Welcome to Canadian Punjabi Post
Follow us on

28

January 2025
ਬ੍ਰੈਕਿੰਗ ਖ਼ਬਰਾਂ :
ਗੁਮਟਾਲਾ ਪੁਲਿਸ ਚੌਕੀ 'ਤੇ ਹਮਲਾ: ਪੰਜਾਬ ਪੁਲਿਸ ਨੇ ਪਾਕਿਸਤਾਨ-ਆਈਐਸਆਈ ਦੀ ਹਮਾਇਤ ਪ੍ਰਾਪਤ ਨਾਰਕੋ ਅੱਤਵਾਦ ਮਾਡਿਊਲ ਦਾ ਕੀਤਾ ਪਰਦਾਫਾਸ਼, ਇੱਕ ਹੈਂਡ ਗ੍ਰਨੇਡ, ਦੋ ਪਿਸਤੌਲਾਂ ਸਮੇਤ ਦੋ ਕਾਬੂਫਿਰੋਜ਼ਪੁਰ ਵਿਖੇ ਦੋ ਰੋਜ਼ਾ ਰਾਜ ਪੱਧਰੀ ਬਸੰਤ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨਪੀ.ਐੱਸ.ਪੀ.ਸੀ.ਐੱਲ. ਦਾ ਲਾਈਨਮੈਨ ਅਤੇ ਮੀਟਰ ਰੀਡਰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5000 ਰੁਪਏ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਅਪ੍ਰੈਲ 2022 ਤੋਂ ਹੁਣ ਤੱਕ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਵਿੱਚ ਹੋਈਆਂ 6586 ਭਰਤੀਆਂ: ਹਰਭਜਨ ਸਿੰਘ ਈ.ਟੀ.ਓ.ਮਹਾਂਕੁੰਭ ਲਈ ਪ੍ਰਯਾਗਰਾਜ ਜਾ ਰਹੀ ਰੇਲਗੱਡੀ `ਤੇ ਕੀਤੀ ਗਈ ਪੱਥਰਬਾਜ਼ੀਸ਼੍ਰੀਲੰਕਾ ਦੀ ਜਲ ਸੈਨਾ ਦੀ ਗੋਲੀਬਾਰੀ ਵਿੱਚ 5 ਭਾਰਤੀ ਮਛੇਰੇ ਜ਼ਖਮੀਹੁਣ ਟਰੰਪ ਨੇ ਭਾਰਤ ਅਤੇ ਚੀਨ 'ਤੇ ਟੈਰਿਫ ਲਗਾਉਣ ਦੀ ਦਿੱਤੀ ਧਮਕੀਗੈਰ-ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ 'ਤੇ ਮੋਦੀ ਉਹੀ ਕਰਨਗੇ ਜੋ ਸਹੀ ਹੋਵੇਗਾ : ਟਰੰਪ
 
ਨਜਰਰੀਆ

ਨਵੇਂ ਸਬਕ ਦੇਣ ਵਾਲਾ ਸਾਬਤ ਹੋਇਆ ਹਰਿਆਣੇ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਦਾ ਨਤੀਜਾ

October 15, 2024 10:38 AM

-ਜਤਿੰਦਰ ਪਨੂੰ
ਅਕਤੂਬਰ ਦਾ ਪਹਿਲਾ ਹਫਤਾ ਅਸੀਂ ਭਾਰਤ ਦੇ ਦੋ ਉੱਤਰੀ ਰਾਜਾਂ: ਹਰਿਆਣਾ ਤੇ ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਕਰਾਉਣ ਦਾ ਇੱਕ ਹੋਰ ਤਜਰਬਾ ਹੁੰਦਾ ਵੇਖਿਆ ਹੈ। ਨਤੀਜਾ ਬੇਸ਼ੱਕ ਦੋਵਾਂ ਥਾਂਵਾਂ ਦਾ ਵੱਖੋ-ਵੱਖ ਨਿਕਲਿਆ ਹੈ, ਪਰ ਤਜਰਬਾ ਇੱਕੋ ਜਿਹੇ ਸਬਕ ਪੇਸ਼ ਕਰਨ ਵਾਲਾ ਕਿਹਾ ਜਾ ਸਕਦਾ ਹੈ। ਮਿਲਦਾਤਜਰਬਾ ਹੋਣ ਦੇ ਬਾਵਜੂਦ ਇੱਕ ਰਾਜ ਦੇ ਨਤੀਜੇ ਵਿੱਚ ਦੇਸ਼ ਦੀ ਕਮਾਨ ਸਾਂਭ ਰਹੀ ਭਾਰਤੀ ਜਨਤਾ ਪਾਰਟੀ ਮੋਰਚਾ ਜਿੱਤਣ ਵਿੱਚ ਸਫਲ ਰਹੀ, ਪਰ ਦੂਸਰੇ ਵਿੱਚ ਉਸ ਦੇ ਕਦਮ ਅੱਗੇ ਨਹੀਂ ਵਧ ਸਕੇ, ਕਈ ਪਾਪੜ ਵੇਲਣ ਦੇ ਬਾਵਜੂਦ ਸੱਤਾ ਤੋਂ ਵਾਂਝੀ ਰਹੀ ਹੈ। ਇਨ੍ਹਾਂ ਦੋ ਰਾਜਾਂ ਦੀਆਂ ਚੋਣਾਂ ਵਿੱਚ ਹੋਇਆ ਤਜਰਬਾ ਭਾਰਤੀ ਲੋਕਤੰਤਰ ਦੇ ਭਵਿੱਖ ਦੇ ਕਈ ਸੰਕੇਤ ਦੇਣ ਵਾਲਾ ਹੋ ਸਕਦਾ ਹੈ।
ਜਿਸ ਦਿਨ ਹਰਿਆਣੇ ਵਿੱਚ ਵੋਟਾਂ ਪੈ ਗਈਆਂ ਤੇ ਜੰਮੂ-ਕਸ਼ਮੀਰ ਵਿੱਚ ਵੋਟਾਂ ਦਾ ਆਖਰੀ ਗੇੜ ਨਿਪਟਿਆ, ਉਸੇਸ਼ਾਮ ਵੱਖ-ਵੱਖ ਚੈਨਲਾਂ ਅਤੇ ਏਜੰਸੀਆਂ ਨੇ ਆਪੋ-ਆਪਣੀਆਂ ਚੋਣ ਸਰਵੇਖਣ ਰਿਪੋਰਟਾਂ ਪੇਸ਼ ਕੀਤੀਆਂ ਤਾਂ ਦੋਵਾਂਰਾਜਾਂ ਵਿੱਚ ਭਾਜਪਾ ਹਾਰਦੀ ਪਈ ਸੀ। ਨਤੀਜਾ ਆਇਆ ਤਾਂ ਜੰਮੂ-ਕਸ਼ਮੀਰ ਵਿੱਚ ਭਾਜਪਾਸਚਮੁੱਚਪਛੜ ਗਈ ਅਤੇ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦਾ ਗੱਠਜੋੜ ਜਿੱਤ ਗਿਆ ਸੀ, ਪਰ ਹਰਿਆਣੇ ਵਿੱਚ ਜਿਹੜੀ ਕਾਂਗਰਸ ਨੂੰ ਨੱਬੇ ਸੀਟਾਂ ਵਿੱਚੋਂ ਸੱਠ ਜਾਂ ਇਸ ਤੋਂ ਵੱਧ ਸੀਟਾਂ ਮਿਲਦੀਆਂ ਦੱਸੀਆਂ ਗਈਆਂ, ਉਹ ਬੁਰੀ ਤਰ੍ਹਾਂ ਹਾਰ ਗਈ ਅਤੇ ਭਾਜਪਾ ਦੀ ਲਗਾਤਾਰ ਤੀਸਰੀ ਸਰਕਾਰ ਬਣਨ ਦਾ ਰਾਜ ਪੱਧਰਾ ਹੋ ਗਿਆ ਸੀ। ਕਾਂਗਰਸ ਚਾਲੀ ਸੀਟਾਂ ਤੋਂ ਵੀ ਹੇਠਾਂ ਰਹਿ ਗਈ ਅਤੇ ਉਸ ਨੂੰ ਪਛਾੜ ਕੇ ਭਾਜਪਾ ਅਠਤਾਲੀ ਸੀਟਾਂ ਲੈ ਗਈ। ਪਿਛਲੀ ਵਾਰੀ ਅੱਧੀਆਂ ਸੀਟਾਂ ਨਾ ਲੈ ਸਕਣ ਕਾਰਨ ਉਸ ਨੂੰ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਪੜਪੋਤੇ ਦੁਸਿ਼ਅੰਤ ਚੌਟਾਲਾ ਵੱਲੋਂ ਨਵੀਂ ਬਣਾਈ ਅਤੇ ਦਸ ਸੀਟਾਂ ਜਿੱਤ ਚੁੱਕੀ ਜਨਨਾਇਕ ਜਨਤਾ ਪਾਰਟੀਦੇ ਸਮਝੌਤੇ ਵਾਲੀ ਸਰਕਾਰ ਬਣਾਉਣੀ ਪਈ ਸੀ। ਉਸ ਸਮਝੌਤੇ ਹੇਠ ਦੁਸਿ਼ਅੰਤ ਚੌਟਾਲੇ ਨੂੰ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਦੇਣਾ ਪਿਆ ਸੀ, ਜਿਹੜਾ ਦਿੱਤਾ ਇਨ੍ਹਾਂ ਨੇ ਕੌੜ ਖਾ ਕੇ, ਪਰ ਅੰਤ ਨੂੰ ਉਸ ਅਹੁਦੇ ਆਸਰੇ ਦੁਸਿ਼ਅੰਤ ਨੂੰ ਨਾਲ ਜੋੜ ਕੇ ਪੰਜਾਂ ਸਾਲਾਂ ਵਿੱਚ ਇਸ ਤਰ੍ਹਾਂ ਪਿੰਜਿਆ ਕਿ ਉਸ ਦੇ ਪੱਲੇ ਹੀ ਕੁਝ ਨਹੀਂ ਰਹਿਣ ਦਿੱਤਾ। ਉਹ ਆਪਣੀ ਸੀਟ ਤੋਂ ਪੰਜਵੇਂ ਥਾਂ ਆਇਆ ਤੇ ਸਾਰੀ ਪਾਰਟੀ ਹੂੰਝੀ ਗਈ ਹੈ। ਉਸ ਦੇ ਦਾਦੇ ਓਮ ਪ੍ਰਕਾਸ਼ ਚੌਟਾਲਾ ਦੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਪਾਰਟੀ ਫਿਰ ਵੀ ਇਸ ਵਾਰੀ ਦੋ ਸੀਟਾਂ ਲੈ ਕੇ ਵਿਧਾਨ ਸਭਾ ਵਿੱਚ ਬਹਿਣ ਜੋਗੀ ਹੋ ਗਈ ਹੈ।
ਜੰਮੂ-ਕਸ਼ਮੀਰ ਵਿੱਚ ਨਤੀਜੇ ਸਰਵੇਖਣ ਦੇ ਨੇੜੇ-ਤੇੜੇ ਰਹੇ ਹਨ ਅਤੇ ਉਸ ਰਾਜ ਵਿੱਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਇੰਡੀਆ ਗੱਠਜੋੜ ਦੀ ਜਿੱਤ ਹੋਈ। ਜਿਸ ਤਰ੍ਹਾਂ ਹਰਿਆਣੇ ਵਿੱਚ ਭਾਜਪਾ ਨਾਲ ਗੱਠਜੋੜ ਬਣਾ ਕੇ ਦੁਸਿ਼ਅੰਤ ਚੌਟਾਲਾ ਦੀ ਪਾਰਟੀ ਰਗੜੀ ਗਈ, ਓਸੇ ਤਰ੍ਹਾਂ ਪੰਜ ਸਾਲ ਭਾਜਪਾ ਦੇ ਮੋਢੇ ਦਾ ਸਹਾਰਾ ਲੈ ਕੇ ਰਾਜ ਦਾ ਸੁਖ ਮਾਨਣ ਵਾਲੀ ਮਹਿਬੂਬਾ ਮੁਫਤੀ ਦੀ ਪੀ ਡੀ ਪੀ ਪਾਰਟੀ ਖੂੰਜੇ ਜਾ ਲੱਗੀ। ਦੋਵਾਂ ਰਾਜਾਂ ਵਿੱਚ ਨੱਬੇ-ਨੱਬੇ ਸੀਟਾਂ ਸਨ ਅਤੇ ਜਿੱਦਾਂ ਹਰਿਆਣੇ ਵਿੱਚ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਨੂੰ ਮਸਾਂ ਦੋ ਸੀਟਾਂ ਮਿਲੀਆਂ, ਓਵੇਂ ਮਹਿਬੂਬਾ ਦੀ ਪਾਰਟੀ ਨੱਬੇ ਵਿੱਚੋਂਮਸਾਂ ਤਿੰਨ ਸੀਟਾਂ ਜਿੱਤ ਸਕੀ ਅਤੇ ਪਾਰਟੀ ਦੀ ਮੁਖੀ ਮਹਿਬੂਬਾ ਦੀ ਪਹਿਲੀ ਵਾਰ ਚੋਣ ਲੜਦੀ ਧੀ ਇਲਤਿਜ਼ਾ ਵੀ ਆਪਣੇ ਪਰਵਾਰਕ ਦਬਦਬੇ ਵਾਲੀ ਸੀਟ ਤੋਂ ਹਾਰ ਗਈ। ਕੇਂਦਰ ਦੀ ਭਾਜਪਾ ਸਰਕਾਰ ਨੇ ਪਹਿਲਾਂ ਤਿੰਨ ਸੌ ਸੱਤਰ ਧਾਰਾ ਤੋੜਨ ਦੇ ਨਾਲ ਓਥੋਂ ਦਾ ਪੂਰੇ ਰਾਜ ਦਾ ਦਰਜਾ ਤੱਕ ਖਤਮ ਕਰ ਕੇ ਉਸ ਨੂੰ ਕੇਂਦਰੀ ਪ੍ਰਦੇਸ਼ ਵਾਲੀ ਨੀਵੇਂ ਦਰਜੇ ਵਾਲੀ ਸੂਬੜੀ ਬਣਾ ਦਿੱਤਾ, ਫਿਰ ਇਸ ਨਾਲੋਂ ਇੱਕ ਹਿੱਸਾ ਛਾਂਗ ਕੇ ਓਥੇ ਲੱਦਾਖ ਨਾਂਅ ਦਾ ਏਦਾਂ ਦਾ ਨਵਾਂ ਕੇਂਦਰੀ ਰਾਜ ਬਣਾ ਧਰਿਆ। ਅਗਲੀ ਗੱਲ ਇਹ ਕਿ ਨਵੀਂ ਹੱਦਬੰਦੀ ਕਰਨ ਵੇਲੇ ਬਾਕੀ ਬਚਦੇ ਜੰਮੂ-ਕਸ਼ਮੀਰ ਦੀ ਵਿਧਾਨ ਸਭਾ ਦੀਆਂ ਨੱਬੇ ਸੀਟਾਂ ਨਾਲ ਨਵੀਂ ਗੱਲ ਜੋੜ ਦਿੱਤੀਕਿ ਲੈਫਟੀਨੈਂਟ ਗਵਰਨਰ ਆਪਣੀ ਮਰਜ਼ੀ ਦੇ ਦਸ ਮੈਂਬਰ ਇਸ ਵਿੱਚ ਨਾਮਜ਼ਦ ਕਰ ਸਕਦਾ ਹੈ, ਜਿਨ੍ਹਾਂ ਦਾ ਪੂਰਾ ਵੋਟ ਅਧਿਕਾਰ ਹੋਣ ਕਾਰਨ ਵਿਧਾਨ ਸਭਾ ਨੱਬੇ ਦੀ ਬਜਾਏ ਪਚਾਨਵੇਂ ਮੈਂਬਰਾਂ ਦੀ ਬਣਦੀ ਹੈ। ਨੈਸ਼ਨਲ ਕਾਨਫਰੰਸ ਦੀਆਂ ਬਤਾਲੀ ਤੇ ਕਾਂਗਰਸ ਦੀਆਂ ਛੇ ਸੀਟਾਂ ਨਾਲ ਅਠਤਾਲੀ ਹੁੰਦਿਆਂ ਭਾਵੇਂ ਪਚਾਨਵੇਂ ਸੀਟਾਂ ਦੀ ਅਸੈਂਬਲੀ ਵਿੱਚ ਬਹੁ-ਗਿਣਤੀ ਬਣਦੀ ਹੈ, ਓਥੇ ਸੀ ਪੀ ਆਈ (ਐੱਮ) ਦਾ ਆਗੂ ਯੂਸਫ ਤਾਰੀਗਾਮੀ ਇੱਕ ਵਾਰ ਫਿਰ ਚੋਣ ਜਿੱਤ ਗਿਆ ਅਤੇ ਉਹ ਭਾਜਪਾ ਨਾਲ ਨਹੀਂ ਜਾਣ ਵਾਲਾ, ਵਿਰੋਧੀ ਗੱਠਜੋੜ ਦਾ ਸਾਥ ਦੇਵੇਗਾ। ਆਮ ਆਦਮੀ ਪਾਰਟੀ ਦਾ ਓਥੇ ਪਹਿਲੀ ਵਾਰ ਜਿੱਤਿਆਵਿਧਾਇਕ ਵੀਉਨ੍ਹਾਂ ਨਾਲ ਰਹਿਣਾ ਹੈ। ਭਾਜਪਾ ਦਾ ਸਿਆਸੀ ਸੁਫਨਾ ਇਸ ਲਈ ਉਸ ਰਾਜ ਵਿੱਚ ਪੂਰਾ ਨਹੀਂ ਹੋ ਸਕਿਆ ਕਿ ਉਸ ਨਾਲ ਜੁੜਨ ਦੀ ਸੰਭਾਵਨਾ ਵਾਲੀ ਪੀ ਡੀ ਪੀ ਪਾਰਟੀ ਲੋਕਾਂ ਨੇ ਨੁੱਕਰੇ ਲਾ ਦਿਤੀ ਅਤੇ ਕੇਂਦਰ ਦੀਆਂ ਨੀਤੀਆਂ ਨੂੰ ਵੀ ਇਸ ਰਾਜ ਦੇ ਇੱਕ ਵੱਡੇ ਹਿੱਸੇ ਵਿੱਚ ਨਕਾਰਨ ਵਾਲਾ ਫਤਵਾ ਲੋਕਾਂ ਨੇ ਦੇ ਦਿੱਤਾ ਹੈ।
ਵਿਰੋਧੀ ਧਿਰਾਂ ਦਾ ਜਿਹੜਾ ਤਜਰਬਾ ਜੰਮੂ-ਕਸ਼ਮੀਰ ਵਿੱਚਸਫਲ ਰਿਹਾ, ਉਹ ਹਰਿਆਣੇ ਦੀਆਂ ਚੋਣਾਂ ਵਿੱਚਕਈ ਗੱਲਾਂ ਨਾਲ ਇਸ ਤੋਂ ਉਲਟ ਗਿਆ ਕਿਹਾ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਪਹਿਲੀ ਗੱਲ ਹਰਿਆਣੇ ਦੇ ਕਾਂਗਰਸੀ ਲੀਡਰਾਂ ਦਾ ਹੱਦੋਂ ਵੱਧ ਭਰੋਸਾ ਸੀ ਕਿ ਇਸ ਵਾਰੀ ਅਸੀਂ ਜਿੱਤੇ ਪਏ ਹਨ, ਕਿਸੇ ਨਾਲ ਸਮਝੌਤਾ ਕਰਨ ਦੀ ਗੱਲ ਵੀ ਕਰਨ ਦੀ ਲੋੜ ਨਹੀਂ। ਨਤੀਜੇ ਆਏ ਤਾਂ ਕੁਝ ਸੀਟਾਂ ਕਾਂਗਰਸ ਇਸ ਲਈ ਹਾਰ ਗਈ ਪਤਾ ਲੱਗੀ ਕਿ ਓਥੇ ਮੁਕਾਬਲੇ ਉੱਤੇ ਆਮ ਆਦਮੀ ਪਾਰਟੀ ਦਾ ਬੰਦਾ ਖੜਾ ਸੀ ਤੇ ਉਹ ਚੋਖੀਆਂ ਵੋਟਾਂ ਲੈ ਗਿਆ ਸੀ। ਉਸ ਪਾਰਟੀ ਨੂੰ ਕਾਂਗਰਸ ਵਾਲੇ ਨਿਗੂਣੀ ਜਿਹੀ ਸੋਚਦੇ ਸਨ, ਪਰ ਕੁਝ ਸੀਟਾਂ ਉੱਤੇ ਉਸ ਦੇ ਉਮੀਦਵਾਰ ਦਸ ਤੇ ਪੰਦਰਾਂ ਹਜ਼ਾਰ ਤੋਂ ਵੱਧ ਵੋਟਾਂ ਲੈ ਗਏ ਅਤੇ ਇੱਕ ਸੀਟ ਉੱਤੇ ਚਾਲੀ ਹਜ਼ਾਰ ਨੂੰ ਵੀ ਚੋਖਾ ਟੱਪ ਗਏ ਸਨ। ਕਮਾਲ ਦੀ ਗੱਲ ਇਹਕਿ ਹਰਿਆਣੇ ਦੀ ਹਾਰ ਤੋਂ ਬਾਅਦ ਫਿਰ ਕਾਂਗਰਸ ਨੇ ਇਹ ਬਿਆਨ ਦਾਗ ਦਿੱਤਾ ਹੈ ਕਿ ਇੰਡੀਆ ਗੱਠਜੋੜ ਦੀਆਂ ਧਿਰਾਂ ਨਾਲ ਚੋਣ ਦਾ ਜੋੜ-ਤੋੜ ਕਰਨ ਦੀ ਨੀਤੀ ਉੱਤੇ ਨਵੇਂ ਸਿਰੇ ਤੋਂ ਵਿਚਾਰ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਨੇ ਵੀ ਇਹੋ ਗੱਲ ਕਹਿਣ ਵਿੱਚ ਦੇਰ ਨਹੀਂ ਕੀਤੀ ਤੇ ਅੱਗੋਂ ਲਈ ਦੁਵੱਲੇ ਨਵੇਂਆਪਸੀ ਆਢੇ ਦਾ ਰਾਹ ਖੋਲ੍ਹ ਕੇ ਭਾਜਪਾ ਲਈ ਭਵਿੱਖ ਦੇ ਰਾਹ ਖਾਲੀ ਕਰ ਦੇਣ ਦਾ ਇੱਕ ਅਣ-ਐਲਾਨਿਆ ਇਸ਼ਾਰਾ ਕਰ ਦਿੱਤਾ ਹੈ, ਪਰ ਆਪੋ ਆਪਣੀ ਪਾਰਟੀ ਦੀ ਹਾਰ ਬਾਰੇ ਉਹ ਲੇਖਾ-ਜੋਖਾ ਨਹੀਂ ਕੀਤਾ, ਜਿਸ ਦੀ ਬਹੁਤ ਸਾਰੇ ਉਨ੍ਹਾਂ ਦੇ ਸਮੱਰਥਕ ਅਤੇ ਹੋਰ ਵਰਗਾਂ ਦੇ ਲੋਕ ਵੀ ਉਨ੍ਹਾਂ ਕੋਲੋਂ ਤੀਬਰਤਾ ਨਾਲ ਆਸ ਕਰ ਰਹੇ ਸਨ।
ਆਮ ਆਦਮੀ ਪਾਰਟੀ ਘਾਟੇ ਵਿੱਚ ਰਹੀ ਨਹੀਂ ਕਹੀ ਜਾ ਸਕਦੀ, ਕਿਉਂਕਿ ਉਸ ਦੀ ਇੱਕ ਇੱਛਾ ਓਦੋਂ ਸਿਰੇ ਚੜ੍ਹ ਗਈ ਸੀ, ਜਦੋਂ ਗੁਜਰਾਤ ਦੀਆਂ ਕੁਝ ਸੀਟਾਂ ਜਿੱਤ ਜਾਣ ਨਾਲ ਦਿੱਲੀ, ਪੰਜਾਬ ਅਤੇ ਗੋਆ ਦੀਆਂ ਸੀਟਾਂ ਪਿੱਛੋਂ ਚੌਥੇ ਰਾਜ ਵਿੱਚ ਪ੍ਰਤੀਨਿਧਤਾ ਹੋਣ ਕਾਰਨ ਉਸ ਨੂੰ ਕੌਮੀ ਪਾਰਟੀ ਦਾ ਦਰਜਾ ਮਿਲ ਗਿਆ ਸੀ। ਹਰਿਆਣੇ ਵਿੱਚ ਹਾਰ ਹੋਣ ਵੇਲੇ ਉਸ ਨੂੰ ਜੰਮੂ-ਕਸ਼ਮੀਰ ਵਿੱਚ ਜਿਹੜੀ ਇੱਕ ਸੀਟ ਮਿਲ ਗਈ ਹੈ, ਉਸ ਨਾਲ ਪੰਜਵੇਂ ਰਾਜ ਵਿੱਚ ਝੰਡਾ ਗੱਡ ਚੁੱਕੀ ਹੈ ਤੇ ਕਿਸੇ ਚੋਣ ਵਿੱਚ ਕਿਸੇ ਇੱਕ ਰਾਜ ਵਿੱਚ ਭਾਂਡਾ ਖਾਲੀ ਵੀ ਰਹਿ ਗਿਆ ਤਾਂ ਚਾਰ ਰਾਜਾਂ ਦੀ ਸ਼ਰਤ ਉਹ ਪੂਰੀ ਕਰਦੀ ਰਹੇਗੀ ਤੇ ਕੌਮੀ ਪਾਰਟੀ ਦੇ ਦਰਜੇ ਨੂੰ ਕੋਈ ਖਤਰਾ ਨਹੀਂ ਹੋਵੇਗਾ। ਵੱਡੀ ਸੱਟ ਕਾਂਗਰਸ ਨੂੰ ਪਈ ਹੈ, ਜਿਸ ਨੂੰ ਹਰਿਆਣੇ ਵਿੱਚ ਇਸ ਵਾਰੀ ਸੱਤਾ ਮਿਲਣ ਦੀ ਝਾਕ ਸੀ, ਪਰ ਕੁਰਸੀ ਨੇੜੇ ਆਣ ਕੇ ਬਾਈਪਾਸ ਨਿਕਲ ਗਈ ਅਤੇ ਇਹ ਹੱਕੇ-ਬੱਕੇ ਰਹਿ ਗਏ ਹਨ। ਇਸ ਦੇ ਬਾਅਦ ਪਾਰਟੀ ਵਿੱਚ ਚੋਣਾਂ ਵਿੱਚ ਹੋਈ ਹਾਰ ਦੇ ਕਾਰਨਾਂ ਬਾਰੇ ਬਿਆਨਬਾਜ਼ੀ ਚੱਲ ਤੁਰੀ ਹੈ।
ਜਦੋਂ ਹਰਿਆਣੇ ਦੀ ਹਾਰ ਦਾ ਲੇਖਾ ਕਰਨ ਦਾ ਮੌਕਾ ਆਇਆ ਤਾਂ ਸਭ ਤੋਂ ਪਹਿਲਾ ਗੋਲਾ ਪਾਰਟੀ ਦੇ ਕੇਂਦਰ ਵਾਲੇ ਆਗੂ ਰਾਹੁਲ ਗਾਂਧੀ ਨੇ ਦਾਗਿਆ ਕਿ ਸਾਡੇ ਸੂਬਾਈ ਲੀਡਰ ਪਾਰਟੀ ਹਿੱਤਾਂ ਦੀ ਥਾਂ ਨਿੱਜੀ ਹਿੱਤਾਂ ਨੂੰ ਪਹਿਲ ਦੇਣ ਲੱਗੇ ਰਹੇ ਸਨ ਅਤੇ ਇਸੇਲਈ ਪਾਰਟੀ ਜਿੱਤ ਦੇ ਨੇੜੇ ਪਹੁੰਚ ਕੇ ਹਾਰ ਗਈ ਹੈ। ਉਸ ਦੀ ਇਹ ਗੱਲ ਬਿਲਕੁਲ ਠੀਕ ਹੈ ਅਤੇ ਸਾਰੀ ਦੁਨੀਆ ਜਾਣਦੀ ਹੈ ਕਿ ਚੱਲਦੀ ਚੋਣ ਦੌਰਾਨ ਵੀ ਹਰਿਆਣੇ ਦੇ ਦੋ ਲੀਡਰਾਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਉਸ ਦੀ ਮੁੱਖ ਵਿਰੋਧਣ ਕੁਮਾਰੀ ਸ਼ੈ਼ਲਜਾ ਦਾ ਮੁੱਖ ਮੰਤਰੀ ਦੀ ਕੁਰਸੀ ਲਈ ਆਢਾ ਲਗਾਤਾਰ ਲੱਗਾ ਰਿਹਾ ਸੀ। ਜਿਸ ਦਿਨ ਚੋਣਾਂ ਲਈ ਪ੍ਰਚਾਰ ਸ਼ਾਮ ਨੂੰ ਬੰਦ ਹੋਣਾ ਸੀ, ਉਸ ਦਿਨ ਵੀ ਦੋਵਾਂ ਧਿਰਾਂ ਦਾ ਜ਼ੋਰ ਵੋਟਰਾਂ ਵੱਲ ਜਾਣ ਦਾ ਸਮਾਂ ਦੇਣ ਦੀ ਥਾਂ ਸੋਨੀਆ ਗਾਂਧੀ ਦੇ ਘਰ ਜਾ ਕੇ ਇਹ ਤਰਲੇ ਮਾਰਨ ਉੱਤੇ ਲੱਗਾ ਸੁਣੀਂਦਾ ਸੀ ਕਿ ਕੁਰਸੀ ਸਿਰਫ ਓਸੇ ਨੂੰ ਦਿਉ। ਚੋਣ ਦਾ ਨਤੀਜਾ ਦੋਵਾਂ ਧਿਰਾਂ ਨੂੰ ਪੰਜ ਸਾਲ ਸੜਕਾਂ ਉੱਤੇ ਘੁੰਮਣ ਤੇ ਲੋਕਾਂ ਦੇ ਮਿਹਣੇ ਸੁਣਨ ਦਾ ਚੋਖਾਸਮਾਂ ਦੇ ਗਿਆ ਹੈ। ਦੋਵਾਂ ਆਗੂਆਂ ਦੇ ਆਢੇ ਦਾ ਹਾਲ ਇਹ ਹੈ ਕਿ ਇਨ੍ਹਾਂ ਵਿੱਚੋਂ ਇੱਕ ਜਣੇ ਦੇ ਪਿੰਡ ਤੋਂ ਕਾਂਗਰਸ ਪਿਛਲੀਆਂ ਤਿੰਨੇ ਚੋਣਾਂ ਦੌਰਾਨ ਭਾਜਪਾ ਤੋਂ ਵੱਧ ਵੋਟਾਂ ਲੈਂਦੀ ਰਹੀ, ਇਸ ਵਾਰੀ ਉਸ ਪਿੰਡ ਤੋਂ, ਮੁੱਖ ਮੰਤਰੀ ਦੀ ਕੁਰਸੀ ਦੇ ਦਾਅਵੇਦਾਰ ਦੇ ਆਪਣੇ ਪਿੰਡ ਤੋਂ ਭਾਜਪਾ ਨੂੰ ਉੱਨੀ ਸੌ ਨੇੜੇ ਵੋਟਾਂ ਮਿਲੀਆਂ ਅਤੇ ਕਾਂਗਰਸਮਸਾਂ ਨੌਂ ਸੌ ਲੈ ਸਕੀ ਹੈ। ਮੁੱਖ ਮੰਤਰੀ ਬਣਨ ਲਈ ਦੁੜੰਗੇ ਲਾਉਣ ਵਾਲੇ ਲੀਡਰ ਦੇ ਪਿੰਡੋਂ ਕਾਂਗਰਸ ਦੀਆਂ ਵੋਟਾਂ ਭਾਜਪਾ ਨਾਲੋਂ ਅੱਧੀਆਂ ਵੀ ਨਹੀਂ ਮਿਲੀਆਂ। ਸਾਫ ਹੈ ਕਿ ਵੋਟਰਾਂ ਨੇ ਇਹ ਫਤਵਾ ਦੇ ਦਿੱਤਾ ਹੈ ਕਿ ਇਹ ਲੋਕ ਚੋਣਾਂ ਹੋਣ ਤੋਂ ਪਹਿਲਾਂ ਹੀ ਜਦੋਂ ਏਦਾਂ ਦੀ ਖਿੱਚੋਤਾਣ ਵਿੱਚ ਫਸੇ ਫਿਰਦੇ ਹਨ ਤਾਂ ਜਿੱਤਣ ਪਿੱਛੋਂ ਵੀ ਭਲਾ ਨਹੀਂ ਕਰਨ ਵਾਲੇ, ਇਸ ਲਈ ਰਾਜ ਸੱਤਾ ਤੋਂ ਬਾਹਰ ਰੱਖੇ ਹੀ ਠੀਕ ਰਹਿਣਗੇ।
ਦੂਸਰਾ ਪੱਖ ਕਾਂਗਰਸ ਹਾਈ ਕਮਾਨ ਦੇ ਵਿਹਾਰ ਦਾ ਹੈ। ਪ੍ਰਧਾਨ ਬੇਸ਼ੱਕ ਮਲਿਕਾਰਜੁਨ ਖੜਗੇ ਨੂੰ ਬਣਾਇਆ ਹੋਵੇ, ਪਾਰਟੀ ਅੱਜ ਵੀ ਰਾਹੁਲ ਗਾਂਧੀ ਤੇ ਉਸ ਦੀ ਮਾਤਾ ਸੋਨੀਆ ਗਾਂਧੀ ਚਲਾਉਂਦੇ ਹਨ। ਉਨ੍ਹਾਂ ਦੀ ਨੀਤੀ ਬਹੁਤ ਚਿਰਾਂ ਤੋਂ ਇਹ ਰਹੀ ਹੈ ਕਿ ਹਰ ਰਾਜ ਵਿੱਚ ਵੱਡੇ ਲੀਡਰਾਂ ਦੇ ਦੋ ਜਾਂ ਤਿੰਨ ਧੜੇ ਕਾਇਮ ਰੱਖਣੇ ਹਨ, ਤਾਂ ਕਿ ਲੜਦੇ ਰਹਿਣ ਅਤੇ ਕੇਂਦਰ ਵਿੱਚ ਆ ਕੇ ਮੁੜ-ਮੁੜ ਉਸ ਘਰ ਦੀ ਸਰਦਲ ਉੱਤੇ ਮੱਥਾ ਰਗੜਦੇ ਰਿਹਾ ਕਰਨ। ਮੱਧ ਪ੍ਰਦੇਸ਼ ਵਿੱਚ ਕਮਲ ਨਾਥ ਅਤੇ ਜਿਉਤਿਰਾਦਿੱਤਿਆ ਸਿੰਧੀਆ ਜਾਂ ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਦੀ ਲੜਾਈ ਨੇ ਜਿਹੜੇ ਚੰਦ ਚੜ੍ਹਾਏ ਸਨ, ਉਨ੍ਹਾਂ ਦੀ ਅਗਲੀ ਵੰਨਗੀ ਹਰਿਆਣੇ ਵਿੱਚ ਵੇਖਣ ਨੂੰ ਮਿਲੀ ਹੈ। ਪੰਜਾਬ ਵਿੱਚ ਵੀ ਮੁੱਖ ਮੰਤਰੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਇਆ ਸੀ, ਪਰ ਪਹਿਲੀ ਵਾਰੀ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਉਸ ਦੇ ਖਿਲਾਫ ਕੁਝ ਨਾ ਕੁਝ ਕਰਨ ਦੀ ਸ਼ਹਿ ਦੇਂਦੇ ਰਹੇ ਅਤੇ ਦੂਸਰੀ ਵਾਰ ਮੁੱਖ ਮੰਤਰੀ ਬਣਿਆ ਤਾਂ ਉਸ ਨੂੰ ਤੰਗ ਕਰਦੇ ਰਹਿਣ ਲਈ ਨਵਜੋਤ ਸਿੰਘ ਸਿੱਧੂ ਨੂੰ ਇਹੋ ਜਿਹੀ ਸ਼ਹਿ ਦੇਂਦੇ ਰਹੇ ਸਨ। ਮੁਕਾਬਲਾ ਉਸ ਭਾਜਪਾ ਨਾਲ ਹੈ, ਜਿਸ ਵਿੱਚ ਫੌਜੀਆਂ ਵਰਗਾ ਡਿਸਿਪਲਿਨ ਹੈ ਅਤੇ ਕੋਈ ਉੱਤੋਂ ਆਏ ਹੁਕਮਾਂ ਖਿਲਾਫ ਕੁਝ ਬੋਲਣ ਦੀ ਜੁਰਅੱਤ ਨਹੀਂ ਕਰ ਸਕਦਾ। ਜਿਹੜੇ ਹਰਿਆਣੇ ਦੀ ਹਾਰ ਦੇ ਬਾਅਦ ਰਾਹੁਲ ਗਾਂਧੀ ਬਹੁਤ ਗੁੱਸੇ ਵਿੱਚ ਓਥੋਂ ਵਾਲੇ ਲੀਡਰਾਂ ਬਾਰੇ ਕੌੜਾ ਬੋਲਿਆ ਹੈ, ਜਦੋਂ ਚੱਲਦਾ ਚੋਣ ਪ੍ਰਚਾਰ ਛੱਡ ਕੇ ਉਹੋ ਲੋਕ ਦਿੱਲੀ ਵਿੱਚ ਕਾਂਗਰਸ ਦੀ ਅਸਲੀ ਹਾਈ ਕਮਾਨ ਮੰਨੇ ਜਾਂਦੇ ਮਾਂ-ਪੁੱਤਰ ਕੋਲ ਤਰਲੇ ਕਰਨ ਜਾਂਦੇ ਸਨ ਕਿ ਮੁੱਖ ਮੰਤਰੀ ਦੀ ਕੁਰਸੀ ਲਈ ਗੁਣਾ ਪਾ ਦਿਉ, ਓਦੋਂ ਰੋਕਣਾ ਚਾਹੀਦਾ ਸੀ। ਨਾ ਮਾਂ ਨੇ ਰੋਕਿਆ ਅਤੇ ਨਾ ਉਸ ਦੇ ਪੁੱਤਰ ਰਾਹੁਲ ਗਾਂਧੀ ਨੇ ਰੋਕਣ ਦੀ ਲੋੜ ਸਮਝੀ, ਸਗੋਂ ਅੰਦਰੋਂ ਖੁਸ਼ ਹੋਣਗੇ ਕਿ ਮੁੱਖ ਮੰਤਰੀ ਉਹ ਬਣਨ ਜਾਂ ਨਾ, ਜਿਹੜਾ ਬਣ ਗਿਆ, ਅਗੇਤਾ ਉਹ ਲੀਡਰਸਾਡੀ ਸਰਦਲ ਉੱਤੇ ਨੱਕ ਰਗੜਨ ਲਈ ਪਹੁੰਚਦਾ ਪਿਆ ਹੈ। ਚੋਣਾਂ ਹਾਰਨ ਦੇ ਬਾਅਦ ਹਰਿਆਣੇ ਦੇ ਲੀਡਰਾਂ ਦਾ ਕਸੂਰ ਕੱਢਣ ਦੀ ਥਾਂ ਕਾਂਗਰਸ ਹਾਈ ਕਮਾਨ ਨੂੰ ਆਪਣੇ ਬਾਰੇ ਵੀ ਸੋਚਣਾ ਚਾਹੀਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ! ਮਹਾਰਾਸ਼ਟਰ, ਝਾਰਖੰਡ ਦੇ ਨਾਲ ਪੰਜਾਬ ਦੀਆਂ ਚਾਰ ਸੀਟਾਂ ਲਈ ਚੋਣਾਂ ਪੇਂਡੂ ਵੋਟਰੋ ਲੋਕ ਸੇਵਾ ਵਾਲੇ ਪੜ੍ਹੇ ਲਿਖੇ ਸਰਪੰਚ/ਪੰਚ ਚੁਣੋ! ਪ੍ਰੋ. ਕੁਲਬੀਰ ਸਿੰਘ ਦੇ ਟੋਰਾਂਟੋ ਆਉਣ `ਤੇ -- ਮੀਡੀਆ ਅਤੇ ਖੇਡਾਂ ਤੇ ਖਿਡਾਰੀ: ਪ੍ਰੋ. ਕੁਲਬੀਰ ਸਿੰਘ ਉਂਜ ਰਾਜ ਤਾਂ ਭਾਰਤ ਵਿੱਚ ਕਾਨੂੰਨ ਦਾ ਹੀ ਕਿਹਾ ਜਾਂਦੈ...