Welcome to Canadian Punjabi Post
Follow us on

21

January 2025
 
ਨਜਰਰੀਆ

ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’

December 03, 2024 09:57 PM

ਡਾ. ਸੁਖਦੇਵ ਸਿੰਘ ਝੰਡ

ਬਲਜੀਤ ਰੰਧਾਵਾ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਲੇਖ ਨਹੀਂ ਜਾਣੇ ਨਾਲੇ’ ਕੈਨੇਡੀਅਨ ਸਮਾਜ ਦਾ ਸ਼ੀਸ਼ਾ ਹੈ ਤੇ ‘ਦਰਪਣ ਝੂਠ ਨਾ ਬੋਲੇ’। ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ। ਉਹ ਓਹੀ ਤਸਵੀਰ ਪੇਸ਼ ਕਰਦਾ ਹੈ ਜੋ ਕੁਝ ਉਸ ਦੇ ਸਾਹਮਣੇ ਹੁੰਦਾ ਹੈ। ਬਿਲਕੁਲ ਓਸੇ ਤਰ੍ਹਾਂ ਹੀ ਬਲਜੀਤ ਰੰਧਾਵਾ ਦੀ ਇਹ ਹਥਲੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਕੈਨੇਡੀਅਨ ਸਮਾਜਿਕ ਜੀਵਨ ਦੀ ਤਸਵੀਰ ਹੂ-ਬਹੂ ਪੇਸ਼ ਕਰਦੀ ਹੈ। ਬਲਜੀਤ ਨੇ ਇੱਥੇ ਕੈਨੇਡਾ ਆ ਕੇ ਜੋ ਆਪਣੇ ਅੱਖੀਂ ਵੇਖਿਆ ਤੇ ਹੱਡੀਂ ਹੰਡਾਇਆ ਹੈ, ਉਹੀ ਪੰਜਾਬੀ ਪਾਠਕਾਂ ਦੇ ਸਾਹਮਣੇ ਰੱਖ ਦਿੱਤਾ ਹੈ। ਉਸ ਨੇ ਇਸ ਵਿਚ ਰਤੀ-ਮਾਸਾ ਵੀ ਵਾਧ-ਘਾਟ ਨਹੀਂ ਕੀਤੀ। ਇਹ ਉਸ ਦੀ ਲਿਖ਼ਤ ਦੀ ਖ਼ੂਬੀ ਹੀ ਕਹੀ ਜਾ ਸਕਦੀ ਹੈ ਕਿ ਉਸ ਨੇ ਕਿਸੇ ਗੱਲ ਜਾਂ ਘਟਨਾ ਨੂੰ ਵਧਾ-ਚੜ੍ਹਾ ਕੇ ਪੇਸ਼ ਨਹੀਂ ਕੀਤਾ ਅਤੇ ਨਾ ਹੀ ਕਿਸੇ ਦੀ ਬੇਲੋੜੀ ਨਿੰਦਾ ਕੀਤੀ ਹੈ। ਅਲਬੱਤਾ! ਆਪਣੇ ਨਿਰਪੱਖ ਵਿਚਾਰ ਉਸ ਦੇ ਬਾਰੇ ਜ਼ਰੂਰ ਦਰਸਾਏ ਹਨ।

ਉੱਘੇ ਪੰਜਾਬੀ ਲੇਖਕ ਡਾ. ਵਰਿਆਮ ਸਿੰਘ ਸੰਧੂ ਨੇ ਇਸ ਪੁਸਤਕ ਦੇ ‘ਮੁੱਖ-ਬੰਦ’ ਵਿਚ ਇਸ ਨੂੰ ਕੈਨੇਡਾ ਵਿਚ ਆਉਣ ਵਾਲਿਆਂ ਲਈ ‘ਬਾਲ-ਉਪਦੇਸ਼’ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਬਚਪਨ ਵਿੱਚ ‘ਬਾਲ-ਉਪਦੇਸ਼’ ਪੜ੍ਹਨ ਤੋਂ ਬਾਅਦ ਹੀ ਅੱਗੋਂ ਅਸਲੀ ਪੜ੍ਹਾਈ ਦਾ ਰਾਹ ਖੁੱਲ੍ਹਦਾ ਹੈ, ਕੈਨੇਡੀਅਨ ਜੀਵਨ ਨੂੰ ਵੱਡੇ ਪੱਧਰ ‘ਤੇ ਸਮਝਣ ਲਈ ਇਹ ਲਿਖ਼ਤ ਪੰਜਾਬੀਆਂ ਲਈ ‘ਬਾਲ-ਉਪਦੇਸ਼’ ਦਾ ਕੰਮ ਕਰੇਗੀ। ਮੇਰਾ ਵੀ ਇਹ ਮੰਨਣਾ ਹੈ ਕਿ ਕੈਨੇਡਾ ਆਉਣ ਵਾਲੇ ਪੰਜਾਬੀ ਇਸ ਪੁਸਤਕ ਤੋਂ ਕੈਨੇਡਾ ਦੇ ਬਾਰੇ ਅਤੇ ਕੈਨੇਡੀਅਨ ਜੀਵਨ ਬਾਰੇ ਬੜਾ ਕੁਝ ਸਿੱਖ ਸਕਣਗੇ ਤੇ ਸਮਝ ਸਕਣਗੇ। ਕੈਨੇਡਾ ਬਾਰੇ ਜਾਨਣ ਲਈ ਇਹ ਪੁਸਤਕ  ਉਨ੍ਹਾਂ ਦੀ ਵਧੀਆ ਅਗਵਾਈ ਕਰੇਗੀ।

ਸ਼ੁਰੂਆਤੀ ਆਰਟੀਕਲ ‘ਖੁੱਲ੍ਹਾ ਡੁੱਲ੍ਹਾ ਮੁਲਕ ਕਨੇਡਾ’ ਵਿਚ ਬਲਜੀਤ ਨੇ ਕੈਨੇਡਾ ਦੇ ਇਤਿਹਾਸ, ਆਰੰਭ ਵਿੱਚ ਕੈਨੇਡਾ ਦੇ ਦੋ ਹੀ ਹਿੱਸਿਆਂ ‘ਅੱਪਰ ਕੈਨੇਡਾ’ ਤੇ ਲੋਅਰ ਕੈਨੇਡਾ’ ਬਾਰੇ ਜਾਣਕਾਰੀ ਦਿੱਤੀ ਹੈ। ਫ਼ਿਰ  ਇਸ ਦੇ ਵੱਖ-ਵੱਖ ਸੂਬਿਆਂ ਨੂੰ ਇਕੱਠਾ ਕਰਕੇ ਬਣਾਈ ਗਈ ‘ਕਨਫ਼ੈੱਡਰੇਸ਼ਨ’ ਅਤੇ ਅਖ਼ੀਰ ਕੈਨੇਡਾ ਦੇਮੁਲਕ ਬਣਨ ਦਾ ਬਾਖ਼ੂਬੀ ਜ਼ਿਕਰ ਕੀਤਾ ਹੈ। ਉਹ ਇਸ ਦੇ ਆਵਾਜਾਈ ਦੇ ਵਧੀਆ ਸਾਧਨਾਂ ਤੇ ਸਿਸਟਮ ਦੀ ਗੱਲ ਕਰਦੀ ਹੈ। ਉਹ ਕਹਿੰਦੀ ਹੈ ਕਿ ਇੱਥੇ ਕੈਨੇਡਾ ਵਿਚ ਕਾਨੂੰਨ ਦਾ ਰਾਜ ਹੈ। ਲੋਕ ਕਾਨੂੰਨ ਨੂੰ ਮੰਨਦੇ ਹਨ ਅਤੇ ਉਨ੍ਹਾਂ ਵਿੱਚੋਂ ਬਹੁਤੇ ਇਸ ਦੀ ਪੂਰੀ ਪਾਲਣਾ ਕਰਦੇ ਹਨ। ਵਿੱਚ ਵਿੱਚ ਕੋਈ ਮਾੜਾ ਅਨਸਰ ਵੀ ਹੋ ਸਕਦਾ ਹੈ ਪਰ ਬਹੁਤਾਤ ਇੱਥੇ ਕਾਨੂੰਨ ਅਨੁਸਾਰ ਚੱਲਣ ਵਾਲਿਆਂ ਦੀ ਹੀ ਹੈ। ਮਾੜੇ ਅਨਸਰ ਨੂੰ ਸਿੱਧੇ ਰਾਹ ਪਾਉਣ ਲਈ ਕਾਨੂੰਨ ਦਾ ‘ਡੰਡਾ’ ਵੀ ਹੈ ਅਤੇ ਉਨ੍ਹਾਂ ਨੂੰ ਸੁਧਾਰਨ ਲਈ ‘ਸੁਧਾਰ-ਘਰ’ (ਜੇਲ੍ਹਾਂ) ਵੀ ਹਨ। ਜੇਲ੍ਹਾਂ ਇੱਥੇ ਵਾਕਿਆ ਈ ‘ਸੁਧਾਰ-ਘਰ’ ਹਨ। ਕੈਦੀਆਂ ਨੂੰ ਉੱਥੇ ਚੰਗਾ ਖਾਣਾ ਅਤੇ ਰਹਿਣ ਦੀਆਂ ਸਾਰੀਆਂ ਸਹੂਲਤਾਂ ਉਪਲੱਭਧ ਹਨ।

ਕੈਨੇਡਾ ਦੇ ਇਤਿਹਾਸ ਨੂੰ ਫੋਲੀਏ ਤਾਂ ਪਤਾ ਲੱਗਦਾ ਹੈ ਕਿ ਇੱਥੋਂ ਦੇ ਪੁਰਾਣੇ ਵਸਨੀਕਾਂ ਜਿਨ੍ਹਾਂ ਨੂੰ ‘ਇੰਡੀਅਨ’, ‘ਰੈੱਡ ਇੰਡੀਅਨ’, ‘ਇਨਊਟ’, ‘ਮੋਹਾਕ’, ‘ਐਬਓਰਿਜਨਲ’ ਆਦਿ ਨਾਵਾਂ ਨਾਲ ਜਾਣਿਆਂ ਜਾਂਦਾ ਹੈ, ਦੇ ਨਾਲ ਬੜੀਆਂ ਜ਼ਿਆਦਤੀਆਂ ਹੋਈਆਂ। ਅੰਗਰੇਜ਼ਾਂ ਤੇ ਫ੍ਰਾਂਸੀਸੀਆਂ ਦੇ ਇੱਥੇ ਆਉਣ ‘ਤੇ ਉਨ੍ਹਾਂ ਦੇ ਨਾਲ ਲੜ-ਭਿੜ ਕੇ ਉਨ੍ਹਾਂ ਨੂੰ ਕੈਨੇਡਾ ਦੇ ਉੱਤਰੀ ਭਾਗਾਂ ਵੱਲ ਧੱਕ ਦਿੱਤਾ ਗਿਆ ਜਿੱਥੇ ਬਰਫ਼ ਵਧੇਰੇ ਪੈਂਦੀ ਹੈ ਅਤੇ ਠੰਢ ਬਹੁਤ ਜ਼ਿਆਦਾ ਹੈ। ਕੁਝ ਕੁ ਲੋੜੀਂਦੀਆਂ ਅਤੀ-ਜ਼ਰੂਰੀ ਸਹੂਲਤਾਂ ਦੇ ਕੇ ਉਨ੍ਹਾਂ ਨੂੰ ਇੱਕ ਸੀਮਤ ਖਿੱਤੇ ਵਿਚ ਰਹਿਣ ਲਈ ਮਜਬੂਰ ਕਰ ਦਿੱਤਾ ਗਿਆ। ਬੋਰਡਿੰਗ ਸਕੂਲਾਂ ਵਿਚ ਪੜ੍ਹਾਈ ਕਰਵਾਉਣ ਦੇ ਬਹਾਨੇ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਤੋਂ ਵੱਖ ਕਰ ਦਿੱਤਾ ਗਿਆ ਅਤੇ ਉਨ੍ਹਾਂ ਉੱਪਰ ਅਨੇਕਾਂ ਜ਼ੁਲਮ ਢਾਹੇ ਗਏ ਅਤੇ ਕਈ ਪ੍ਰਕਾਰ ਦੀਆਂ ਵਧੀਕੀਆਂ ਕੀਤੀਆਂ ਗਈਆਂ। ਇਨ੍ਹਾਂ ਬੋਰਡਿੰਗ ਸਕੂਲਾਂ ਦੇ ਵਿਹੜਿਆਂ ਵਿਚਲੇ ਉੱਚੇ ਢੇਰਾਂ ਦੀ ਖੋਦਾਈ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਦੀਆਂ ਲਾਸ਼ਾਂ ਦੇ ਹਜ਼ਾਰਾਂ ਦੀ ਗਿਣਤੀ ਵਿਚ ਮਿਲੇ ਪਿੰਜਰ ਇਨ੍ਹਾਂ ਬੱਚਿਆਂ ‘ਤੇ ਢਾਹੇ ਗਏ ਜ਼ੁਲਮ ਦੀ ਗਵਾਹੀ ਭਰਦੇ ਹਨ। ਬਲਜੀਤ ਢਿੱਲੋਂ ਵੱਲੋਂ ਇਸ ਪੱਖ ਨੂੰ ਵੀ ਬਾਖ਼ੂਬੀ ਪੇਸ਼ ਕੀਤਾ ਗਿਆ ਹੈ।

ਕੈਨੇਡਾ ਦੇ ਜੀਵਨ ਦੇ ਸਮਾਜਿਕ ਪੱਖ ਦਾ ਨਕਸ਼ਾ ਉਹ ਆਪਣੀ ਇਸ ਪੁਸਤਕ ਛੋਟੇ-ਛੋਟੇ ਆਰਟੀਕਲਾਂ ‘ਖ਼ਰਬੂਜ਼ੇ ਦਾ ਰੰਗ’ ਅਤੇ ‘ਇਸ਼ਕ ਨਾ ਪੁੱਛੇ ਜ਼ਾਤ’ ਵਿੱਚ ਬਾਖ਼ੂਬੀ ਚਿਤਰਦੀ ਹੈ ਜਿਨ੍ਹਾਂ ਵਿੱਚ ਇੱਥੋਂ ਦੇ ‘ਖੁੱਲ੍ਹੇ-ਡੁੱਲ੍ਹੇ’ ਸਮਾਜਿਕ ਮਾਹੌਲ ਵਿਚ ਵਡੇਰੀ ਉਮਰ ਅਤੇ ਵੱਖੋ-ਵੱਖ ਜ਼ਾਤਾਂ ਦੇ ਵਿਅੱਕਤੀਆਂ ਵਿਚ ਇਸ਼ਕ ਹੋ ਜਾਂਦਾ ਹੈ। ਇਸ ਦੀ ਉਦਾਹਰਣ ਵਜੋਂ ਉਹ ਇਕ ਪੰਜਾਬੀ ‘ਕੁੜਮ-ਕੁੜਮਣੀ ਜੋੜੇ’ ਦੇ ਪਿਛਲੀ ਉਮਰੇ ਬਣੇ ਆਪਸੀ ਸਬੰਧਾਂ ਨਾਲ ਆਪਣੀ ਵੱਖਰੀ ਦੁਨੀਆਂ ਵਸਾਉਣ ਅਤੇ ਇੱਕ ਪੰਜਾਬੀ ਔਰਤ ਤੇ ਕਾਲ਼ੇ (ਨੀਗਰੋ) ਦੇ ਆਪਸੀ ਸਬੰਧ ਪੈਦਾ ਹੋ ਜਾਣ ‘ਤੇ ਨਵ-ਜੰਮੇਂ ਬੱਚੇ ਦੇ ਨੈਣ-ਨਕਸ਼ ਤੇ ਰੰਗ ਉਸ ਕਾਲ਼ੇ ਵਿਅੱਕਤੀ ਉੱਪਰ ਜਾਣ ਨਾਲ ਪੇਸ਼ ਕਰਦੀ ਹੈ।

ਕੈਨੇਡਾ ਵਿਚ ਗੁਰਦੁਆਰਿਆਂ ਦੀ ਗਿਣਤੀ  ਕਈ ਸੈਂਕੜਿਆਂ ਵਿੱਚ ਹੈ। ਆਪਣੇ ਦੇ ਘਰਾਂ ਵਿਚ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨਾਲ ਤਾਂ ਇਹ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਜਾਂਦੀ ਹੈ। ਹੋ ਸਕਦਾ ਹੈ ਕਿ ਕਈਆਂ ਨੇ ਧਾਰਮਿਕ ਨਿਸਚੇ ਅਤੇ ਸ਼ਰਧਾ ਨਾਲ ਇੱਕ ਕਮਰੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼਼ ਕੀਤਾ ਹੋਵੇ ਪਰ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਆਪਣੇ ਘਰਾਂ ਦਾ ਪ੍ਰਾਪਰਟੀ ਟੈਕਸ ਬਚਾਉਣ ਲਈ ਵੀ ਇੰਜ ਕੀਤਾ ਹੋਇਆ ਹੈ ਜੋ ਸਹੀ ਵਰਤਾਰਾ ਨਹੀਂ ਹੈ। ਇਹ ਠੀਕ ਹੈ ਕਿ ਗੁਰਦੁਆਰੇ ਨਿਆਸਰਿਆਂ ਦਾ ਆਸਰਾ ਹਨ ਪਰ ਕਈ ਥਾਈਂ ਇਹ ਆਪਸੀ ਝਗੜਿਆਂ ਦਾ ਕਾਰਨ ਵੀ ਬਣੇ ਹੋਏ ਹਨ। ਕਈ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਝਗੜਿਆਂ ਦੇ ਕੇਸ ਲੰਮੇਂ ਸਮੇਂ ਤੋਂ ਅਦਾਲਤਾਂ ਵਿਚ ਚੱਲ ਰਹੇ ਹਨ। ਬਲਜੀਤ ਦੀ ਇਸ ਕਿਤਾਬ ਦਾ ਆਰਟੀਕਲ ‘ਨਿਆਸਰਿਆਂ ਦਾ ਆਸਰਾ ਗੁਰਦੁਆਰੇ’ ਪਾਠਕ ਦਾ ਧਿਆਨ ਇਸ ਪਾਸੇ ਵੀ ਮੋੜਦਾ ਹੈ।

ਪੁਸਤਕ ਵਿਚ ਬਲਜੀਤ ਗਰਮੀਆਂ ਦੇ ਮੌਸਮ ਵਿੱਚ ਮੇਲਿਆਂ ਵਰਗੇ ਮਾਹੌਲ ਦਾ ਜ਼ਿਕਰ ਬੜੇ ਵਧੀਆ ਢੰਗ ਨਾਲ ਕਰਦੀ ਹੈ ਜਦੋਂ ਉਹ ਆਪਣੇ ਲੇਖ ‘ਰੁੱਤ ਮੇਲਿਆਂ ਗੇਲਿਆਂ ਦੀ’ ਵਿੱਚ ਕਹਿੰਦੀ ਹੈ, “ਕੈਨੇਡਾ ਵਿੱਚ ਵੀ ਪੰਜਾਬ ਦੀ ਤਰਜ਼਼ ‘ਤੇ ਮੇਲੇ ਲੱਗਦੇ ਹਨ। ਜਿਉਂ ਹੀ ਅਪ੍ਰੈਲ ਦਾ ਮਹੀਨਾ ਸ਼ੁਰੂ ਹੁੰਦਾ ਹੈ, ਮੇਲੇ ਲੱਗਣੇ ਸ਼ੁਰੂ ਹੋ ਜਾਂਦੇ ਹਨ। ਇਹ ਵੱਖਰੀ ਗੱਲ ਹੈ ਕਿ ਕਈ ਪ੍ਰਮੋਟਰ ਇੱਥੇ ਅਪ੍ਰੈਲ-ਮਈ ਵਿਚ ਹੀ ‘ਤੀਆਂ ਦਾ ਮੇਲਾ’ ਲਗਾ ਦਿੰਦੇ ਹਨ। ਇੱਥੇ ਗਰਮੀਆਂ ਦੇ ਪੂਰਾ ਸੀਜ਼ਨ ਦੌਰਾਨ ਹਰੇਕ ਵੀਕ-ਐਂਡ ‘ਤੇ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਹੀ ਹੈ। ਲੋਕ ਪਿਕਨਿਕਾਂ ਮਨਾਉਂਦੇ ਹਨ। ਵੀਕ-ਐਂਡਜ਼ ‘ਤੇ ਘਰਾਂ ਵਿਚ ਪਾਰਟੀਆਂ ਕਰਦੇ ਹਨ ਅਤੇ ਖੂਬ ਮਨੋਰੰਜਨ ਕਰਦੇ ਹਨ। ਇਨ੍ਹਾਂ ਪਾਰਟੀਆਂ ਵਿਚ ਜਦੋਂ ਗੱਭਰੂ ਵਧੇਰੇ ਨਸ਼ੇ ਵਿਚ ਹੋ ਜਾਂਦੇ ਹਨ ਤਾਂ ਘਰ-ਵਾਪਸੀ ਸਮੇਂ ਉਹ ਕਾਰ ਦੀ ਚਾਬੀ ਆਪਣੀਆਂ ਘਰ-ਵਾਲੀਆਂ ਨੂੰ ਫੜਾਉਂਦੇ ਹੋਏ ਕਹਿੰਦੇ ਹਨ, “ਆਹ ਲੈ ਫੜ ਲੈ ਗੱਡੀ ਦੀ ਚਾਬੀ, ਜੱਟ ਹੋ ਗਿਆ ਸ਼ਰਾਬੀ।“

ਕੈਨੇਡਾ ਦੇ ਪੰਜਾਬੀ ਵਸੋਂ ਵਾਲੇ ਸ਼ਹਿਰਾਂ ਵਿਚ ਪੰਜਾਬੀ ਰੰਗਮੰਚ ਕਾਫ਼ੀ ਹਰਮਨ-ਪਿਆਰਾ ਹੈ। ਪਿਛਲੀ ਸਦੀ ਦੇ ਅੱਸੀਵਿਆਂ ਵਿਚ ਪੰਜਾਬ ਤੋਂ ਭਾਅ ਜੀ ਗੁਰਸ਼ਰਨ ਸਿੰਘ, ਹਰਪਾਲ ਟਿਵਾਡਾ, ਡਾ. ਹਰਚਰਨ ਸਿੰਘ, ਅਜਮੇਰ ਔਲਖ ਅਤੇ ਡਾ. ਆਤਮਜੀਤ ਸਿੰਘ ਵਰਗੇ ਨਾਟਕ ਨਿਰਦੇਸ਼ਕਾਂ ਨੂੰ ਇੱਥੇ ਬੁਲਾ ਕੇ ਉਨ੍ਹਾਂਦੇ ਨਾਟਕ ਕਰਵਾਏ ਜਾਂਦੇ ਰਹੇ ਹਨ। ਪਰ ਹੁਣ ਇੱਥੋਂ ਦੇ ਨਾਟਕਕਾਰਾਂ ਤੇ ਨਿਰਦੇਸ਼ਕਾਂ ਨੇ ਸਥਾਨਕ ਕਲਾਕਾਰਾਂ ਦੀ ਮਦਦ ਨਾਲ ਨਾਟਕ ਖੇਡਣੇ ਸ਼ੁਰੂ ਕਰ ਦਿੱਤੇ ਹਨ। ਨੁੱਕੜ ਨਾਟਕ ਅਤੇ ਕਈ ਪੂਰੇ ਨਾਟਕ ਕਰਵਾਏ ਜਾਂਦੇ ਹਨ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਦਾ ਹੈ। ਬਲਜਿੰਦਰ ਲੇਲਣਾ, ਜਸਪਾਲ ਢਿੱਲੋਂ, ਨਾਹਰ ਔਜਲਾ, ਸਰਬਜੀਤ ਸਿੰਘ ਅਰੋੜਾ, ਆਦਿ ਦਾ ਨਾਂ ਇਸ ਖ਼ੇਤਰ ਵਿਚ ਵਿਸ਼ੇਸ਼ ਤੌਰ ‘ਤੇ ਲਿਆ ਜਾ ਸਕਦਾ ਹੈ।

ਰਾਜਨੀਤੀ ਦੇ ਖ਼ੇਤਰ ਵਿੱਚ ਵੀ ਪੰਜਾਬੀਆਂ ਨੇ ਖ਼ੂਬ ਮੱਲਾਂ ਮਾਰੀਆਂ ਹਨ। ਇਹ ਇੱਥੇ ਕੌਂਸਲਰ, ਡਿਪਟੀ ਮੇਅਰ, ਸੂਬਾਈ ਐੱਮ.ਪੀ.ਪੀ., ਪਾਰਲੀਮੈਂਟ ਦੇ ਮੈਂਬਰ ਅਤੇ ਮੰਤਰੀ ਬਣੇ ਹਨ। ਕੈਨੇਡਾ ਦੀ ਤੀਸਰੀ ਵੱਡੀ ਰਾਜਨੀਤਕ ਪਾਰਟੀ ਐੱਨ.ਡੀ.ਪੀ. ਦਾ ਮੁਖੀ ਪੰਜਾਬੀ ਹੈ। ਬਰੈਂਪਟਨ ਦੇ ਪੰਜੇ ਹੀ ਐੱਮ.ਪੀ. ਪੰਜਾਬੀ ਹਨ। ਅਤੇ ਪੰਜਾਂ ਵਿੱਚੋਂ ਤਿੰਨ ਐੱਮ.ਪੀ.ਪੀ. ਪੰਜਾਬੀ ਹਨ ਤੇ ਉਨ੍ਹਾਂ ਵਿੱਚੋਂ ਇੱਕ ਮੰਤਰੀ ਵੀ ਹੈ। ਇੱਥੋਂ ਦੇ ਇੱਕ ਐੱਮ.ਪੀ. ਨੇ ਲਗਾਤਾਰ ਛੇ ਵਾਰ ਐੱਮ.ਪੀ. ਬਣਨ ਦਾ ਰਿਕਾਰਡ ਵੀ ਬਣਾਇਆ ਹੈ। ਪਿਛਲੇ ਹਫ਼ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਹੋਈ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਸ ਦੇ 93 ਮੈਂਬਰਾਂ ਵਿੱਚੋਂ 15 ਮੈਂਬਰ  ਪੰਜਾਬੀ ਕਮਿਊਨਿਟੀ ਦੇ ਚੁਣੇ ਗਏ ਹਨ। ਇਹ ਵੱਖਰੀ ਗੱਲ ਹੈ ਕਿ ਕੁਝ ਰਾਜਸੀ ਨੇਤਾਵਾਂ ਦੇ ਵਿਰੁੱਧ ਪੰਜਾਬੀ ਭਾਈਚਾਰੇ ਨੂੰ ਸ਼ਿਕਾਇਤ ਵੀ ਹੈ ਕਿ ਉਹ ਵੱਖ-ਵੱਖ ਸਦਨਾਂ ਵਿਚ ਪੰਜਾਬੀ ਕਮਿਊਨਿਟੀ ਦੀ ਆਵਾਜ਼ ਨਹੀਂ ਉਠਾਉਂਦੇ ਅਤੇ ਉੱਥੇ ‘ਸੁੱਚੇ ਮੂੰਹ’ ਹੀ ਬੈਠੇ ਰਹਿੰਦੇ ਹਨ। ਬਲਜੀਤ ਨੇ ਇਸ ਮੁੱਦੇ ਨੂੰ ਇਸ ਪੁਸਤਕ ਵਿਚ ਬੜੇ ਵਧੀਆ ਤਰ੍ਹਾਂ ਉਠਾਇਆ ਹੈ

ਕੈਨੇਡਾ ਵਿੱਚ ‘ਕੰਮ, ਕੰਮ ਤੇ ਕੰਮ’ ਹੀ ਜੀਵਨ ਹੈ ਅਤੇ ਇਹ ਕੰਮ ਏਨੇ ਆਸਾਨ ਵੀ ਨਹੀਂ ਹਨ। ਭਾਰੇ ਸੇਫ਼ਟੀ-ਸ਼ੂ ਪਾ ਕੇ ਜਦੋਂ ਇਹ ਕੰਮ ਕਰਨੇ ਪੈਂਦੇ ਹਨ ਤਾਂ ਇਨਸਾਨ ਸਿਰ ਤੋਂ ਪੈਰਾਂ ਤੱਕ ਹਿੱਲ ਜਾਂਦਾ ਹੈ। ਖ਼ਾਸ ਤੌਰ ‘ਤੇ ਜਿੰਨਾਂ ਨੇ ਆਪਣੇ ਦੇਸ਼਼ ਵਿਚ ਰਹਿੰਦਿਆਂ ਕੋਈ ਕੰਮ ਨਹੀਂ ਕੀਤਾ ਹੁੰਦਾ, ਉਨ੍ਹਾਂ ਲਈ ਤਾਂ ਇਹ ਕਰਨਾ ਹੋਰ ਵੀ ਮੁਸ਼ਕਲ ਬਣ ਜਾਂਦਾ ਹੈ। ‘ਸੇਫ਼ਟੀ-ਸ਼ੂਆਂ’ ਬਾਰੇ ਬਲਜੀਤ ਨੇ ਆਪਣੇ ਆਰਟੀਕਲ “ਪੈਰਾਂ ਨੂੰ ਕਰਾ ਦੇ ਝਾਂਜਰਾਂ ਉਰਫ਼ ਸੇਫ਼ਟੀ-ਸ਼ੂ” ਵਿੱਚ ਉਹ ਕਹਿੰਦੀ ਹੈ, “ਭਾਰੇ-ਭਾਰੇ ਸੇਫ਼ਟੀ ਸ਼ੂ ਪਾ ਕੇ ਜਦੋਂ ਤੁਸੀਂ ਤੁਰਦੇ ਹੋ ਤਾਂ ਇੰਜ ਮਹਿਸੂਸ ਹੁੰਦਾ ਹੈ, ਜਿਵੇਂ ਪੈਰਾਂ ਵਿੱਚ ਬੇੜੀਆਂ ਪਈਆਂ ਹੋਣ। ਕਈ ਤਾਂ ਇਨ੍ਹਾਂ ਨਾਲ ਇਸ ਤਰ੍ਹਾਂ ਜੁੜ ਜਾਂਦੇ ਹਨ ਕਿ ਸਾਰੀ ਉਮਰ ਉਨ੍ਹਾਂ ਦਾ ਇਨ੍ਹਾਂ ਤੋਂ ਖਹਿੜਾ ਨਹੀਂ ਛੁੱਟਦਾ ਅਤੇ ਜਿਨ੍ਹਾਂ ਦਾ ਖਹਿੜਾ ਛੁੱਟ ਵੀ ਜਾਂਦਾ ਹੈ, ਉਹ ਇਨ੍ਹਾਂ ਨੂੰ ਸੰਭਾਲ ਕੇ ਰੱਖ ਲੈਂਦੇ ਹਨ ਅਤੇ ਜਦੋਂ ਕੋਈ ਨਵਾਂ ਭਾਈਬੰਦ ਇਮੀਗਰੈਂਟ ਆਉਂਦਾ ਹੈ ਤਾਂ ਉਸ ਨੂੰ ਭੇਂਟ ਕਰ ਦਿੱਤੇ ਹਨ।“  (ਪੰਨਾ-109) 

ਪੰਜਾਬ ਤੋਂ ਆਈਆਂ ਅੱਲੜ੍ਹ ਮੁਟਿਆਰਾਂ ਨੂੰ ਇਹ ‘ਸੇਫ਼ਟੀ-ਸ਼ੂ’ ਬੜੇ ਤੰਗ ਕਰਦੇ ਹਨ। ਇਹ ਉਨ੍ਹਾਂ ਦੇ ਨਾਜ਼ਕ ਪੈਰਾਂ ਵਿੱਚ ਛਾਲੇ ਪਾ ਦਿੰਦੇ ਹਨ ਅਤੇ ਇਨ੍ਹਾਂ ਨਾਲ ਬੜੀ ਮੁਸ਼ਕਲ ਨਾਲ ਤੁਰਦਿਆਂ ਬਲਜੀਤ ਵਰਗੀਆਂ ਨਾਜ਼ਕ ਮੁਟਿਆਰਾਂ ਦੇ ਮੂੰਹੋਂ ਗੁਰਬਾਣੀ ਦੇ ਸ਼ਬਦ “ਔਖੀ ਘੜੀ ਨਾ ਦੇਖਣ ਦੇਈ” ਅਤੇ “ਜਾ ਤੂ ਮੇਰੇ ਵੱਲ ਹੈ ਤਾਂ ਕਿਆ ਮੁਹਛੰਦਾ” ਆਪ-ਮੁਹਾਰੇ ਨਿਕਲਦੇ ਹਨ। (ਪੰਨਾ-110)

ਉਨ੍ਹਾਂ ਵਿੱਚੋਂ ਕਈ ਤਾਂ ਆਪਣੇ ਕੰਮਾਂ ‘ਤੇ ਚੱਕਰ ਖਾ ਕੇ ਕਈ ਵਾਰ ਵੀ ਡਿੱਗ ਵੀ ਪੈਂਦੀਆਂ ਹਨ। ਉਹ ਆਪਣੀਆਂ ਅੰਮੜੀਆਂ ਨੂੰ ਯਾਦ ਕਰਦਿਆਂ ਲੰਮੀਆਂ-ਲੰਮੀਆਂ ਚਿੱਠੀਆਂ ਲਿਖਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਚਿੱਠੀ ਦੇ ਬੋਲ ਇੰਜ ਹਨ :

“ਮਾਂ ਤੂੰ ਪੜ੍ਹਾ ਲਿਖਾ ਕੇ ਬੜੀਆਂ ਉਮੀਦਾਂ ਤੇ ਚਾਵਾਂ ਨਾਲ ਮੈਨੂੰ ਪ੍ਰਦੇਸ ਤੋਰਿਆ ਸੀ ਜਿਵੇਂ ਪਤਾ ਨਹੀਂ ਇੱਥੇ ਆ ਕੇ ਮੈਨੂੰ ਕਿੰਨੀ ਮੈਨੂੰ ਕਿੰਨੀ ਕੁ ਚੰਗੀ ਨੌਕਰੀ ਮਿਲ ਜਾਣੀ ਹੈ। ਪਰ ਮਾਂ ਤੈਨੂੰ ਕੀ ਪਤਾ ਇੱਥੇ ਤੇਰੀ ਧੀ ਨਾਲ ਕੀ ਬੀਤ ਰਹੀ ਏ? ਮਾਂ, ਇੱਥੇ ਆ ਕੇ ਮੇਰੀ ਮਹਿੰਦੀ ਦਾ ਰੰਗ ਵੀ ਫ਼ਿੱਕਾ ਨਹੀਂ ਸੀ ਪਿਆ ਕਿ ਤੇਰੀ ਬੀ.ਐੱਸ.ਸੀ. ਪਾਸ ਧੀ ਦੇ ਮਿਡਲ ਕਲਾਸ ਘਰਵਾਲੇ ਨੇ ਮੈਨੂੰ ਹਫ਼ਤੇ ਬਾਅਦ ਹੀ ਪਵਾ ਕੇ ਪੈਰਾਂ ਵਿੱਚ ਭਾਰੇ ਭਾਰੇ ਸੇਫ਼ਟੀ-ਸ਼ੂ ਤੋਰ ਦਿੱਤਾ ਸੀ ਫ਼ੈਕਟਰੀ ਵੱਲ ਭਈਆਂ ਵਾਂਗ, ਦਿਹਾੜੀ ਕਰਨ ਵਾਸਤੇ। ਉਹ ਜਿਹੜਾ ਆਪ ਸੱਤੇ ਦਿਨ ਟਰੱਕ ਚਲਾਈ ਜਾਂਦੈ, ਚਾਹੁੰਦਾ ਹੈ ਕਿ ਮੈਂ ਵੀ ਸੱਤੇ ਦਿਨ ਫ਼ੈਕਟਰੀ ਵਿਚ ਭੱਠ ਝੋਕੀ ਜਾਵਾਂ।“ (ਪੰਨਾ-60)

ਇਹ ਇੱਥੇ ਇਨ੍ਹਾਂ ਨਵ-ਵਿਆਹੀਆਂ ਲੜਕੀਆਂ ਦੀ ਸਮਾਜਿਕ ਹਾਲਤ ਦੀ ਤ੍ਰਾਸਦੀ ਹੈ ਜੋ ਵਿਚਾਰੀਆਂ ਨੂੰ ਭੁਗਤਣੀ ਪੈਂਦੀ ਹੈ। ਇੱਥੇ ਕੈਨੇਡਾ ਆਉਣ ਦੀਆਂ ਤਰਲੋ-ਮੱਛੀ ਹੋ ਰਹੀਆਂ ਕੁੜੀਆਂ ਨੂੰ ਖ਼ਬਰਦਾਰ ਕਰਦਿਆਂ ਬਲਜੀਤ ਨੇ ਉਨ੍ਹਾਂ ਦੇ ਲਈ ਇਕ ਗੀਤ ਵੀ ਲਿਖ ਛੱਡਿਆ ਹੈ, ਜਿਸ ਦੇ ਮੱਢਲੇ ਬੋਲ ਹਨ :

 

“ਰੱਖ ਧੀਰਜ ਕਿਉਂ ਕਰੇ ਕਾਹਲੀ ਨੀ,

ਕਹਿੰਦੇ ਬਣਦੇ ਇੱਕ ਦੇ ਚਾਲੀ ਨੀ,

ਜਦੋਂ ਆਈ ਕਨੇਡਾ ਭਰਮ ਭੁਲੇਖਾ ਰੁਲ਼ ਜਾਊਗਾ,

ਕਨੇਡਾ ਆਉਣ ਦੇ ਚਾਅ ‘ਚ ਸੱਭ ਕੁਝ ਭੁੱਲ ਜਾਊਗਾ।“   (ਪੰਨਾ-54)

 

ਕੈਨੇਡਾ ਵਿਚ ਆਪਣੇ ਕੰਮ ਕਰਨ ਦੀ ਹੱਡ-ਬੀਤੀ ਬਲਜੀਤ ਬਾਖ਼ੂਬੀ ਬਿਆਨ ਕਰਦੀ ਹੈ ਕਿ ਕਿਵੇਂ ਉਸ ਨੂੰ ਇੱਥੇ ਆਰਜ਼ੀ ਕੰਮ ਦੇਣ ਵਾਲੀਆਂ ਏਜੰਸੀਆਂ ਰਾਹੀਂ ਵੱਖ-ਵੱਖ ਫ਼ੈਕਟਰੀਆਂ ਵਿੱਚ ਕਈ ਭਾਰੇ-ਭਾਰੇ ਕੰਮ ਕਰਨੇ ਪਏ। ਕਿਵੇਂ ਲੱਕੜੀ ਦੇ ਚਾਰ-ਚਾਰ ਕਿਲੋ ਭਾਰੇ ਦੋ-ਦੋ, ਤਿੰਨ-ਤਿੰਨ ਫੱਟੇ ਚੁੱਕ ਕੇ ਮਸ਼ੀਨ ‘ਤ ਰੱਖਣੇ ਪੈਂਦੇ ਸਨ ਜਿਸ ਨਾਲ ਉਸ ਦਾ ਬੁਰਾ ਹਾਲ ਹੋ ਗਿਆ। ਕਈ ਵਾਰ ਉਸ ਦੀਆਂ ਉਂਗਲੀਆਂ ਇਨ੍ਹਾਂ ਫੱਟਿਆਂ ਆ ਜਾਣ ਕਰਕੇ ਕਿਵੇਂ ਉਹ ਹੋਰ ਵੀ ਦੁਖੀ ਹੋ ਜਾਂਦੀ ਸੀ। ਫਿਰ ਇੱਥੇ ਕੰਮ ਦਾ ਕੋਈ ਇਤਬਾਰ ਨਹੀਂ ਕਿ ਕੱਲ੍ਹ ਨੂੰ ਕੰਮ ‘ਤੇ ਜਾਣਾ ਵੀ ਹੈ ਜਾਂ ਫਿਰ ਏਜੰਸੀ ਤੋਂ ਅਚਾਨਕ ਫ਼ੋਨ ਆ ਜਾਣਾ ਹੈ ਕਿ ਕੱਲ੍ਹ ਨੂੰ ਕੰਮ ਨਹੀਂ ਹੈ, ਜਦੋਂ ਹੋਵੇਗਾ ਤੁਹਾਨੂੰ ਇਸ ਦੇ ਬਾਰੇ ਕਾਲ ਕਰ ਕੀਤੀ ਜਾਏਗੀ। ਬਲਜੀਤ ਸਹੀ ਕਹਿੰਦੀ ਹੈ, “ਇੱਥੇ ਜਦ ਕਿਸੇ ਏਜੰਸੀ ਤੋਂ ਕੰਮ ਦੀ ਕਾਲ ਆ ਜਾਂਦੀ ਹੈ ਤਾਂ ਕੋਈ ਨਾਂਹ ਨਹੀਂ ਕਰਦਾ ਤੇ ਸਾਰੇ ਕੰਮ ਨੂੰ ਭੱਜ ਤੁਰਦੇ ਹਨ। ਇਹ ਕੋਈ ਨਹੀਂ ਵੇਖਦਾ ਕਿ ਕੰਮ ਹਲਕਾ ਹੈ ਜਾਂ ਭਾਰਾ, ਦੂਰ ਹੈ ਜਾਂ ਨੇੜੇ। ਬੱਸ ਦਿਹਾੜੀ ਲੱਗਣੀ ਚਾਹੀਦੀ ਹੈ, ਭਈਆਂ ਵਾਂਗ।“         (ਪੰਨਾ-117)

136 ਪੰਨਿਆਂ ਦੀ ਇਸ ਪੁਸਤਕ ਵਿਚ ਬਲਜੀਤ ਨੇ 46 ਵੱਖ-ਵੱਖ ਵਿਸ਼ੇ ਲਏ ਹਨ। ਕੋਈ ਆਰਟੀਕਲ ਦੋ ਪੰਨਿਆਂ ਦਾ ਹੈ ਤੇ ਕੋਈ ਤਿੰਨਾਂ ਦਾ। ਕਈ ਇੱਕ-ਇੱਕ ਪੰਨੇ ਦੇ ਵੀ ਹਨ ਤੇ ਕਈ ਚਾਰ-ਪੰਜ ਪੰਨਿਆਂ ਦੇ ਵੀ ਹਨ। ਸੱਭ ਤੋਂ ਵੱਡਾ ਲੇਖ ਬਲਜੀਤ ਦੀ ਹੱਡ-ਬੀਤੀ ‘ਗੱਲ ਮੇਰੇ ਕੰਮ ਦੀ’ ਵਾਲਾ ਹੈ ਜੋ ਇਸ ਪੁਸਤਕ ਦੇ 14 ਸਫ਼ਿਆਂ ਉੱਪਰ ਫ਼ੈਲਿਆ ਹੋਇਆ ਹੈ ਜਿਸ ਵਿਚ ਉਹ ਇੱਥੇ ਫ਼ੈਕਟਰੀਆਂ, ਵੇਅਰਹਾਊਸਾਂ ਤੇ ਹੋਰ ਕੰਮ ਵਾਲੀਆਂ ਥਾਵਾਂ ‘ਤੇ ਕੀਤੇ ਗਏ ਹੌਲ਼ੇ-ਭਾਰੇ ਵੱਖ-ਵੱਖ ਕੰਮਾਂ ਦਾ ਹਾਲ ਬਾਖ਼ੂਬੀ ਬਿਆਨ ਕਰਦੀ ਹੈ। ਉਹ ਸੁਪਰਵਾਈਜ਼ਰਾਂ ਵੱਲੋਂ ਤੇਜ਼ ਕੰਮ ਕਰਨ ਦੀਆਂ ਸਖ਼ਤ ਹਦਾਇਤਾਂ ਬਾਰੇ ਵੀ ਦੱਸਦੀ ਹੈ ਅਤੇ ਅਜਿਹਾ ਨਾ ਕਰਨ ਦੀ ਹਾਲਤ ਵਿਚ ਉਨ੍ਹਾਂ ਵੱਲੋਂ ਕਿਸੇ ਹੋਰ ਮੁਸ਼ਕਲ ਕੰਮ ‘ਤੇ ਲਾ ਦੇਣ ਬਾਰੇ ਬੜਾ ਵਧੀਆ ਬਿਆਨ ਕਰਦੀ ਹੈ। ਉਹ ਮੋਟਲਾਂ ਵਿਚ ਬੈੱਡਾਂ ਦੀਆਂ ਚਾਦਰਾਂ ਬਦਲਣ, ਫ਼ਰਸ਼ ਅਤੇ ਬਾਥ-ਰੂਮ ਸਾਫ਼ ਕਰਨ ਵਰਗੇ ਕੰਮਾਂ ਬਾਰੇ ਵੀ ਖ਼ੂਬ ਚਾਨਣਾ ਪਾਉਂਦੀ ਹੈ। ਉਸ ਦਾ ਇਹ ਕਹਿਣਾ ਬਿਲਕੁਲ ਸਹੀ ਹੈ ਕਿ ਇੱਥੇ ਕੋਈ ਵੀ ਕੰਮ ਛੋਟਾ ਜਾਂ ਵੱਡਾ, ਮਾੜਾ ਜਾਂ ਚੰਗਾ ਨਹੀਂ ਹੈ ਅਤੇ ਸਾਰੇ ਕੰਮਾਂ ਦੀ ਉਜਰਤ ਇੱਕੋ ਜਿਹੀ ਹੀ ਮਿਲਦੀ ਹੈ। ਉਹ ਚੰਗੀਆਂ ਚੰਗੀਆਂ ਨੌਕਰੀਆਂ ਛੱਡ ਕੇ ਆਏ ਡਾਕਟਰਾਂ, ਇੰਜੀਨੀਅਰਾਂ ਅਤੇ ਹੋਰ ਵਿਅੱਕਤੀਆਂ ਨੂੰ ਫ਼ੈਕਟਰੀਆਂ ਵਿਚ ਮਜ਼ਦੂਰੀ ਵਾਲੇ ਕੰਮ ਕਰਦਿਆਂ ਵੇਖਦੀ ਹੈ ਜੋ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਦੀ ਆਸ ਲੈ ਕੇ ਇੱਥੇ ਆਏ ਹਨ।

ਇਸ ਤਰ੍ਹਾਂ ਬਲਜੀਤ ਦੀ ਇਹ ਕਿਤਾਬ ‘ਲੇਖ ਨਹੀਂ ਜਾਣੇ ਨਾਲ਼’ ਕੈਨੇਡੀਅਨ ਜੀਵਨ ਨੂੰ ਬਹੁਤ ਨੇੜਿਉਂ ਵਿਖਾਉਂਦੀ ਹੋਈ ਇਸ ਉੱਪਰ ਭਰਪੂਰ ਰੌਸ਼ਨੀ ਪਾਉਂਦੀ ਹੈ। ਇਹ ਉਨ੍ਹਾਂ ਲੋਕਾਂ ਨੂੰ ਸਾਵਧਾਨ ਵੀ ਕਰਦੀ ਹੈ ਜਿਹੜੇ ਸਮਝਦੇ ਹਨ ਕਿ ਕੈਨੇਡਾ ਵਿਚ ਕੰਮ ਬੜੇ ਆਸਾਨ ਹਨ ਅਤੇ ਉੱਥੇ ਡਾਲਰ ਕਮਾਉਣੇ ਬੜੇ ਸੌਖੇ ਹਨ, ਜਿਵੇਂ ਇਹ ਇੱਥੇ ਰੁੱਖਾਂ ਨੂੰ ਲੱਗੇ ਹੋਣ ਅਤੇ ਉਹ ਆ ਕੇ ਜਿੰਨੇ ਮਰਜ਼ੀ ਤੋੜ ਕੇ ਆਪਣੀਆਂ ਝੋਲ਼ੀਆਂ ਭਰ ਲੈਣ।

ਇਹ ਪੁਸਤਕ ਕੰਮਾਂ ਲੱਦੇ ਕੈਨੇਡੀਅਨ ਸਮਾਜ ਦਾ ਸ਼ੀਸ਼ਾ ਬਹੁਤ ਹੀ ਵਧੀਆ ਤਰ੍ਹਾਂ ਵਿਖਾਉਂਦੀ ਹੈ। ਇਹ ਗਾਈਡ-ਨੁਮਾ ਪੁਸਤਕ ਲਿਖਣ ਅਤੇ ਛਪਵਾਉਣ ਲਈ ਮੈਂ ਬਲਜੀਤ ਰੰਧਾਵਾ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਇਸ ਦੀ ਸੰਪਾਦਨਾ ਕਰਨ ਵਿੱਚ ਉਸ ਦੇ ਪਤੀਦੇਵ ਹੀਰਾ ਰੰਧਾਵਾ ਨੇ ਵੀ ਆਪਣਾ ਭਰਪੂਰ ਯੋਗਦਾਨ ਪਾਇਆ ਹੈ ਅਤੇ ਉਹ ਵੀ ਇਸ ਦੇ ਲਈ ਵਧਾਈ ਦੇ ਪੂਰੇ ਹੱਕਦਾਰ ਹਨ। ‘ਚੇਤਨਾ ਪ੍ਰਕਾਸ਼ਨ ਲੁਧਿਆਣਾ’ ਨੇ ਇਸ ਨੂੰ ਬੜੇ ਰੂਹ ਨਾਲ ਛਾਪਿਆ ਹੈ। ਕਿਤੇ ਕਿਤੇ ਲਗਾਂ-ਮਾਤਰਾਂ ਦੀਆਂ ਮਾਮੂਲੀ ਜਿਹੀਆਂ ਗ਼ਲਤੀਆਂ ਰਹਿ ਵੀ ਗਈਆਂ ਹਨ ਅਤੇ ਇਹ ਕੋਸ਼ਿਸ਼ ਕਰਨ ਦੇ ਬਾਵਜੂਦ ਆਮ ਤੌਰ ‘ਤੇ ਰਹਿ ਹੀ ਜਾਂਦੀਆਂ ਹਨ।  ਇਸ ਲਈ ਉਨ੍ਹਾਂ ਦੀ ਪ੍ਰਵਾਹ ਕਰਨ ਦੀ ਬਹੁਤੀ ਲੋੜ ਵੀ ਨਹੀਂ ਹੈ। ਕੈਨੇਡਾ ਆਉਣ ਵਾਲੇ ਨਵੇਂ ਇਮੀਗਰੈਂਟ ਜੇਕਰ ਇਹ ਪੁਸਤਕ ਪੜ੍ਹ ਕੇ ਇੱਥੇ ਆਉਣ ਤਾਂ ਉਨ੍ਹਾਂ ਨੂੰ ਇਸ ਦਾ ਬਹੁਤ ਲਾਭ ਹੋ ਸਕਦਾ ਹੈ। ਆਮ ਪਾਠਕਾਂ ਲਈ ਵੀ ਇਸ ਵਿਚ ਕਾਫ਼ੀ ਦਿਲਚਸਪ ਸਮੱਗਰੀ ਹੈ। ਇਹ ਪੁਸਤਕ ਸਾਰਿਆਂ ਦੇ ਪੜ੍ਹਨਯੋਗ ਹੈ ਤੇ ਇਹ ਪੜ੍ਹਨੀ ਬਣਦੀ ਵੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ! ਮਹਾਰਾਸ਼ਟਰ, ਝਾਰਖੰਡ ਦੇ ਨਾਲ ਪੰਜਾਬ ਦੀਆਂ ਚਾਰ ਸੀਟਾਂ ਲਈ ਚੋਣਾਂ ਨਵੇਂ ਸਬਕ ਦੇਣ ਵਾਲਾ ਸਾਬਤ ਹੋਇਆ ਹਰਿਆਣੇ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਦਾ ਨਤੀਜਾ ਪੇਂਡੂ ਵੋਟਰੋ ਲੋਕ ਸੇਵਾ ਵਾਲੇ ਪੜ੍ਹੇ ਲਿਖੇ ਸਰਪੰਚ/ਪੰਚ ਚੁਣੋ! ਪ੍ਰੋ. ਕੁਲਬੀਰ ਸਿੰਘ ਦੇ ਟੋਰਾਂਟੋ ਆਉਣ `ਤੇ -- ਮੀਡੀਆ ਅਤੇ ਖੇਡਾਂ ਤੇ ਖਿਡਾਰੀ: ਪ੍ਰੋ. ਕੁਲਬੀਰ ਸਿੰਘ ਉਂਜ ਰਾਜ ਤਾਂ ਭਾਰਤ ਵਿੱਚ ਕਾਨੂੰਨ ਦਾ ਹੀ ਕਿਹਾ ਜਾਂਦੈ...