Welcome to Canadian Punjabi Post
Follow us on

30

December 2024
ਬ੍ਰੈਕਿੰਗ ਖ਼ਬਰਾਂ :
ਮਸਕ ਨੇ ਕਿਹਾ- ਐੱਚ1 ਵੀਜ਼ਾ ਪ੍ਰੋਗਰਾਮ ਖਤਮ ਹੋਣ ਵਰਗਾ, ਸੁਧਾਰ ਦੀ ਲੋੜ ਜਸਟਿਸ ਸੰਧਾਵਾਲੀਆ ਨੇ ਹਿਮਾਚਲ ਹਾਈਕੋਰਟ ਦੇ ਚੀਫ ਜਸਟਿਸ ਵਜੋਂ ਸਹੁੰ ਚੁੱਕੀਮੱਧ ਪ੍ਰਦੇਸ਼ ਦੇ ਗੁਨਾ ਵਿੱਚ 140 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਬੱਚੇ ਦੀ ਮੌਤਤਾਲਿਬਾਨ ਨੇ ਘਰਾਂ 'ਚ ਖਿੜਕੀਆਂ ਬਣਾਉਣ 'ਤੇ ਲਗਾਈ ਪਾਬੰਦੀ, ਕਿਹਾ- ਜਿੱਥੋਂ ਔਰਤਾਂ ਦਿਖਾਈ ਦੇਣ ਉੱਥੇ ਖਿੜਕੀਆਂ ਨਾ ਬਣਾਓ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਪ੍ਰੋਸਟੇਟ ਸਰਜਰੀ ਕਰਵਾਈ, ਰਿਕਵਰੀ ਲਈ ਅੰਡਰਗਾਊਂਡ ਕਮਰੇ ਵਿੱਚ ਹੋਏ ਸਿਫ਼ਟਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦਿਹਾਂਤ, 100 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ ਲਿਆਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਭਲਕੇ ਹੋਵੇਗਾ ਅੰਤਿਮ ਸਸਕਾਰ, 7 ਦਿਨਾਂ ਦਾ ਰਾਸ਼ਟਰੀ ਸੋਗ, 92 ਸਾਲ ਦੀ ਉਮਰ ਵਿੱਚ ਹੋਇਆ ਦਿਹਾਂਤਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
 
ਨਜਰਰੀਆ

ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ!

November 18, 2024 12:15 AM

-ਜਤਿੰਦਰ ਪਨੂੰ
ਗੱਲ ਕੋਈ ਚਾਲੀ ਸਾਲ ਪੁਰਾਣੀ ਹੈ। ਅੰਮ੍ਰਿਤਸਰ ਦੀ ਓਦੋਂ ਦੇ ਹਿਸਾਬ ਨਾਲ ਭੀੜ ਵਾਲੀ ਇੱਕ ਸੜਕ ਕੰਢੇ ਖੜੇ ਗੱਲਾਂ ਕਰ ਰਹੇ ਸਾਂ। ਅਚਾਨਕ ਇੱਕ ਮੋਟਰਸਾਈਕਲ ਵਾਲੇ ਨੇ ਕੋਲ ਆਣ ਕੇ ਬਰੇਕ ਲਾਈ ਤੇ ਸਾਊਪੁਣੇ ਬਗੈਰ ਕਹਿਣ ਲੱਗਾ: ਇਹ ਸੜਕ ਕਿੱਥੇ ਜਾਂਦੀ ਹੈ? ਕਹਿਣ ਦੇ ਢੰਗ ਤੋਂ ਖਿਝੇ ਹੋਣ ਕਾਰਨ ਮੇਰੇ ਮੂੰਹੋਂ ਨਿਕਲ ਗਿਆ ਕਿ ਬਹੁਤ ਸਾਲ ਹੋ ਗਏ ਵੇਖਦਿਆਂ, ਸੜਕ ਕਦੀ ਕਿਤੇ ਗਈ ਨਹੀਂ, ਇਸ ਤੋਂ ਲੰਘਣ ਵਾਲੇ ਕਿਤੇ ਨਾ ਕਿਤੇ ਚਲੇ ਜਾਂਦੇ ਹਨ। ਏਦਾਂ ਦਾ ਜਵਾਬ ਸਿਰਫ ਮੈਂ ਨਹੀਂ ਸੀ ਦਿੱਤਾ, ਮੇਰੇ ਵਾਂਗ ਕਈ ਲੋਕਾਂ ਨੇ ਕਦੇ ਨਾ ਕਦੇ ਦਿੱਤਾ ਹੋਇਆ ਹੋਵੇਗਾ। ਏਨੇ ਕੁ ਸਾਲਾਂ ਬਾਅਦ ਵੀ ਉਹ ਸੜਕ ਕਿਤੇ ਜਾਂਦੀ ਦਿੱਸੀ ਨਹੀਂ, ਲੋਕ ਹੀ ਲੰਘ ਕੇ ਕਿਤੇ ਨਾ ਕਿਤੇ ਜਾਂਦੇ ਰਹਿੰਦੇ ਹਨ। ਸੜਕ ਹੋਵੇ ਜਾਂ ਸਾਡਾ ਭਾਰਤ ਦੇਸ਼, ਬਹੁਤ ਘੱਟ ਫਰਕ ਸੜਕ ਵਿੱਚ ਅਤੇਇਸ ਦੇਸ਼ ਦੇ ਹਾਲਾਤ ਵਿੱਚ ਪਿਆ ਹੋਵੇਗਾ। ਆਵਾਜਾਈ ਸੜਕ ਉੱਤੇ ਚੋਖੀ ਵਧ ਗਈ ਅਤੇ ਆਬਾਦੀ ਦੇਸ਼ ਵਿੱਚ ਵਧ ਗਈ, ਜਿਸ ਕਾਰਨ ਸੜਕ ਓਦੋਂ ਜਿੰਨੀ ਘੱਟ ਚੌੜੀ ਬੁੱਤਾ ਨਹੀਂ ਸਾਰ ਸਕਦੀ, ਚੋਖੀ ਚੌੜੀ ਕਰਨੀ ਪਈ ਤੇ ਏਦਾਂ ਹੀ ਵਧ ਗਈ ਆਬਾਦੀ ਅਤੇ ਇਸ ਦੀਆਂ ਲੋੜਾਂ ਮੁਤਾਬਕ ਦੇਸ਼ ਦਾ ਢਾਂਚਾ ਵੀ ਖਿਲਾਰੇ ਵਾਲਾ ਹੋ ਗਿਆ ਹੈ, ਬਾਕੀ ਬੜਾ ਕੁਝ ਓਦਾਂ ਹੀ ਹੈ। ਓਦੋਂ ਵੀ ਸੜਕਾਂ ਉੱਤੇ ਚੱਲਣ ਲੱਗਿਆਂ ਸਿਰਫ ਆਪਣੇ ਬਚਾਅ ਬਾਰੇ ਸੋਚਣਾ ਪੈਂਦਾ ਸੀ, ਅਗਲਾ ਬਚਦਾ ਕਿ ਨਹੀਂ, ਉਸ ਦੀ ਚਿੰਤਾ ਨਹੀਂ ਸੀ ਕੀਤੀ ਜਾਂਦੀ ਅਤੇ ਅੱਜ ਵੀ ਕਰਨ ਦੀ ਲੋੜ ਨਹੀਂ ਸਮਝੀ ਜਾਂਦੀ। ਦੇਸ਼, ਸਮਾਜ ਤੇ ਰਾਜਨੀਤੀ ਵਿੱਚ ਵੀ ਓਦੋਂ ਵਾਂਗ ਆਪਣਾ ਹਿੱਤ ਵੇਖਿਆ ਜਾਂਦਾ ਹੈ, ਬਚ ਸਕੇ ਤਾਂ ਆਪਣੀ ਇੱਜ਼ਤ ਬਚਾਉਣ ਬਾਰੇ ਖਿਆਲ ਰੱਖਿਆ ਜਾਂਦਾ ਹੈ, ਦੂਸਰੇ ਦੀ ਇੱਜ਼ਤ ਦਾ ਕੀ ਬਣਦਾ ਹੈ, ਇਸ ਦੀ ਚਿੰਤਾ ਕਰਨ ਵਾਲਾ ਓਦੋਂ ਵੀ ਬੇਵਕੂਫ ਸਮਝਿਆ ਜਾਂਦਾ ਸੀ, ਚਾਲੀ ਸਾਲਾਂ ਬਾਅਦ ਅੱਜ ਵੀ ਏਦਾਂ ਹੀ ਹੈ।
ਇਸ ਵਕਤ ਭਾਰਤ ਵਿੱਚ ਜੋ ਕੁਝ ਹੁੰਦਾ ਆਏ ਦਿਨ ਦਿਖਾਈ ਦੇਂਦਾ ਅਤੇ ਕੰਨਾਂ ਵਿੱਚ ਗੂੰਜਦਾ ਹੈ, ਉਸ ਦੀ ਕਥਾ ਕਰਨ ਦੀ ਲੋੜ ਬੇਮਤਲਬੀ ਜਾਪਦੀ ਹੈ, ਸਾਡੇ ਆਂਢ-ਗਵਾਂਢ ਤੇ ਸਾਡੇ ਪੰਜਾਬ ਵਿੱਚ ਜਾਂ ਨਾਲ ਲੱਗਦੇ ਹਰਿਆਣੇ ਵਿੱਚ ਜੋ ਕੁਝ ਤੇ ਜਿੰਨਾ ਕੁਝ ਵਾਪਰਦਾ ਹੈ, ਉਸ ਵਿੱਚੋਂ ਛੋਟਾ ਜਿਹਾ ਹਿੰਦੁਸਤਾਨ ਦਿੱਸ ਸਕਦਾ ਹੈ। ਕੀ ਦੇਖਣਾ ਹੈ ਭਾਰਤ ਦੇ ਹੋਰ ਇਲਾਕਿਆਂ ਵਿੱਚ, ਇਹੋ ਵੇਖਣ ਅਤੇ ਸੁਣਨ ਨੂੰ ਮਿਲੇਗਾ ਕਿ ਆਰ ਐੱਸ ਐੱਸ ਅਤੇ ਉਸ ਦੀ ਬਣਾਈ ਹੋਈ ਪਾਰਟੀ ਦੇ ਆਗੂਆਂ ਨੇ ਲੋਕਾਂ ਨੂੰ ਏਨਾ ਮੂਰਖ ਮੰਨਣ ਦੀ ਆਦਤ ਨਹੀਂ ਛੱਡੀ ਕਿ ਜੋ ਮਰਜ਼ੀ ਕਹਿ ਕੇ ਉਸ ਨੂੰ ਇਤਹਾਸਕ ਤੱਥ ਕਹਿ ਦਿੱਤਾ ਜਾਵੇ, ਉਨ੍ਹਾਂ ਦੇ ਪਿੱਛਲੱਗ ਖੁਦ ਸੱਚ ਮੰਨਦੇ ਅਤੇ ਹੋਰਨਾਂ ਨੂੰ ਮਨਾਉਣ ਵਾਸਤੇ ਜ਼ੋਰ ਲਾ ਦੇਂਦੇ ਹਨ। ਕਾਂਗਰਸ ਦੀ ਲੀਡਰਸਿ਼ਪ ਆਪਣੇ ਨੇੜਲੇ ਘੇਰੇ ਦੇ ਅੱਠ-ਦਸ ਆਗੂਆਂ ਨੂੰ ਵੀ ਆਪਣੇ ਕਹਿਣੇ ਵਿੱਚ ਰੱਖਣ ਵਿੱਚ ਕਦੀ ਕਾਮਯਾਬ ਨਹੀਂ ਹੋ ਸਕੀ, ਪਰ ਆਪਣੇ ਆਪ ਨੂੰ ਸਾਰੇ ਦੇਸ਼ ਦੀ ਰਾਜਨੀਤੀ ਦੀ ਹਾਈ ਕਮਾਨ ਮੰਨਦੀ ਹੈ। ਜਿਹੜੇ ਕਿਸੇ ਰਾਜ ਵਿੱਚ ਉਸ ਦੇ ਲੀਡਰ ਆਪਣੀ ਜਿੱਤ ਹੋਣੀ ਯਕੀਨੀ ਸਮਝਦੇ ਹਨ ਤੇ ਆਮ ਲੋਕ ਵੀ ਇਹੋ ਮੰਨ ਲੈਂਦੇ ਹਨ, ਆਖਰ ਵਿੱਚ ਪਾਰਟੀ ਲੀਡਰਾਂ ਦੀ ਆਪਸੀ ਗੁੱਟਬੰਦੀ ਖੀਰ ਉੱਤੇ ਏਹੋ ਜਿਹੀ ਖੇਹ ਪਾਉਂਦੀ ਹੈ ਕਿ ਬੇਸ਼ਰਮੀ ਪੱਲੇ ਪੈ ਜਾਂਦੀ ਹੈ। ਇਸੇ ਖਰਾਬੀ ਦਾ ਤਾਜ਼ਾ ਸਬੂਤ ਹੈ ਕਿ ਹਰਿਆਣੇ ਵਿੱਚ ਚੋਣਾਂ ਵਿੱਚ ਹਾਰ ਜਾਣ ਪਿੱਛੋਂ ਇੱਕ ਮਹੀਨਾ ਲੰਘਾ ਕੇ ਵੀ ਪਾਰਟੀ ਵਿਰੋਧੀ ਧਿਰ ਦਾ ਨੇਤਾ ਚੁਣਨ ਵਾਸਤੇ ਸਹਿਮਤੀ ਕਰਨ ਜੋਗੀ ਨਹੀਂ ਹੋ ਸਕੀ ਤੇ ਹਾਊਸ ਵਿੱਚ ਉਸ ਦੇ ਵਿਧਾਇਕ ਮਨ-ਮਰਜ਼ੀ ਦੇ ਸਵਾਲ ਕਰਦੇ ਅਤੇ ਹਾਕਮ ਧਿਰ ਭਾਜਪਾ ਦੀਆਂ ਟਿਪਣੀਆਂ ਦੇ ਤੀਰ ਝੱਲਦੇ ਫਿਰਦੇ ਹਨ। ਬਾਕੀ ਵਿਰੋਧੀ ਪਾਰਟੀਆਂ ਦੀ ਲੀਡਰਸਿ਼ਪ ਵੀ ਇੱਕ ਜਾਂ ਦੂਸਰੇ ਤਰ੍ਹਾਂ ਲਗਭਗ ਏਹੋ ਜਿਹੀ ਹਾਲਾਤ ਦੀ ਘੁੰਮਣਘੇਰੀ ਵਿੱਚ ਫਸੀ ਹੋਈ ਦਿੱਸ ਸਕਦੀ ਹੈ।
ਪੰਜਾਬ ਦੀ ਲੀਡਰਸਿ਼ਪ ਆਏ ਦਿਨ ਉੱਪ ਚੋਣਾਂ ਵਿੱਚ ਉਲਝੀ ਰਹਿਣ ਦੀ ਮਜਬੂਰੀ ਨੂੰ ਬਹਾਨੇ ਵੱਜੋਂ ਵਰਤ ਲੈਂਦੀ ਹੈ, ਪਰ ਆਪਣੀਆਂ ਆਦਤਾਂ ਤੇ ਰੁਝਾਨ ਕਿਸੇ ਵੀ ਪਾਰਟੀ ਨੇ ਬਦਲਣ ਦੀ ਲੋੜ ਕਦੀ ਮਹਿਸੂਸ ਨਹੀਂ ਕੀਤੀ। ਬਦਲਣ ਦੀ ਲੋੜ ਵੀ ਕੀ ਹੈ, ਜਿਹੜਾ ਆਗੂ ਅੱਜ ਅਕਾਲੀ ਦਲ ਵਿੱਚ ਦਿਖਾਈ ਦੇਂਦਾ ਹੈ, ਭਲਕ ਨੂੰ ਕਾਂਗਰਸ ਵਿੱਚ ਤੇ ਪਰਸੋਂ ਭਾਜਪਾ ਵਿੱਚ ਜਾਂ ਆਮ ਆਦਮੀ ਪਾਰਟੀ ਵਿੱਚ ਜਾ ਕੇ ਏਦਾਂ ਸਾਰਿਆਂ ਦਾ ਮੋਹਰੀ ਬਣ ਜਾਂਦਾ ਹੈ, ਜਿਵੇਂ ਲਾਹੌਰੀਆਂ ਦੀ ਬੋਲੀ ਵਿੱਚ ਕਹਿੰਦੇ ਹਨ ਕਿ ਨਿਕੰਮਾ ਕੱਟਾ ਵੱਗ ਦਾ ਮੋਹਰੀ ਹੁੰਦਾ ਹੈ। ਅਸੀਂ ਲੋਕ ਅਜੇ ਤੱਕ ਹਰਿਆਣੇ ਦੇ ਇੱਕ ਰਾਜਸੀ ਮੁਹਾਵਰੇ ‘ਆਇਆ ਰਾਮ, ਗਿਆ ਰਾਮ’ ਨਾਲ ਬੁੱਤਾ ਸਾਰਦੇ ਪਏ ਹਾਂ, ਜਦ ਕਿ ਕਿਸੇ ਸਮੇਂ ਦੇ ਓਦੋਂ ਦੇ ਵਿਧਾਇਕ ਗਿਆ ਰਾਮ ਤੋਂ ਵੱਧ ਤਮਾਸ਼ਬੀਨੀਆਂ ਸਾਡੇ ਪੰਜਾਬ ਦੇ ਆਗੂ ਕਰਨ ਦੇ ਮਾਹਰ ਹਨ। ਇੱਕ ਲੀਡਰ ਨੇ ਕਾਂਗਰਸ ਵੱਲੋਂ ਵਿਧਾਨ ਸਭਾ ਚੋਣ ਲੜੀ ਅਤੇ ਆਮ ਆਦਮੀ ਪਾਰਟੀ ਤੋਂ ਹਾਰਨ ਦੇ ਅਗਲੇ ਸਾਲ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣ ਲੜੀ ਅਤੇ ਜਿੱਤੀ ਅਤੇ ਉਸ ਤੋਂ ਅਗਲੇ ਸਾਲ ਓਸੇ ਸੀਟ ਲਈ ਭਾਜਪਾ ਦਾ ਉਮੀਦਵਾਰ ਜਾ ਬਣਿਆ ਸੀ। ਏਥੇ ਦਲ-ਬਦਲੀ ਕਰਨ ਵਾਲੇ ਆਗੂਆਂ ਲਈ ‘ਆਇਆ ਰਾਮ, ਗਿਆ ਰਾਮ’ ਵਾਲਾ ਮੁਹਾਵਰਾ ਵਰਤਣ ਦੀ ਥਾਂ ਜਲੰਧਰ ਦੇ ਉਸ ਆਗੂ ਦਾ ਨਾਂ ਵੀ ਲਿਆ ਜਾ ਸਕਦਾ ਹੈ, ਪਰ ਅਸੀਂ ਵਰਤਦੇ ਨਹੀਂ। ਸਾਨੂੰ ਰਾਜਨੀਤਕ ਪੱਖ ਤੋਂਪਹਿਲਾਂ ਬਿਹਾਰ ਦਾ ਰਾਮ ਵਿਲਾਸ ਪਾਸਵਾਨ ਸਭ ਤੋਂ ਵੱਡਾ ਮੌਸਮ ਵਿਗਿਆਨੀ ਜਾਪਦਾ ਹੁੰਦਾ ਸੀ, ਕਿਉਂਕਿ ਉਹ ਹਰ ਚੋਣ ਮੌਕੇ ਦਲਬਦਲੀ ਕਰਦਾ ਤੇ ਉਸ ਗੱਠਜੋੜਨਾਲ ਜੁੜ ਜਾਂਦਾ ਹੁੰਦਾ ਸੀ, ਜਿਸ ਦੀ ਸਰਕਾਰ ਬਣਨੀ ਹੁੰਦੀ ਸੀ। ਫਿਰ ਨਿਤੀਸ਼ ਕੁਮਾਰ ਜਾਂ ਮਹਾਰਾਸ਼ਟਰ ਵਾਲਾ ਅਜੀਤ ਪਵਾਰ ਏਦਾਂ ਦਾ ਲੀਡਰ ਜਾਪਣ ਲੱਗ ਪਿਆ, ਪਰ ਏਦਾਂ ਸਮਝ ਲੈਣਾ ਪੰਜਾਬ ਦੇ ਨਿਹਾਲ ਸਿੰਘ ਵਾਲੀਏ ਉਸ ਆਗੂ ਨਾਲ ਕੁਝ ਬੇਇਨਸਾਫੀ ਜਾਪਦਾ ਹੈ, ਜਿਸ ਨੇ ਨਿਤੀਸ਼ ਕੁਮਾਰ ਜਾਂ ਅਜੀਤ ਪਵਾਰ ਦੇ ਗੱਠਜੋੜ ਬਦਲਣ ਤੋਂ ਵੀ ਵੱਧ ਪਾਰਟੀਆਂ ਬਦਲਣ ਦਾ ਕੰਮ ਕਰ ਵਿਖਾਇਆ ਸੀ। ਉਹਦੇ ਹੱਕ ਦਾ ਬਣਦਾ ਖਿਤਾਬ ਕਿਸੇ ਹੋਰ ਨੂੰ ਨਹੀਂ ਦੇਣਾ ਚਾਹੀਦਾ।
ਰਾਜਨੀਤਕ ਖੇਤਰ ਵਿੱਚ ਜਿਹੜੇ ਲੋਕ ਆਉਂਦੇ ਹਨ, ਆਜ਼ਾਦੀ ਲਹਿਰ ਦੇ ਦਿਨਾਂ ਦੌਰਾਨ ਉਨ੍ਹਾਂ ਵਿੱਚੋਂਬਹੁਤ ਸਾਰੇ ਦੇਸ਼ਭਗਤੀ ਦੀ ਭਾਵਨਾ ਨਾਲ ਓਤ-ਪੋਤ ਹੁੰਦੇ ਸਨ, ਬਾਅਦ ਵਿੱਚ ਆਇਆਂ ਵਿੱਚੋਂ ਬਹੁਤੇ ਆਗੂਆਂ ਦੀ ਸੋਚ ਕੁਰਸੀਆਂ ਉੱਤੇ ਬਹਿਣ ਅਤੇ ਬੈਠ ਗਏ ਹੋਣ ਤਾਂ ਟਿਕੇ ਰਹਿਣ ਤੱਕ ਸੀਮਤ ਹੁੰਦੀ ਹੈ। ਇਸ ਕਾਰਨ ਭਾਰਤ ਦੀ ਲੀਡਰਸਿ਼ਪ ਹੋਵੇ ਜਾਂ ਕਿਸੇ ਵੀ ਰਾਜ ਦੇ ਆਗੂ ਹੋਣ, ਜੋ ਕੁਝ ਵਿਰੋਧੀ ਧਿਰ ਵਿੱਚ ਹੁੰਦਿਆਂ ਆਖਦੇ ਹਨ, ਜਦੋਂ ਕਦੇ ਸੱਤਾ ਮਿਲ ਜਾਵੇ ਤਾਂ ਐਨ ਇਸ ਤੋਂ ਉਲਟ ਬੋਲਦੇ ਸੁਣਨ ਲੱਗਦੇ ਹਨ। ਲੋਕ ਪ੍ਰਧਾਨ ਮੰਤਰੀ ਤੱਕ ਦੇ ਪੁਰਾਣੇ ਭਾਸ਼ਣਾਂ ਦੀਆਂ ਕਲਿੱਪਾਂ ਵਾਇਰਲ ਕਰ ਕੇ ਖੁਸ਼ ਹੋਈ ਜਾਂਦੇ ਹਨ ਅਤੇ ਜਿਨ੍ਹਾਂ ਦੇ ਪੁਰਾਣੇ ਭਾਸ਼ਣਾਂ ਦੀਆਂ ਵੀਡੀਉ ਕਲਿੱਪਾਂ ਵਾਇਰਲ ਹੁੰਦੀਆਂ ਹਨ, ਉਹ ਨਾਰਾਜ਼ ਹੋਣ ਦੀ ਥਾਂ ਇਹ ਸੋਚ ਕੇ ਖੁਸ਼ ਹੋਈ ਜਾਂਦੇ ਹਨ ਕਿ ਲੋਕ ਏਨੇ ਕੁ ਮਨੋਰੰਜਨ ਨਾਲ ਦਿਲ ਦੀ ਸਾਰੀ ਭੜਾਸ ਕੱਢ ਲੈਣ ਤਾਂ ਅਗਲੀ ਚੋਣ ਤੱਕ ਇਨ੍ਹਾਂ ਗੱਲਾਂ ਨੂੰ ਆਮ ਜਿਹੀਆਂ ਮੰਨ ਕੇ ਫਿਰ ਸਾਡਾ ਪਾਇਆ ਚੋਗਾ ਚੁਗਣ ਜੋਗੇ ਹੋ ਜਾਣਗੇ। ਅਗਲੀ ਚੋਣ ਵਿੱਚ ਫਿਰ ਸੱਤਾ ਮਾਣਨ ਵਾਲੇ ਅਤੇ ਸੱਤਾ ਲਈ ਤਰਲੋਮੱਛੀ ਹੋਣ ਵਾਲੇ ਲੀਡਰਾਂ ਵਿੱਚ ਵੋਟਰਾਂ ਨੂੰ ਬੇਵਕੂਫ ਬਣਾਉਣ ਦਾ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ ਤੇ ਜਿਹੜਾ ਵੱਡੀ ਗੱਪ ਮਾਰਨ ਦੇ ਸਮਰੱਥ ਹੁੰਦਾ ਹੈ, ਉਸ ਨੂੰ ਲੋਕ ਜੇਤੂ ਕਰਾਰ ਦੇਣ ਦੇ ਲਈ ਬੇਤਾਬ ਹੋ ਜਾਂਦੇ ਹਨ। ਇੱਕ ਗੱਲ ਭਾਰਤੀ ਸਮਾਜ ਅਤੇ ਪੰਜਾਬੀ ਸਮਾਜ ਵਿੱਚ ਇਹ ਵੀ ਪ੍ਰਚੱਲਤ ਹੈ ਕਿ ਲੋਕ ਪੰਜ ਸਾਲ ਜਿਨ੍ਹਾਂ ਗੱਲਾਂ ਦਾ ਰੋਣਾ ਰੋਂਦੇ ਰਹਿੰਦੇ ਹਨ, ਵੋਟਾਂ ਵੇਲੇ ਉਹ ਸਭ ਗੱਲਾਂ ਭੁੱਲ ਜਾਂਦੇ ਤੇ ਭਾਸ਼ਣ ਕਲਾ ਦੀ ਐਕਟਿੰਗ ਦਾ ਮਾਹਰ ਲੀਡਰ ਜ਼ਰਾ ਭਾਵੁਕ ਹੋ ਕੇ ਚਾਰ ਗੱਲਾਂ ਕਹਿ ਦੇਵੇ ਤਾਂ ਉਸ ਦੀ ਜੈ-ਜੈ ਕਾਰ ਕਰਨ ਲੱਗਦੇ ਹਨ। ਚੋਣਾਂ ਦੀ ਘੜੀ ਲੰਘਣ ਦੇ ਬਾਅਦ ‘ਸਭ ਕੁਝ ਲੁਟਾ ਕੇ ਹੋਸ਼ ਮੇਂ ਆਏ ਤੋ ਕਿਅ ਆਏ’ ਵਾਲਾ ਹਾਲ ਹੋਇਆ ਪਤਾ ਲੱਗਦਾ ਹੈ।
ਜਦੋਂ ਦੇਸ਼ ਵਿੱਚ ਏਦਾਂ ਦੇ ਹਾਲਾਤ ਹਨ, ਕੁਝ ਬਦਲਦਾ ਦਿਖਾਈ ਨਹੀਂ ਦੇਂਦਾ ਤਾਂ ਲੋਕ ਇਸ ਦਾ ਕਾਰਨ ਸਮਝਣ ਦੀ ਇੱਛਾ ਰੱਖਦੇ ਹਨ, ਪਰ ਕਦੇ ਇਹ ਨਹੀਂ ਸੋਚਦੇ ਕਿ ਹਾਲਾਤ ਬਦਲਦੇ ਨਹੀਂ ਹੁੰਦੇ, ਬਦਲਣ ਦੀ ਇੱਛਾ ਪੂਰਤੀ ਵਾਸਤੇ ਕੁਝ ਕਰਨਾ ਵੀ ਪੈਂਦਾ ਹੈ। ਸਮਾਜ ਬਦਲਣਾ ਜਾਂ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਬਦਲਣੀ ਹੈ ਤਾਂ ਇਸ ਦੇ ਲਈ ਕੁਝ ਇਹੋ ਜਿਹੇ ਸਮਾਜ ਸੇਵੀਆਂ ਅਤੇ ਸਮਾਜ ਸੇਵੀ ਸੰਗਠਨਾਂ ਨੂੰ ਅੱਗੇ ਆਉਣ ਦੀ ਲੋੜ ਹੁੰਦੀ ਹੈ, ਜਿਹੜੇ ਖੁਦ ਰਾਜਨੀਤੀ ਦੇ ਕਿਸੇ ਵੀ ਪੜਾਅ ਉੱਤੇ ਆਪਣੇ ਲਈ ਜਾਂ ਆਪਣਿਆਂ ਲਈ ਕਿਸੇ ਕਿਸਮ ਦੇ ਲਾਭਾਂ ਤੋਂ ਅਗੇਤੀ ਤੌਬਾ ਕਰ ਸਕਦੇ ਹੋਣ। ਭਾਰਤ ਦੇ ਲੋਕਾਂ ਨੂੰ ਅਜੇ ਤੱਕ ਇਹੋ ਜਿਹੇ ਹਾਲਾਤ ਦੀ ਚਿਰਾਂ ਤੋਂ ਤਾਂਘ ਰਹੀ ਹੈ, ਪਰ ਬਦਕਿਸਮਤੀ ਹੈ ਕਿ ਜਦੋਂ ਵੀ ਕਦੀ ਏਦਾਂ ਹੋ ਸਕਣ ਦੀ ਜ਼ਰਾ ਜਿੰਨੀ ਝਲਕ ਦਿਖਾਈ ਦੇਂਦੀ ਹੈ, ਰਵਾਇਤੀ ਤਿਕੜਮਬਾਜ਼ ਰਾਜਨੀਤੀ ਦੀ ਲਾਗ ਵਾਲੇ ਲੀਡਰ ਅਗੇਤਾ ਰਾਹ ਰੋਕਣ ਲਈ ਬਾਕੀਆਂ ਨੂੰ ਮੋਢੇ ਮਾਰ ਕੇ ਸਭ ਤੋਂ ਮੋਹਰੇ ਹੋਣ ਲੱਗਦੇ ਹਨ। ਲੋੜ ਉਸ ਭਰੋਸੇਯੋਗਤਾ ਦੇ ਪਕੇਰੇ ਹੋਣ ਦਾ ਭਰੋਸਾ ਬੱਝਣ ਦੀ ਹੈ, ਪਰ ਜਦੋਂ ਹਰ ਪਾਸੇ ਭਰੋਸੇਯੋਗਤਾ ਨੂੰ ਖੋਰਾ ਲਾਉਣ ਦੀ ਰਾਜਨੀਤੀ ਹੋ ਰਹੀ ਹੋਵੇ ਤਾਂ ਲੋਕਾਂ ਦੀ ਇੱਛਾ ਪੂਰਤੀ ਵਾਲੀ ਭਰੋਸੇਯੋਗਤਾ ਪੇਸ਼ ਕਰਨ ਵਾਲਾ ਭਰੋਸੇ ਯੋਗ ਵਿਅਕਤੀ ਲੱਭਣਾ ਹੀ ਔਖਾ ਹੋਇਆ ਪਿਆ ਹੈ। ਅਸੀਂ ਬਹੁਤ ਵਾਰੀ ਸੁਣਿਆ ਹੈ ਕਿ ਧਰਤੀ ਕਦੀ ਬਾਂਝ ਨਹੀਂ ਹੁੰਦੀ, ਇਹ ਇਤਹਾਸ ਦੇ ਨਾਇਕ ਬਣਨ ਵਾਲੇ ਯੋਧਿਆਂ ਨੂੰ ਜਨਮ ਦੇਣ ਦੀ ਸਮਰੱਥ ਹਮੇਸ਼ਾ ਰਹਿੰਦੀ ਹੈ, ਪਰ ਜਿਸ ਖੇਤ ਵਿੱਚ ਬੀਜ ਹੀ ਕਿਸੇ ਪੁਰਾਣੇ ਰੋਗ ਦੀ ਲਾਗ ਵਾਲਾ ਕੇਰਿਆ ਗਿਆ ਹੋਵੇ, ਉਸ ਖੇਤ ਤੋਂ ਕਿੱਕਰਾਂ ਦੇ ਬੀਜ ਖਿਲਾਰ ਕੇ ਦਾਖਾਂ ਉੱਗਣ ਦੀ ਆਸ ਕਰਨੀ ਫਜ਼ੂਲ ਹੁੰਦੀ ਹੈ। ਚਿਰਾਂ ਤੋਂ ਇਹੋ ਹੁੰਦਾ ਆਇਆ ਹੈ, ਇਹੋ ਹੋਈ ਜਾ ਰਿਹਾ ਹੈ ਅਤੇ ਇਸ ਦਾ ਇਲਾਜ ਓਹੜ-ਪੋਹੜ ਕਰਨ ਤੋਂ ਅੱਗੇ ਨਹੀਂ ਵਧ ਰਿਹਾ।
ਓਸ਼ੋ ਰਜਨੀਸ਼ ਨੇ ਇੱਕ ਵਾਰੀ ਕਥਾ ਕੀਤੀ ਸੀ ਕਿ ਕੋਈ ਨੇਕ ਬੰਦਾ ਜਦੋਂ ਧਰਤੀ ਉੱਤੇ ਆਇਆ ਤਾਂ ਲੋਕ ਉਸ ਦੇ ਪੈਰੋਕਾਰ ਬਣਨ ਲੱਗ ਪਏ। ਹਰ ਪਾਸੇ ਜਦੋਂ ਉਸ ਦੀ ਮਹਿਮਾ ਹੁੰਦੀ ਵੇਖੀ ਤਾਂ ਸ਼ੈਤਾਨ ਦੇ ਮੰਤਰੀਆਂ ਨੇ ਉਸ ਨੂੰ ਜਾ ਕੇ ਕਿਹਾ ਕਿ ਤੂੰ ਕੀ ਕਰਦਾ ਪਿਆ ਹੈਂ, ਧਰਤੀ ਉੱਤੇ ਇੱਕ ਨੇਕ ਬੰਦਾ ਆ ਗਿਆ ਹੈ, ਸਭ ਲੋਕ ਉਸ ਨਾਲ ਜੁੜੀ ਜਾਂਦੇ ਹਨ, ਏਦਾਂ ਹੀ ਚੱਲੀ ਗਿਆ ਤਾਂ ਤੇਰੀ ਚੌਧਰ ਦੀ ਸਫ ਵਲ੍ਹੇਟੀ ਜਾ ਸਕਦੀ ਹੈ। ਉਸ ਨੇ ਆਪਣੇ ਮੰਤਰੀਆਂ ਨੂੰ ਹੱਸ ਕੇ ਕਿਹਾ ਸੀ, ਮੈਂ ਕੱਚੀਆਂ ਗੋਲੀਆਂ ਨਹੀਂ ਖੇਡਿਆ, ਆਉ ਤੁਹਾਨੂੰ ਆਪਣੀ ਖੇਡ ਸਮਝਾ ਦੇਂਦਾ ਹਾਂ। ਸਾਰਿਆਂ ਦਾ ਮੂੰਹ ਧਰਤੀ ਵੱਲ ਕਰ ਕੇ ਉਸ ਨੇ ਪੁੱਛਿਆ ਸੀ ਕਿ ਓਥੇ ਕੀ ਵੇਖਦੇ ਹਨ ਤੇ ਉਨ੍ਹਾਂ ਨੇ ਕਿਹਾ ਕਿ ਉਹ ਨੇਕ ਵਿਅਕਤੀ ਹਜ਼ਾਰਾਂ ਦੀ ਭੀੜ ਮੂਹਰੇ ਕੋਈ ਭਾਸ਼ਣ ਕਰਦਾ ਅਤੇ ਆਮ ਲੋਕ ਸਿਰ ਹਿਲਾ ਰਹੇ ਹਨ। ਸ਼ੈਤਾਨ ਨੇ ਪੁੱਛਿਆ ਕਿ ਉਸ ਦੇ ਘੇਰੇ-ਘੇਰੇ ਕੌਣ ਲੋਕ ਹਨ ਤਾਂ ਮੰਤਰੀਆਂ ਨੇ ਕਿਹਾ ਕਿ ਹਜ਼ਾਰਾਂ ਦੀ ਭੀੜ ਹੈ। ਉਸ ਨੇ ਫਿਰ ਪੁੱਛਿਆ ਕਿ ਹਜ਼ਾਰਾਂ ਦੀ ਭੀੜ ਭੁੱਲ ਕੇ ਅਸਲੋਂ ਨੇੜਲੇ ਘੇਰੇ ਵਾਲੇ ਲੋਕਾਂ ਵੱਲ ਵੇਖ ਕੇ ਦੱਸੋ ਕਿ ਕੌਣ ਹਨ! ਮੰਤਰੀਆਂ ਨੇ ਕਿਹਾ ਕਿ ਸਾਊ ਜਿਹੇ ਕੱਪੜਿਆਂ ਤੇ ਸਾਊ ਚਿਹਰਿਆਂ ਵਾਲੇ ਵੀਹ-ਪੰਝੀ ਜਣੇ ਬਾਕੀਆਂ ਤੋਂ ਵੱਖਰੇ ਸਤਿਕਾਰਤ ਜਿਹੇ ਸੱਜਣ ਹਨ। ਸ਼ੈਤਾਨ ਨੇ ਕਿਹਾ ਸੀ ਕਿ ਜਿਹੜੇ ਇਹ ਸਾਊ ਜਿਹੇ ਵੀਹ-ਪੰਝੀ ਸੱਜਣ ਉਸ ਨੂੰ ਘੇਰਾ ਪਾਈ ਖੜੇ ਹਨ, ਇਹ ਮੇਰੇ ਪ੍ਰਤੀਨਿਧ ਹਨ, ਇਨ੍ਹਾਂ ਜਿ਼ੰਮੇ ਇਹੀ ਕੰਮ ਹੈ ਕਿ ਲੋਕਾਂ ਨੂੰ ਕਹੀ ਜਾਣ ਕਿ ਜਿਹੜਾ ਇਸ ਦੇ ਦਰਸ਼ਨ ਕਰ ਲਵੇਗਾ ਜਾਂ ਇਸ ਦੇ ਚਰਨਾਂ ਦੀ ਧੂੜ ਮੱਥੇ ਨੂੰ ਛੁਹਾ ਲਵੇਗਾ, ਉਸ ਦਾ ਜਨਮ ਸਫਲ ਹੋ ਜਾਵੇਗਾ, ਪਰ ਲੋਕਾਂ ਨੂੰ ਇਸ ਨੇਕ ਵਿਅਕਤੀ ਦੇ ਰਾਹ ਉੱਤੇ ਕਦੇ ਨਹੀਂ ਚੱਲਣ ਦੇਣਗੇ। ਓਸ਼ੋ ਦੀ ਕਹੀ ਇਹ ਗੱਲ ਕਈ ਯੁੱਗਾਂ ਤੋਂ ਅਮਲ ਵਿੱਚ ਸੱਚੀ ਸਾਬਤ ਹੁੰਦੀ ਰਹੀ ਹੈ, ਅੱਜ ਵੀ ਸੱਚ ਸਾਬਤ ਹੁੰਦੀ ਹੈ। ਅਸੀਂ ਉਸ ਵਕਤ ਦੀ ਉਡੀਕ ਕਰ ਸਕਦੇ ਹਾਂ ਤੇ ਸਿਦਕ-ਦਿਲੀ ਨਾਲ ਉਡੀਕ ਕਰ ਸਕਦੇ ਹਾਂ, ਜਦੋਂ ਕੋਈ ਰਹਿਬਰ ਆਵੇ ਤਾਂ ਇਹੋ ਜਿਹੇ ਸਾਊ ਦਿੱਖ ਵਾਲੇ ਘਾਗਾਂ ਦਾ ਘੇਰਾ ਤੋੜ ਕੇ ਲੋਕਾਂ ਲਈ ਕੁਝ ਕਰ ਸਕੇ। ਉਸ ਵਕਤ ਤੱਕ ਇਹ ਸੜਕ ਕਿਸੇ ਪਾਸੇ ਨਹੀਂ ਜਾਣੀ, ਏਥੇ ਦੀ ਏਥੇ ਰਹੇਗੀ, ਇਸ ਤੋਂ ਲੰਘਣ ਵਾਲੇ ਲੰਘਦੇ ਰਹਿਣਗੇ ਤੇ ਦੇਸ਼ ਵੀ ਓਦਾਂ ਦਾ ਓਦਾਂ ਹੀ ਸਮੇਂ ਦੇ ਕੈਲੰਡਰ ਦੇ ਵਰਕੇ ਉਥੱਲਦਾ ਰਹੇਗਾ, ਲੀਡਰ ਮਜ਼ੇ ਮਾਣਦੇ ਰਹਿਣਗੇ, ਪਤਾ ਨਹੀਂ ਕਦੋਂ ਤੱਕ!

 
Have something to say? Post your comment
ਹੋਰ ਨਜਰਰੀਆ ਖ਼ਬਰਾਂ