Welcome to Canadian Punjabi Post
Follow us on

21

January 2025
 
ਨਜਰਰੀਆ

ਪ੍ਰੋ. ਕੁਲਬੀਰ ਸਿੰਘ ਦੇ ਟੋਰਾਂਟੋ ਆਉਣ `ਤੇ -- ਮੀਡੀਆ ਅਤੇ ਖੇਡਾਂ ਤੇ ਖਿਡਾਰੀ: ਪ੍ਰੋ. ਕੁਲਬੀਰ ਸਿੰਘ

October 10, 2024 11:32 AM
ਫੋਟੋ ਜਸਵੰਤ ਸਿੰਘ ਕੰਵਲ ਦੇ ਢੁੱਡੀਕੇ ਵਾਲੇ ਬਾਹਰਲੇ ਘਰ, 1983 ਦੀ ਹੈ

ਪ੍ਰਿੰ. ਸਰਵਣ ਸਿੰਘ

ਪ੍ਰੋ. ਕੁਲਬੀਰ ਸਿੰਘ ਪੰਜਾਬੀ ਮੀਡੀਏ ਦਾ ਜਾਣਿਆ ਪਛਾਣਿਆਂ ਨਾਂ ਹੈ। ਚਾਲੀ ਕੁ ਸਾਲ ਪਹਿਲਾਂ ਜਦੋਂ ਉਹ ਢੁੱਡੀਕੇ ਕਾਲਜ ਵਿਚ ਪੜ੍ਹਾਉਣ ਲੱਗਾ ਤਾਂ ਬੇਪਛਾਣ ਸੀ। ਪਰ ਸਮਾਂ ਪਾ ਕੇ ਉਸ ਦੀ ਮੀਡੀਆ ਸ਼ਖ਼ਸੀਅਤ ਪੰਜਾਬ ਤੇ ਭਾਰਤ ਤੋਂ ਬਾਹਰ, ਸਿੰਗਾਪੁਰ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ ਤੇ ਕੈਨੇਡਾ ਤਕ ਪਛਾਣੀ ਜਾਣ ਲੱਗੀ ਹੈ। ਉਸ ਨੂੰ ਪੰਜਾਬ ਰਤਨ ਅਵਾਰਡ, ਸ਼੍ਰੋਮਣੀ ਪੱਤਰਕਾਰ ਅਵਾਰਡ, ਪੰਜਾਬੀ ਮੀਡੀਆ ਦਾ ਮਾਣ ਅਵਾਰਡ ਅਤੇ ਐਕਸੇਲੈਂਸ ਅਵਾਰਡ ਫਾਰ ਪ੍ਰਮੋਟਿੰਗ ਪੰਜਾਬੀ ਮੀਡੀਆ ਆਦਿ ਦਰਜਨ ਤੋਂ ਵੱਧ ਮਾਨ ਸਨਮਾਨ ਮਿਲ ਚੁੱਕੇ ਹਨ। ਉਸ ਦਾ ਕਾਲਮ ‘ਟੈਲੀਵੀਜ਼ਨ ਸਮੀਖਿਆ’ ਤੀਹ ਸਾਲਾਂ ਤੋਂ ਲਗਾਤਾਰ ਛਪ ਰਿਹੈ। ਪਹਿਲਾਂ ‘ਪਰਵਾਸੀ ਪੰਜਾਬੀ ਮੀਡੀਆ’ ਕਾਲਮ ਛਪਦਾ ਰਿਹਾ। ਉਸ ਦੀਆਂ ਬਿਜਲਈ ਮੀਡੀਏ ਸੰਬੰਧੀ ਪੰਜ ਪੁਸਤਕਾਂ, ਦੂਰਦਰਸ਼ਨ ਜਲੰਧਰ: ਇਤਿਹਾਸ ਤੇ ਵਿਕਾਸ, ਹੁਣ ਪ੍ਰਸਾਰਨ ਜਲੰਧਰ ਤੋਂ, ਪਰਵਾਸੀ ਪੰਜਾਬੀ ਮੀਡੀਆ ਭਾਗ ਪਹਿਲਾ, ਪਰਵਾਸੀ ਪੰਜਾਬੀ ਮੀਡੀਆ ਭਾਗ ਦੂਜਾ, ਪਹਿਲੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਤੇ ਸਫ਼ਰਨਾਮਾ ਆਸਟ੍ਰੇਲੀਆ ਵਿਚ ਵੀਹ ਦਿਨ, ਪ੍ਰਕਾਸਿ਼ਤ ਹੋਈਆਂ ਹਨ। ਇੰਗਲੈਂਡ-ਸਕਾਟਲੈਂਡ ਦਾ ਸਫ਼ਰਨਾਮਾ ਛਪਾਈ ਅਧੀਨ ਹੈ।
ਉਸ ਦਾ ਜਨਮ 15 ਜਨਵਰੀ 1957 ਨੂੰ ਪਿੰਡ ਛੱਜਲਵੱਡੀ ਜਿ਼ਲ੍ਹਾ ਅੰਮ੍ਰਿਤਸਰ ਵਿਚ ਹੈਡਮਾਸਟਰ ਚਾਨਣ ਸਿੰਘ ਦੇ ਘਰ ਹੋਇਆ। ਮੈਂ ਉਸ ਨੂੰ 1980ਵਿਆਂ ਤੋਂ ਜਾਣਦਾਂ ਜਦੋਂ ਉਹ ਢੁੱਡੀਕੇ ਕਾਲਜ ਵਿਚ ਮੇਰੇ ਨਾਲ ਪੰਜਾਬੀ ਪੜ੍ਹਾਉਣ ਲੱਗਾ। ਉਦੋਂ ਉਹ ਛਾਂਟਵੇਂ ਜੁੱਸੇ ਦਾ ਸੋਹਣਾ ਸੁਨੱਖਾ ਨੌਜੁਆਨ ਸੀ ਜੋ ਬੈਡਮਿੰਟਨ `ਚ ਮੈਨੂੰ ਹਰਾ ਦਿੰਦਾ। ਜਿੱਦਣ ਖੇਡਣ ਵਾਲੇ ਚਾਰ ਜਣੇ ਜੁੜ ਜਾਂਦੇ ਉੱਦਣ ਹਰੇਕ ਉਸ ਨੂੰ ਆਪਣੀ ਟੀਮ ਵਿਚ ਪਾਉਣ ਦੀ ਮੰਗ ਕਰਦਾ। `ਕੱਠੇ ਖਾਣ ਪੀਣ, ਸਿਹਤ ਬਣਾਉਣ ਤੇ ਖੇਡਣ ਮੱਲ੍ਹਣ ਦੀ ਚੇਟਕ ਉਸ ਨੂੰ ਢੁੱਡੀਕੇ ਦੇ ਮਾਹੌਲ ਨੇ ਲਾਈ ਜੋ ਉਸ ਨੇ ਨਾ ਅਬੋਹਰ-ਮੁਕਤਸਰ ਜਾ ਕੇ ਛੱਡੀ ਤੇ ਨਾ ਜਲੰਧਰ ਰਹਿੰਦਿਆਂ ਛੱਡ ਹੋਈ। ਲਾਜਪਤ ਰਾਏ ਖੇਡ ਮੇਲੇ ਢੁੱਡੀਕੇ ਦੇ ਨਜ਼ਾਰੇ ਤਾਂ ਉਸ ਨੂੰ ਹੁਣ ਤਕ ਵੀ ਨਹੀਂ ਭੁੱਲੇ ਹੋਣਗੇ। ਜੇ ਉਹ 67 ਸਾਲਾਂ ਦਾ ਅਜੇ ਵੀ ਜੁਆਨ ਦਿਸ ਰਿਹੈ ਤਾਂ ਉਹਦੇ ਪਿੱਛੇ ਸਾਡੀ ਸੰਗਤ ਦਾ ਵੀ ਕੁਝ ਨਾ ਕੁਝ ਯੋਗਦਾਨ ਤਾਂ ਹੋਵੇਗਾ ਹੀ। ਰਹਿੰਦੀ ਕਸਰ ਸਪੋਰਟਸ ਕਾਲਜ ਜਲੰਧਰ ਵਾਲਿਆਂ ਨੇ ਕੱਢ ਦਿੱਤੀ ਹੋਵੇਗੀ।
ਉਹ ਐੱਮਏ ਪੰਜਾਬੀ ਆਨਰਜ਼ ਵਿਚੋਂ ਗੋਲਡ ਮੈਡਲਿਸਟ ਸੀ ਜੋ ਢੁੱਡੀਕੇ ਕਾਲਜ ਵਿਚ ਲੈਕਚਰਾਰ ਲੱਗਣ ਦੇ ਕੰਮ ਆਇਆ। ਅਸੀਂ ਉਸ ਨੂੰ ਖੁੱਲ੍ਹੇ-ਡੁੱਲ੍ਹੇ ਘਰ ਦਾ ਚੁਬਾਰਾ ਲੈ ਦਿੱਤਾ ਜਿਥੇ ਸਾਡੀਆਂ ਵੀ ਮਹਿਫ਼ਲਾਂ ਲੱਗ ਜਾਂਦੀਆਂ। ਕੁਲਬੀਰ ਸੇਵਾਭਾਵੀ ਨੌਜੁਆਨ ਸੀ ਜੋ ਸਭਨਾਂ ਦਾ ਦਿਲ ਮੋਂਹ ਲੈਂਦਾ। ਢੁੱਡੀਕੇ ਪੜ੍ਹਾਉਂਦਿਆਂ ਉਸ ਦਾ ਅਬੋਹਰ ਕਾਲਜ ਵਿਚ ਪੜ੍ਹਾਉਂਦੀ ਪ੍ਰੋ. ਕਵਲਜੀਤ ਕੌਰ ਨਾਲ ਮੰਗਣਾ ਹੋ ਗਿਆ ਜਿਸ ਨੇ ਆਪਣੇ ਮੰਗੇਤਰ ਕੁਲਬੀਰ ਨੂੰ ਚਿੱਠੀਆਂ ਲਿਖਣ ਦਾ ਰਿਕਾਰਡ ਹੀ ਤੋੜ ਦਿੱਤਾ। ਪਹਿਲਾਂ ਤੀਜੇ ਚੌਥੇ ਦਿਨ ਤੇ ਫਿਰ ਆਏ ਦਿਨ ਚਿੱਠੀ! ਪਾਣੀ ਪਿਆਉਣ ਵਾਲੀ ਮਾਈ ਚਿੱਠੀ ਸਟਾਫ ਰੂਮ `ਚ ਲਿਆਉਂਦੀ ਤਾਂ ‘ਆਗੀ’ ਕਹਿ ਕੇ ਸਾਡੇ ਹਾਸੇ ਦੀਆਂ ਫੁੱਲਝੜੀਆਂ ਖਿੜਦੀਆਂ ਜੀਹਦੇ ਨਾਲ ਮਾਈ ਵੀ ਦੰਦਾਂ `ਚ ਚੁੰਨੀ ਲੈ ਕੇ ਹੱਸਦੀ!
ਜੇ ਕਿਤੇ ਉਹ ਚਿੱਠੀਆਂ ਸੰਭਾਲ ਲਈਆਂ ਹੋਣ ਤਾਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀਆਂ ਜੀਤਾਂ ਦੇ ਨਾਂ ਚਿੱਠੀਆਂ ਵਾਂਗ ਪ੍ਰੋ. ਕਵਲਜੀਤ ਕੌਰ ਦੀਆਂ ਪ੍ਰੋ. ਕੁਲਬੀਰ ਸਿੰਘ ਦੇ ਨਾਂ ਚਿੱਠੀਆਂ ਦੀ ਵੱਖਰੀ ਕਿਤਾਬ ਬਣ ਸਕਦੀ ਹੈ। ਹੁਣ ਢੁੱਡੀਕੇ ਦਾ ਕਿੱਸਾ ਹੋਰ ਨਾ ਹੀ ਛੇੜਾਂ ਤਾਂ ਚੰਗਾ, ਨਹੀਂ ਤਾਂ ਜਸਵੰਤ ਸਿੰਘ ਕੰਵਲ ਦੀਆਂ ਗੱਲਾਂ ਤੁਰ ਪੈਣੀਆਂ ਜਿਸ ਨੇ ਕੁਲਬੀਰ ਸਿੰਘ ਨੂੰ ਮੇਰਾ ਰੇਖਾ ਚਿੱਤਰ ਲਿਖਣ ਲਈ ਪ੍ਰੇਰਿਆ ਸੀ। ਪੇਸ਼ ਹੈ ਉਹਦੀ ਇੱਕ ਖੇਡ ਲਿਖਤ:
ਮੀਡੀਆ ਅਤੇ ਖੇਡਾਂ
ਮੀਡੀਆ ਨੇ ਖੇਡਾਂ ਦੀ ਚਮਕ ਦਮਕ ਦੁਗਣੀ ਚੌਗਣੀ ਕਰ ਦਿੱਤੀ ਹੈ। ਧਰਤੀ ਦੇ ਕਿਸੇ ਕੋਨੇ ਵਿੱਚ ਵੀ ਮੈਚ ਚੱਲਦਾ ਹੋਵੇ ਤਾਂ ਅਸੀਂ ਆਪਣੇ ਬੈਡਰੂਮ ਵਿੱਚ ਸਰ੍ਹਾਣੇ ਨਾਲ ਢੋਅ ਲਾ ਕੇ ਉਸ ਦਾ ਆਨੰਦ ਮਾਣ ਸਕਦੇ ਹਾਂ। ਹਰੇਕ ਅਖ਼ਬਾਰ ਨੇ ਖੇਡ-ਪੰਨਾ ਰਾਖਵਾਂ ਰੱਖਿਆ ਹੋਇਆ। ਹਰੇਕ ਨਿਊਜ਼ ਚੈਨਲ ਖੇਡਾਂ ਨੂੰ ਵਿਸ਼ੇਸ਼ ਥਾਂ ਦਿੰਦਾ ਹੈ। ਬਹੁਤ ਸਾਰੇ ਖੇਡ ਚੈਨਲ ਚੌਵੀ ਘੰਟੇ ਖੇਡਾਂ ਦਾ ਪ੍ਰਸਾਰਨ ਕਰਦੇ ਹਨ। ਇੱਕ ਖੇਡ-ਪ੍ਰੇਮੀ ਨੂੰ ਹੋਰ ਕੀ ਚਾਹੀਦੈ? ਅਸਲ ਵਿਚ ਦੋਹਾਂ ਦੀ ਦਵੱਲੀ ਲੋੜ ਹੈ। ਮੀਡੀਆ ਖੇਡਾਂ ਰਾਹੀਂ ਪੈਸਾ ਕਮਾਉਂਦੈ ਤੇ ਖੇਡਾਂ ਨੂੰ ਦੁਨੀਆਂ ਦੇ ਘਰ-ਘਰ ਪਚਾਉਂਦੈ। ਖੇਡਾਂ ਅਤੇ ਮੀਡੀਆ ਦੋਹਾਂ ਦਾ ਪ੍ਰਚਾਰ ਪ੍ਰਸਾਰ ਵਧਿਆ ਹੈ ਅਤੇ ਇਹ ਇਨ੍ਹਾਂ ਦੇ ਪ੍ਰਸਪਰ ਰਿਸ਼ਤੇ ਰਾਹੀਂ ਸੰਭਵ ਹੋਇਆ ਹੈ। ਇਸ ਦਵੱਲੀ ਲੋੜ ਵਿਚੋਂ ਹੀ ਖੇਡ-ਮੀਡੀਆ ਨੇ ਜਨਮ ਲਿਆ ਹੈ।
ਅਜੋਕੇ ਸਮੇਂ ਖੇਡਾਂ `ਚ ਮੀਡੀਆ ਦੀ ਅਹਿਮ ਭੂਮਿਕਾ ਹੈ। ਮੀਡੀਆ ਖੇਡਾਂ ਨੂੰ ਵੱਡੀ ਪੱਧਰ ਤੇ ਪ੍ਰਭਾਵਤ ਕਰਨ ਲੱਗਾ ਹੈ। ਖੇਡ-ਪ੍ਰਸਾਰਨ ਤੇ ਖੇਡ-ਕੁਮੈਂਟਰੀ ਨੇ ਖੇਡ-ਦਰਸ਼ਕਾਂ ਦੀ ਗਿਣਤੀ ਲੱਖਾਂ ਕਰੋੜਾਂ ਤੱਕ ਪਹੁੰਚਾ ਦਿੱਤੀ ਹੈ। ਦੋਹਾਂ ਦਾ ਆਪਸ ਵਿੱਚ ਨਹੁੰ-ਮਾਸ ਵਾਲਾ ਰਿਸ਼ਤਾ ਬਣ ਗਿਆ ਹੈ। ਟੈਲੀਵਿਜ਼ਨ ਪ੍ਰਸਾਰਨ ਬਿਨਾਂ ਖੇਡਾਂ ਅਧੂਰੀਆਂ ਲੱਗਦੀਆਂ ਹਨ। ਓਲੰਪਿਕ ਖੇਡਾਂ ਦੌਰਾਨ ਖੇਡ-ਪੱਤਰਕਾਰਾਂ ਤੇ ਖੇਡ-ਬੁਲਾਰਿਆਂ ਦੀ ਮੰਗ ਬਹੁਤ ਵਧ ਜਾਂਦੀ ਹੈ। ਖੇਡਾਂ ਨੂੰ ਸ਼ੋਸ਼ਲ ਮੀਡੀਆ ਤੇ ਡਿਜ਼ੀਟਲ ਮੀਡੀਆ ਨੇ ਵੀ ਵੱਡੀ ਪੱਧਰ ਤੇ ਪ੍ਰਭਾਵਤ ਕੀਤਾ ਹੈ। ਜਿੱਥੇ ਭਾਰਤੀ ਖੇਡ ਮੀਡੀਆ ਨੇ ਇਤਿਹਾਸ ਰਚ ਦਿੱਤਾ ਹੈ ਉਥੇ ਪੰਜਾਬੀ ਖੇਡ ਮੀਡੀਆ ਨੇ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਵਿਸ਼ਵ ਕਬੱਡੀ ਕੱਪ ਨੂੰ ਘਰ-ਘਰ ਵਿਖਾਉਣ `ਚ ਪੰਜਾਬੀ ਮੀਡੀਆ ਨੇ ਵੱਡਾ ਯੋਗਦਾਨ ਪਾਇਆ ਸੀ।
ਭਾਰਤ ਵਿੱਚ ਖੇਡ ਮੀਡੀਏ ਦੀ ਸ਼ੁਰੂਆਤ ਅਖ਼ਬਾਰਾਂ `ਚ ਖੇਡ ਪੰਨੇ ਪ੍ਰਕਾਸ਼ਿਤ ਹੋਣ ਨਾਲ ਹੋਈ। ਖੇਡ ਕਾਲਮਾਂ ਨੇ ਖੇਡ ਮੀਡੀਏ ਨੂੰ ਉਤਸ਼ਾਹਿਤ ਕਰਨ ਵਿੱਚ ਵੱਡਾ ਹਿੱਸਾ ਪਾਇਆ। ਪੰਜਾਬੀ ਖੇਡ ਪੱਤਰਕਾਰੀ ਵਿੱਚ ਇਹ ਭੂਮਿਕਾ ਪ੍ਰਿੰ. ਸਰਵਣ ਸਿੰਘ ਦੇ ਹਫ਼ਤਾਵਾਰ ਤੇ ਮਹੀਨਾਵਾਰ ਕਾਲਮਾਂ ਨੇ ਬਾਖ਼ੂਬੀ ਨਿਭਾਈ ਹੈ। ਦੂਜੇ ਪਾਸੇ ਟੈਲੀਵਿਜ਼ਨ ਦੇ ਪਰਦੇ ਨੇ ਭਾਰਤੀਆਂ ਦੀ ਖੇਡਾਂ ਵਿੱਚ ਦਿਲਚਸਪੀ ਕਈ ਗੁਣਾ ਵਧਾ ਦਿੱਤੀ ਹੈ। ਜਦ ਕੌਮਾਂਤਰੀ ਕ੍ਰਿਕਟ ਮੈਚ ਹੋ ਰਹੇ ਹੋਣ ਤਾਂ ਟੈਲੀਵਿਜ਼ਨ ਦਾ ਜਲੌਅ ਵੇਖਣ ਵਾਲਾ ਹੁੰਦੈ। ਕ੍ਰਿਕਟ ਦੇ ਸ਼ੌਕੀਨ ਕੰਮ-ਕਾਜ ਛੱਡ ਸਾਰਾ-ਸਾਰਾ ਦਿਨ ਟੀਵੀ ਮੂਹਰੇ ਬੈਠੇ ਰਹਿੰਦੇ ਹਨ। ਚੌਂਕਾਂ ਚੁਰਾਹਿਆਂ ਵਿੱਚ ਵੱਡੇ ਟੀਵੀ ਸਕਰੀਨ ਲੱਗ ਜਾਂਦੇ ਹਨ। ਇਉਂ ਲੱਗ ਰਿਹੈ ਹੁੰਦਾ ਜਿਵੇਂ ਖੇਡਾਂ ਮੀਡੀਆ ਤੇ ਹਾਵੀ ਹੋ ਗਈਆਂ ਹਨ। ਮੀਡੀਆ ਰਾਹੀਂ ਜਿੰਨਾ ਖੇਡਾਂ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਓਨਾ ਹੀ ਖੇਡਾਂ ਰਾਹੀਂ ਮੀਡੀਆ ਵਧ ਫੁੱਲ ਰਿਹੈ।
ਟੈਲੀਵਿਜ਼ਨ ਨੇ ਮੀਡੀਆ ਅਤੇ ਖੇਡਾਂ ਦੇ ਪ੍ਰਸਪਰ ਰਿਸ਼ਤੇ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ ਹੈ। ਸਿੱਧੇ ਪ੍ਰਸਾਰਨ ਨੇ ਖੇਡਾਂ ਪ੍ਰਤੀ ਦੁਨੀਆਂ ਦੀ ਦਿਲਚਸਪੀ ਤੇ ਉਤਸੁਕਤਾ ਬੇਹੱਦ ਵਧਾ ਦਿੱਤੀ ਹੈ। ਖੇਡਾਂ ਦੇ ਸਿੱਧੇ ਪ੍ਰਸਾਰਨ ਦੇ ਖੇਤਰ ਵਿੱਚ ਜੋ ਧਾਂਕ ਅੱਜ ਟੈਲੀਵਿਜ਼ਨ ਦੀ ਹੈ ਉਹੀ ਧਾਂਕ ਕਦੇ ਰੇਡੀਓ ਦੀ ਹੁੰਦੀ ਸੀ। ਰੇਡੀਓ ਰਾਹੀਂ ਖੇਡਾਂ ਦੀ ਕੁਮੈਂਟਰੀ ਅੱਜ ਵੀ ਸੁਣੀ ਜਾਂਦੀ ਹੈ ਕਿਉਂਕਿ ਰੇਡੀਓ ਦਾ ਪਹੁੰਚ-ਘੇਰਾ ਬੜਾ ਵਿਸ਼ਾਲ ਹੈ। ਅਖ਼ਬਾਰਾਂ ਨੂੰ ਛਪਣ-ਗਿਣਤੀ ਅਤੇ ਟੈਲੀਵਿਜ਼ਨ ਚੈਨਲਾਂ ਨੂੰ ਦਰਸ਼ਕ-ਗਿਣਤੀ ਅਨੁਸਾਰ ਇਸ਼ਤਿਹਾਰ ਮਿਲਦੇ ਹਨ। ਕ੍ਰਿਕਟ ਦੇ ਕੌਮਾਂਤਰੀ ਮੈਚਾਂ ਦੇ ਸਿੱਧੇ ਪ੍ਰਸਾਰਨ ਸਮੇਂ ਦਰਸ਼ਕਾਂ ਦੀ ਗਿਣਤੀ ਕਰੋੜਾਂ ਤੱਕ ਜਾ ਪੁੱਜਦੀ ਹੈ। ਨਤੀਜੇ ਵਜੋਂ ਇਸ਼ਤਿਹਾਰਬਾਜ਼ੀ ਲਈ 10 ਸਕਿੰਟ ਦੇ ਸਲਾਟ ਦਾ ਰੇਟ ਕਰੋੜਾਂ ਰੁਪਏ ਹੋ ਜਾਂਦਾ ਹੈ। ਖੇਡਾਂ ਅਤੇ ਮੀਡੀਆ ਦੀ ਇਸ ਜੁਗਲਬੰਦੀ ਨੇ ਖੇਡ ਸੰਸਥਾਵਾਂ ਅਤੇ ਮੀਡੀਆ ਅਦਾਰਿਆਂ ਨੂੰ ਮਾਲਾ-ਮਾਲ ਕਰ ਦਿੱਤਾ ਹੈ।
ਮੀਡੀਆ ਅਤੇ ਖੇਡਾਂ ਦੋਹਾਂ ਦੇ ਗਲੋਬਲ ਤੇ ਸਥਾਨਕ ਦਾਇਰੇ ਹਨ। ਦੋਵੇਂ ਇਕੱਠੇ ਇੱਕ ਦੂਸਰੇ ਲਈ ਕੰਮ ਕਰਦੇ ਹਨ। ਡਿਜ਼ੀਟਲ ਅਤੇ ਸ਼ੋਸ਼ਲ ਮੀਡੀਆ ਸਦਕਾ ਖੇਡਾਂ ਨੂੰ ਨਵੇਂ ਖੰਭ ਨਿਕਲ ਆਏ ਹਨ। ਸਿੰਘਾਪੁਰ ਦਾ ਕੁਮੈਂਟੇਟਰ ਵਾਲਟਰ ਲਿਮ ਕਹਿੰਦਾ ਹੈ ਕਿ ਸ਼ੋਸ਼ਲ ਮੀਡੀਆ ਅਤੇ ਖੇਡਾਂ ਦਾ ਜੋੜ ਮੇਲ ਸਵਰਗਾਂ `ਚ ਬਣਿਆ ਹੈ। ਖੇਡ ਪ੍ਰੇਮੀ, ਖਿਡਾਰੀ, ਖੇਡ ਕਲੱਬ, ਖੁੱਲ੍ਹ ਕੇ ਸ਼ੋਸ਼ਲ ਮੀਡੀਆ ਰਾਹੀਂ ਆਪਣੇ ਹਾਵ-ਭਾਵ ਪ੍ਰਗਟਾਉਂਦੇ ਹਨ। ਖੇਡ ਸ਼ਖ਼ਸੀਅਤਾਂ ਟਵੀਟ ਕਰਦੀਆਂ ਹਨ ਜੋ ਅਗਲੇ ਦਿਨ ਅਖ਼ਬਾਰਾਂ ਦੀਆਂ ਖ਼ਬਰਾਂ ਬਣ ਜਾਂਦੀਆਂ ਹਨ। ਵੈਬ ਚੈਨਲਾਂ, ਵੀਡੀਓ ਚੈਨਲਾਂ ਤੇ ਬਲੌਗਜ਼ ਨੇ ਖੇਡ ਰਿਪੋਰਟਿੰਗ ਦੇ ਢੰਗ ਤਰੀਕੇ ਬਦਲ ਦਿੱਤੇ ਹਨ।
ਖੇਡ ਸੰਸਥਾਵਾਂ ਨੇ ਆਪਣੇ ਮੀਡੀਆ ਪਲੇਟਫ਼ਾਰਮ ਅਤੇ ਕੰਪਨੀਆਂ ਖੜ੍ਹੀਆਂ ਕਰ ਲਈਆਂ ਹਨ ਜਿਹੜੀਆਂ ਖ਼ਬਰਾਂ ਤੇ ਖੇਡਾਂ ਦੇ ਪ੍ਰਸਾਰਨ ਵਿੱਚ ਰਵਾਇਤੀ ਮੀਡੀਆ ਨੂੰ ਪਛਾੜ ਰਹੀਆਂ ਹਨ। ਖੇਡ ਮੀਡੀਆ ਦਾ ਇਹ ਬਦਲਦਾ ਲੈਂਡਸਕੇਪ ਹੈ ਜਿੱਥੇ ਖੇਡ ਸੰਸਥਾਵਾਂ, ਖੇਡ ਪ੍ਰੇਮੀਆਂ ਨੂੰ ਆਪਣੇ ਸ਼ੋਸ਼ਲ ਤੇ ਡਿਜ਼ੀਟਲ ਚੈਨਲਾਂ ਰਾਹੀਂ ਸਿੱਧੇ ਤੌਰ ਤੇ ਆਪਣੀ ਸਟੋਰੀ ਦੱਸਦੀਆਂ ਹਨ। ਸ਼ੋਸ਼ਲ ਅਤੇ ਡਿਜ਼ੀਟਲ ਮੀਡੀਆ ਨੇ ਖੇਡਾਂ ਦੀ ਆਵਾਜ਼ ਦੇ ਨਾਲ-ਨਾਲ ਖੇਡਾਂ ਦਾ ਚਿਹਰਾ ਵੀ ਬਦਲ ਦਿੱਤਾ ਹੈ। ਖੇਡਾਂ ਪ੍ਰੇਮੀਆਂ, ਖੇਡ ਸਤਾਰਿਆਂ, ਖੇਡ ਕਲੱਬਾਂ ਤੇ ਖੇਡ ਮੀਡੀਆ ਦਰਮਿਆਨ ਪੈਦਾ ਹੋਇਆ ਇਹ ਨਵਾਂ ਰਿਸ਼ਤਾ, ਨੇੜ-ਭਵਿੱਖ ਵਿੱਚ ਖੇਡ-ਆਵਾਜ਼ ਤੇ ਖੇਡ-ਚਿਹਰੇ ਨੂੰ ਹੋਰ ਕਿੰਨਾ ਬਦਲੇਗਾ ਕਹਿਣਾ ਮੁਸ਼ਕਲ ਹੈ। ਟੈਲੀਵਿਜ਼ਨ ਸਕਰੀਨ, ਸ਼ੋਸ਼ਲ ਮੀਡੀਆ ਤੇ ਡਿਜ਼ੀਟਲ ਮੀਡੀਆ ਨੇ ਖੇਡਾਂ ਦੀ ਦੁਨੀਆਂ ਨੂੰ ਕਿੰਨਾ ਤੇ ਕਿਵੇਂ ਬਦਲ ਦਿੱਤਾ ਹੈ, ਖੇਡ-ਖੋਜਾਰਥੀਆਂ ਲਈ ਖੋਜ ਦਾ ਵਿਸ਼ਾ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ