ਟੋਰਾਂਟੋ, 2 ਮਾਰਚ (ਪੋਸਟ ਬਿਊਰੋ) : ਵੀਕੈਂਡ ਉੱਤੇ ਟੋਰਾਂਟੋ ਤੇ ਜੀਟੀਏ ਵਿੱਚ ਇੱਕ ਵਾਰੀ ਫਿਰ ਵੱਡਾ ਤੂਫਾਨ ਆਉਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇੱਕ ਹਫਤੇ ਤੋਂ ਕੁੱਝ ਵੱਧ ਸਮੇਂ ਵਿੱਚ ਰੀਜਨ ਵਿੱਚ ਆਉਣ ਵਾਲਾ ਇਹ ਤੀਜਾ ਤੂਫਾਨ ਹੈ।
ਸ਼ੁੱਕਰਵਾਰ ਸ਼ਾਮ ਤੋਂ ਇਸ ਤੂਫਾਨ ਦੇ ਸ਼ੁਰੂ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੌਰਾਨ ਆਖਿਆ ਗਿਆ ਕਿ ਟੋਰਾਂਟੋ ਤੇ ਜੀਟੀਏ ਮੁੜ ਬਰਫ ਦੀ ਚਾਦਰ ਨਾਲ ਢਕ ਜਾਣਗੇ। ਇਹ ਵੀ ਆਖਿਆ ਗਿਆ ਹੈ ਕਿ ਇਸ ਦੌਰਾਨ ਆਵਾਜਾਈ ਵਿੱਚ ਵਿਘਣ ਪੈ ਸਕਦਾ ਹੈ। ਤੂਫਾਨ ਸ਼ਾਮੀਂ 5:00 ਵਜੇ ਸੁ਼ਰੂ ਹੋ ਕੇ ਰਾਤ ਭਰ ਚੱਲਣ ਦੀ ਸੰਭਾਵਨਾ ਹੈ। ਸ਼ਨਿੱਚਰਵਾਰ ਤੱਕ 15 ਤੋਂ 25 ਸੈਂਟੀਮੀਟਰ ਤੱਕ ਬਰਫਬਾਰੀ ਹੋਣ ਦੀ ਉਮੀਦ ਵੀ ਹੈ। ਸਿਟੀ ਆਫ ਟੋਰਾਂਟੋ ਵਿੱਚ ਤਾਂ 30 ਸੈਂਟੀਮੀਟਰ ਤੱਕ ਬਰਫਬਾਰੀ ਹੋ ਸਕਦੀ ਹੈ।
ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਤੇ ਬਰਫ ਦੇ ਇੱਧਰ ਉੱਧਰ ਉੱਡਣ ਨਾਲ ਵਿਜ਼ੀਬਿਲਿਟੀ ਵੀ ਘੱਟ ਸਕਦੀ ਹੈ। ਦੇਸ਼ ਭਰ ਵਿੱਚ ਆਮ ਨਾਲੋਂ ਠੰਢ ਵਧਣ ਦੀ ਉਮੀਦ ਵੀ ਕੀਤੀ ਜਾ ਰਹੀ ਹੈ।