ਮਾਨੀਲਾ, 17 ਨਵੰਬਰ (ਪੋਸਟ ਬਿਊਰੋ): ਫ਼ਿਲੀਪੀਨਜ਼ ਵਿਚ ਤੂਫਾਨ ਮੈਨ-ਯੀ (ਪੇਪਿਟੋ) ਕਾਰਨ ਬੀਕੋਲ ਖੇਤਰ ਦੇ ਲਗਭਗ ਢਾਈ ਲੱਖ ਲੋਕ ਬੇਘਰ ਹੋਏ ਹਨ। ਤੂਫਾਨ ਬੀਕੋਲ ਖੇਤਰ ਦੇ ਕੈਟੈਂਡੁਨੇਸ ਟਾਪੂ ਨਾਲ ਟਕਰਾਅ ਸਕਦਾ ਹੈ ਅਤੇ ਇਸ ਦੀ ਵੱਧ ਤੋਂ ਵੱਧ ਹਵਾ ਦੀ ਗਤੀ ਪਹਿਲਾਂ ਹੀ 215 ਕਿਲੋਮੀਟਰ ਪ੍ਰਤੀ ਘੰਟਾ (133 ਮੀਲ ਪ੍ਰਤੀ ਘੰਟਾ) ਤੱਕ ਪਹੁੰਚ ਗਈ ਹੈ।
ਜ਼ਮੀਨ ਖਿਸਕਣ, ਹੜ੍ਹਾਂ ਅਤੇ ਤੂਫ਼ਾਨ ਕਾਰਨ ਸੱਭ ਤੋਂ ਕਮਜ਼ੋਰ ਖੇਤਰਾਂ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕ ਅਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ। ਮੈਨ-ਯੀ ਪਿਛਲੇ ਇਕ ਮਹੀਨੇ ਵਿਚ ਫ਼ਿਲੀਪੀਨਜ਼ ਵਿਚ ਆਉਣ ਵਾਲਾ ਛੇਵਾਂ ਤੂਫ਼ਾਨ ਹੈ।
ਇਸ ਹਫ਼ਤੇ ਦੇ ਸ਼ੁਰੂ ਵਿਚ ਉਤਰੀ ਫ਼ਿਲੀਪੀਨਜ਼ ਦੇ ਲੁਜੋਨ ਟਾਪੂ ਦੇ ਤੱਟੀ ਖੇਤਰ ਵਿਚ ਤੂਫ਼ਾਨ ਉਸਾਗੀ ਕਾਰਨ ਹਜ਼ਾਰਾਂ ਲੋਕ ਉਥੋਂ ਭੱਜਣ ਲਈ ਮਜਬੂਰ ਹੋਏ ਸਨ।
ਅਕਤੂਬਰ ਦੇ ਅਖ਼ੀਰ ਵਿਚ, ਫ਼ਿਲੀਪੀਨਜ਼ ਵਿਚ ਤੂਫ਼ਾਨ ਟਰਾਮੀ ਅਤੇ ਸੁਪਰ ਟਾਈਫੂਨ ਕੋਂਗ-ਰੇ ਕਾਰਨ ਘੱਟੋ-ਘੱਟ 145 ਲੋਕ ਮਾਰੇ ਗਏ ਸਨ। ਦੇਸ਼ ਭਰ ’ਚ ਖ਼ਰਾਬ ਮੌਸਮ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 70 ਲੱਖ ਨੂੰ ਪਾਰ ਕਰ ਗਈ ਹੈ। ਨਵੰਬਰ ਦੇ ਸ਼ੁਰੂ ਵਿੱਚ, ਯਿੰਕਸਿੰਗ ਅਤੇ ਤੋਰਾਜੀ ਤੂਫ਼ਾਨ ਫ਼ਿਲੀਪੀਨਜ਼ ਵਿਚ ਆਏ, ਜਿਸ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ।