ਟੋਰਾਂਟੋ, 18 ਨਵੰਬਰ (ਪੋਸਟ ਬਿਊਰੋ): ਟੋਰਾਂਟੋ ਪੁਲਿਸ ਨੇ ਦੱਸਿਆ ਕਿ ਸੋਮਵਾਰ ਸਵੇਰੇ ਨਾਰਥ ਯਾਰਕ ਵਿੱਚ ਚੋਰੀ ਕੀਤੀ ਗਈ ਗੱਡੀ ਟੀਟੀਸੀ ਬਸ ਨਾਲ ਟਕਰਾਅ ਗਈ, ਜਿਸ ਵਿੱਚ ਦੋ ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਹ ਦੁਰਘਟਨਾ ਬਾਥਰਸਟ ਸਟਰੀਟ ਅਤੇ ਵਿਲਸਨ ਏਵੇਨਿਊ ਦੇ ਇਲਾਕੇ ਵਿੱਚ ਸਵੇਰੇ 2 ਵਜੇ ਦੇ ਲਗਭਗ ਹੋਈ। ਘਟਨਾ ਸਥਾਨ `ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਡਿਊਟੀ ਅਧਿਕਾਰੀ ਬਰਾਇਨ ਮੈਸਲੋਵਸਕੀ ਨੇ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਦੋ ਵਾਹਨ, ਇੱਕ ਕਾਲੀ ਐੱਸਯੂਵੀ ਅਤੇ ਇੱਕ ਸਫੇਦ ਬੀਐੱਮਡਬਲਯੂ, ਵਿਲਸਨ ਏਵੇਨਿਊ ਨਾਲ ਤੇਜ਼ ਰਫ਼ਤਾਰ ਨਾਲ ਸਫਰ ਕਰ ਰਹੇ ਸਨ। ਮੈਸਲੋਵਸਕੀ ਨੇ ਦੱਸਿਆ ਕਿ ਜਦੋਂ ਦੋਵੇਂ ਕਾਰਾਂ ਬਾਥਰਸਟ ਸਟਰੀਟ ਦੇ ਚੁਰਾਸਤੇ `ਤੇ ਪਹੁੰਚੀਆਂ ਤਾਂ ਕਾਲੀ ਐੱਸਯੂਵੀ ਨੇ ਚੁਰਾਸਤੇ ਨੂੰ ਪਾਰ ਕਰ ਲਿਆ, ਪਰ ਬੀਐੱਡਬਲਯੂ ਨੇ ਨਹੀਂ ਕੀਤਾ। ਬੀਐੱਮਡਬਲਯੂ ਨੇ ਦੱਖਣ ਵੱਲ ਜਾ ਰਹੀ ਟੀਟੀਸੀ ਬਸ ਦੇ ਡਰਾਈਵਰ ਵੱਲ ਟੱਕਰ ਮਾਰੀ ਅਤੇ ਟੱਕਰ ਨਾਲ ਟੀਟੀਸੀ ਵਾਹਨ ਘੁੰਮ ਗਿਆ ਅਤੇ ਉੱਤਰ ਵੱਲ ਮੁੜ ਗਿਆ।
ਉਨ੍ਹਾਂ ਨੇ ਦੱਸਿਆ ਕਿ ਅਧਿਕਾਰੀ ਤੁਰੰਤ ਘਟਨਾ ਸਥਾਨ ਉੱਤੇ ਪਹੁੰਚੇ ਅਤੇ ਬੀਐੱਮਡਬਲਯੂ ਨੂੰ ਅੱਗ ਦੀਆਂ ਲਪਟਾਂ ਵਿੱਚ ਦੇਖਿਆ। ਅਧਿਕਾਰੀ ਵਾਹਨ ਵਿਚੋਂ ਦੋ ਲੋਕਾਂ ਨੂੰ ਬਾਹਰ ਕੱਢਣ ਅਤੇ ਅੱਗ ਬੁਝਾਉਣ ਵਿਚ ਸਫਲ ਰਹੇ। ਮੈਸਲੋਵਸਕੀ ਨੇ ਕਿਹਾ ਕਿ ਵਾਹਨ ਵਿੱਚ ਸਵਾਰ ਦੋ ਹੋਰ ਲੋਕਾਂ ਨੂੰ ਟੋਰਾਂਟੋ ਦੇ ਫਾਇਰਕਰਮੀਆਂ ਵੱਲੋਂ ਬਾਹਰ ਕੱਢਿਆ ਗਿਆ। ਬੀਐੱਮਡਬਲਯੂ ਵਿੱਚ ਸਵਾਰ ਦੋ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਟਰਾਮਾ ਸੈਂਟਰ ਲਿਜਾਇਆ ਗਿਆ। ਮੈਸਲੋਵਸਕੀ ਨੇ ਕਿਹਾ ਕਿ ਟੀਟੀਸੀ ਬਸ ਵਿੱਚ ਸਵਾਰ ਚਾਲਕ ਅਤੇ ਚਾਰ ਮੁਸਾਫਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ, ਜਿਸਨੂੰ ਬਸ ਵਿਚੋਂ ਬਾਹਰ ਕੱਢਿਆ ਗਿਆ।
ਪੁਲਿਸ ਨੇ ਕਿਹਾ ਕਿ ਕਾਲੀ ਐੱਸਯੂਵੀ ਦਾ ਚਾਲਕ ਘਟਨਾ ਸਥਾਨ `ਤੇ ਨਹੀਂ ਸੀ ਅਤੇ ਜਾਂਚਕਰਤਾ ਹਾਲੇ ਵੀ ਉਸ ਵਾਹਨ ਦੀ ਭਾਲ ਕਰ ਰਹੇ ਹਨ।
ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਫੈਡਰਲ ਸਰਕਾਰ `ਤੇ ਦੋਸ਼ ਲਗਾਇਆ ਹੈ ਕਿ ਟੋਰਾਂਟੋ ਪੁਲਿਸ ਐਸੋਸੀਏਸ਼ਨ ਦੀ ਰਿਪੋਰਟ ਤੋਂ ਬਾਅਦ ਜ਼ਮਾਨਤ ਪ੍ਰਕਿਰਿਆ ਨੂੰ ਮਜਬੂਤ ਕਰਨ ਲਈ ਜਿ਼ਆਦਾ ਕੁਝ ਨਹੀਂ ਕੀਤਾ ਗਿਆ ਹੈ ਕਿ ਇਸ ਟੱਕਰ ਵਿੱਚ ਸ਼ਾਮਿਲ ਚੋਰੀ ਕੀਤੀ ਗਈ ਬੀਐੱਮਡਬਲਯੂ ਵਿੱਚ ਸਵਾਰ ਚਾਰ ਆਦਮੀਆਂ ਵਿੱਚੋਂ ਦੋ ਜ਼ਮਾਨਤ `ਤੇ ਬਾਹਰ ਹਨ। ਪੁਲਿਸ ਨੇ ਟੱਕਰ ਸਮੇਂ ਇਲਾਕੇ ਵਿੱਚ ਮੌਜੂਦ ਕਿਸੇ ਵੀ ਵਿਅਕਤੀ ਵੱਲੋਂ ਡੈਸ਼ ਕੈਮਰਾ ਫੁਟੇਜ ਦੇ ਨਾਲ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਹੈ।