ਕੋਲੰਬੋ, 18 ਨਵੰਬਰ (ਪੋਸਟ ਬਿਊਰੋ): ਹਰਿਨੀ ਅਮਰਸੂਰਿਆ ਨੂੰ ਸ੍ਰੀਲੰਕਾ ਦਾ ਨਵਾਂ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ। ਇਸ ਅਹੁਦੇ 'ਤੇ ਪਹੁੰਚਣ ਵਾਲੀ ਉਹ ਸ੍ਰੀਲੰਕਾ ਦੀ ਤੀਜੀ ਮਹਿਲਾ ਨੇਤਾ ਹਨ। ਉਹ ਦੋ ਮਹੀਨੇ ਪਹਿਲਾਂ ਸ੍ਰੀਲੰਕਾ ਵਿੱਚ ਬਣੀ ਅੰਤਰਿਮ ਸਰਕਾਰ ਵਿੱਚ ਵੀ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ।
ਪ੍ਰਧਾਨ ਮੰਤਰੀ ਬਣੇ ਹਰਿਨੀ ਅਮਰਸੂਰਿਆ ਨੇ 1991 ਤੋਂ 1994 ਤੱਕ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਤੋਂ ਪੜ੍ਹਾਈ ਕੀਤੀ। ਉਹ 5 ਸਾਲ ਪਹਿਲਾਂ ਹੀ ਰਾਜਨੀਤੀ ਵਿੱਚ ਆਏ ਸਨ।
ਸ੍ਰੀਲੰਕਾ ਵਿੱਚ 14 ਨਵੰਬਰ ਨੂੰ ਸੰਸਦੀ ਚੋਣਾਂ ਹੋਈਆਂ ਸਨ। ਇਸ ਵਿੱਚ ਪ੍ਰਧਾਨ ਅਨੁਰਾ ਕੁਮਾਰਾ ਦਿਸਾਨਾਇਕ ਦੇ ਗਠਜੋੜ ਐੱਨਪੀਪੀ ਨੇ ਜਿੱਤ ਹਾਸਿਲ ਕੀਤੀ ਸੀ। ਸੋਮਵਾਰ ਨੂੰ ਸਰਕਾਰ ਦੀ ਨਵੀਂ ਕੈਬਨਿਟ ਦਾ ਗਠਨ ਕੀਤਾ ਗਿਆ।
ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕ ਨੇ ਰਾਸ਼ਟਰਪਤੀ ਸਕੱਤਰੇਤ ਵਿਖੇ ਕੈਬਨਿਟ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਮੰਤਰੀ ਮੰਡਲ ਵਿੱਚ ਰਾਸ਼ਟਰਪਤੀ ਸਮੇਤ 22 ਮੈਂਬਰ ਹਨ। 2 ਔਰਤਾਂ ਅਤੇ 2 ਤਾਮਿਲ ਸੰਸਦ ਮੈਂਬਰਾਂ ਨੂੰ ਵੀ ਮੰਤਰੀ ਮੰਡਲ 'ਚ ਸ਼ਾਮਿਲ ਕੀਤਾ ਗਿਆ ਹੈ। ਉਪ ਮੰਤਰੀਆਂ ਦੇ ਨਾਵਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
ਸ੍ਰੀਲੰਕਾ ਦੇ ਸੰਵਿਧਾਨ ਅਨੁਸਾਰ, ਕੈਬਨਿਟ ਮੰਤਰੀਆਂ ਦੀ ਗਿਣਤੀ 30 ਤੋਂ ਵੱਧ ਨਹੀਂ ਹੋ ਸਕਦੀ ਅਤੇ ਉਪ ਮੰਤਰੀਆਂ ਦੀ ਗਿਣਤੀ 40 ਤੋਂ ਵੱਧ ਨਹੀਂ ਹੋ ਸਕਦੀ। ਦਿਸਾਨਾਇਕ ਨੇ ਸਰਕਾਰ ਦੇ ਖਰਚੇ ਘਟਾਉਣ ਲਈ ਕੈਬਨਿਟ ਨੂੰ ਛੋਟਾ ਰੱਖਿਆ ਹੈ।