕੇ ਉਠਾਏ ਸਨ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਦੀ ਇਸ਼ਤਿਹਾਰਬਾਜ਼ੀ ਦੀ ਹਰ ਕਿਸ਼ਤ ਵਿੱਚ ਲੋਕ ਕਹਿੰਦੇ ਸਨ ਕਿ ‘ਭਾਰਤ ਕੀ ਤਰੱਕੀ ਮੇਂ ਹੱਕ ਹੈ ਮੇਰਾ’ ਅਤੇ ਪ੍ਰਧਾਨ ਮੰਤਰੀ ਬਣਨ ਵਾਸਤੇ ਮੁਹਿੰਮ ਚਲਾ ਰਹੇ ਨਰਿੰਦਰ ਮੋਦੀ ਨੇ ਇਸ ਨਾਅਰੇ ਦੀ ਥਾਂ ਨਵਾਂ ਨਾਅਰਾ ‘ਭਾਰਤ ਕੀ ਤਰੱਕੀ ਮੇਂ ਸ਼ੱਕ ਹੈ ਮੇਰਾ’ ਪਰੋਸ ਦਿੱਤਾ ਸੀ। ਉਹ ਉਸ ਦਾ ਲੋਕਤੰਤਰੀ ਹੱਕ ਸੀ ਕਿ ਏਦਾਂ ਦਾ ਨਾਅਰਾ ਦੇਵੇ ਤੇ ਅੱਜ ਉਹੋ ਲੋਕੰਤਤਰੀ ਹੱਕ ਵਰਤ ਕੇ ਕੋਈ ਹੋਰ ਵੀ ਇਹ ਕਹਿ ਸਕਦਾ ਹੈ ਕਿ ‘ਦੇਸ਼ ਦੀ ਤਰੱਕੀ ਦੇ ਅੰਕੜਿਆਂ ਵਿੱਚ ਸ਼ੱਕ ਹੈ ਮੇਰਾ’। ਭਾਰਤ ਦੇ ਆਮ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਕਿਸੇ ਛੋਟੇ ਸ਼ਹਿਰ ਦੇ ਕਿਸੇ ਖੂੰਜੇ ਵਿੱਚ ਬੈਠ ਕੇ ਜੁੱਤੀਆਂ ਪਾਲਸ਼ ਕਰਦੇ ਗਰੀਬ ਤੇ ਫਾਜਿ਼ਲਕਾ ਲਾਗੇ ਭਾਰਤ-ਪਾਕਿ ਸਰਹੱਦ ਨੇੜਲੀ ਕਾਲੋਨੀ ਵਿੱਚ ਵੱਸਦੇ ਅਤੇ ਦੋ ਡੰਗ ਦੀ ਰੋਟੀ ਨੂੰ ਤਰਸਦੇ ਬੰਦੇ ਦੀ ‘ਆਮਦਨ’ ਅਤੇ ਸਰਕਾਰਾਂ ਦੀ ਮਿਹਰ ਸਦਕਾ ਲਗਾਤਾਰ ਤਰੱਕੀਆਂ ਕਰਦੇ ਗੌਤਮ ਅਡਾਨੀ ਵਰਗਿਆਂ ਦੀ ਉਡਾਣ ਜੋੜ ਕੇ ਅੰਕੜੇ ਕੱਢਣ ਤੋਂ ਦੇਸ਼ ਤਰੱਕੀ ਕਰਦਾ ਨਜ਼ਰ ਪਵੇਗਾ, ਪਰ ਅਸਲ ਵਿੱਚ ਇਹ ਅਡਾਨੀਆਂ ਦੀ ਤਰੱਕੀ ਹੈ, ਦੇਸ਼ ਦੀ ਨਹੀਂ ਬਣਦੀ। ਦੇਸ਼ ਨੂੰ ਚੰਬੜੀਆਂ ਜੋਕਾਂ ਦੀ ਤਰੱਕੀ ਦੇ ਅੰਕੜਿਆਂ ਨਾਲ ਆਮ ਲੋਕਾਂ ਦੀ ‘ਆਮਦਨ’ ਜੋੜਨ ਪਿੱਛੋਂ ਏਦਾਂ ਦੀ ‘ਔਸਤ’ ਵਿਖਾ ਕੇ ਮਜ਼ਾਕ ਕੀਤਾ ਜਾਂਦਾ ਹੈ। ਭਾਰਤ ਦੀ ਤਰੱਕੀ ਦੇ ਇਨ੍ਹਾਂ ਅੰਕੜਿਆਂ ਨਾਲ ਸਰਕਾਰਾਂ ਆਪਣਾ ਅਕਸ ਪੇਸ਼ ਕਰ ਲੈਂਦੀਆਂ ਹਨ, ਸਰਕਾਰਾਂ ਚਲਾਉਣ ਵਾਲੇ ਆਪਣੀ ਪਿੱਠ ਠੋਕਣ ਦਾ ‘ਆਪੇ ਮੈਂ ਰੱਜੀ-ਪੁੱਜੀ, ਆਪੇ ਮੇਰੇ ਬੱਚੇ ਜੀਣ’ ਦਾ ਯਤਨ ਕਰ ਸਕਦੇ ਹਨ, ਦੇਸ਼ ਦੇ ਉਨ੍ਹਾਂ ਲੋਕਾਂ ਦਾ ਕੋਈ ਭਲਾ ਨਹੀਂ ਹੁੰਦਾ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਹ ਕਿਸੇ ਸਰਕਾਰੀ ਅੰਕੜੇ ਵਿੱਚ ਗਿਣੇ ਜਾਂਦੇ ਹਨ। ਜਿਨ੍ਹਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਉਹ ਲੇਖੇ ਵਿੱਚ ਹਨ ਕਿ ਨਹੀਂ, ਉਨ੍ਹਾਂ ਦੀ ਵੱਡੀ ਗਿਣਤੀ ਨੇ ਵੋਟਾਂ ਪਾਉਣੀਆਂ ਨਹੀਂ, ਉਨ੍ਹਾਂ ਨੂੰ ਵਰਗਲਾ ਕੇ, ਭਰਮਾ ਕੇ ਜਾਂ ਪਤਿਆ ਕੇ ਭੁਗਤਾ ਲਈਆਂਜਾਣਗੀਆਂ। ਫਿਰ ਪੰਜ ਸਾਲ ਇਹ ਯਤਨ ਕੀਤਾ ਜਾਵੇਗਾ ਕਿ ਆਮ ਲੋਕ ਭੀੜ ਬਣਾ ਕੇ ਰੱਖੇ ਜਾਣ ਤੇ ਨਾਗਰਿਕ ਹੋਣ ਦੀ ਸਮਝ ਉਨ੍ਹਾਂ ਨੂੰ ਨਾ ਲੱਗਣ ਦਿੱਤੀ ਜਾਵੇ, ਤਾਂ ਕਿ ਭੀੜਤੰਤਰ ਦੀ ਰਿਵਾਇਤ ਚੱਲਦੀ ਰਹੇ ਤੇ ਆਮ ਲੋਕਾਂ ਦੀ ‘ਆਮਦਨ’ ਗਿਣ ਕੇ ‘ਔਸਤ’ ਪਰੋਸੀ ਜਾਂਦੀ ਰਹੇ। ਇਹ ਵੀ ਹੁੰਦਾ ਹੈ ਲੋਕਤੰਤਰ ਵਿੱਚ!

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ ਪੱਕੇ ਰਾਹਾਂ ਦਾ ਸਫ਼ਰ ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’