ਮਾਸਕੋ, 14 ਨਵੰਬਰ (ਪੋਸਟ ਬਿਊਰੋ): ਰੂਸੀ ਸਰਕਾਰ ਨਵਾਂ ਕਾਨੂੰਨ ਲਿਆਉਣ ਜਾ ਰਹੀ ਹੈ। ਇਸ ਕਾਨੂੰਨ ਦੇ ਤਹਿਤ ਦੇਸ਼ 'ਚ ਲੋਕਾਂ ਨੂੰ ਬੱਚੇ ਪੈਦਾ ਨਾ ਕਰਨ ਲਈ ਉਤਸ਼ਾਹਿਤ ਕਰਨ 'ਤੇ ਪਾਬੰਦੀ ਹੋਵੇਗੀ। ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੋਈ ਅਜਿਹੀ ਸਮੱਗਰੀ ਨਹੀਂ ਚਲਾਈ ਜਾਵੇਗੀ ਜੋ ਲੋਕਾਂ ਨੂੰ ਬੱਚੇ ਪੈਦਾ ਕਰਨ ਤੋਂ ਰੋਕਦੀ ਹੈ।
ਰੂਸੀ ਸੰਸਦ ਦੇ ਹੇਠਲੇ ਸਦਨ ਸਟੇਟ ਡੂਮਾ ਨੇ ਵੀ 12 ਨਵੰਬਰ ਨੂੰ ਇਸ ਨਾਲ ਸਬੰਧਤ ਪ੍ਰਸਤਾਵ ਪਾਸ ਕੀਤਾ ਹੈ। ਹੁਣ ਇਸ ਨੂੰ 20 ਨਵੰਬਰ ਨੂੰ ਉਪਰਲੇ ਸਦਨ ਵਿੱਚ ਪੇਸ਼ ਕੀਤਾ ਜਾਵੇਗਾ। ਇੱਥੋਂ ਲੰਘਣ ਤੋਂ ਬਾਅਦ ਇਸ ਨੂੰ ਮਨਜ਼ੂਰੀ ਲਈ ਵਲਾਦੀਮੀਰ ਪੁਤਿਨ ਕੋਲ ਭੇਜਿਆ ਜਾਵੇਗਾ। ਪੁਤਿਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਕਾਨੂੰਨ ਲਾਗੂ ਹੋ ਜਾਵੇਗਾ।
ਦਰਅਸਲ, ਰੂਸ ਆਪਣੀ ਲਗਾਤਾਰ ਘਟਦੀ ਆਬਾਦੀ ਤੋਂ ਪ੍ਰੇਸ਼ਾਨ ਹੈ। ਦੇਸ਼ ਵਿੱਚ ਜੂਨ ਵਿੱਚ ਪੈਦਾ ਹੋਏ ਬੱਚਿਆਂ ਦੀ ਗਿਣਤੀ 1 ਲੱਖ ਤੋਂ ਘੱਟ ਰਹੀ। ਯੂਕਰੇਨ ਯੁੱਧ ਤੋਂ ਬਾਅਦ ਰੂਸ ਦੇ 6 ਲੱਖ ਤੋਂ ਵੱਧ ਲੋਕ ਮਾਰੇ ਜਾਂ ਅਪੰਗ ਹੋ ਚੁੱਕੇ ਹਨ। ਇਸ ਨਾਲ ਆਬਾਦੀ 'ਤੇ ਹੋਰ ਵੀ ਮਾੜਾ ਅਸਰ ਪਿਆ ਹੈ।
ਇਸ ਨਾਲ ਸਰਕਾਰ ਦੀ ਚਿੰਤਾ ਵਧ ਗਈ ਹੈ। ਰੂਸੀ ਸਰਕਾਰ ਇਸ ਤੋਂ ਉਭਰਨ ਦੀ ਹਰ ਸੰਭਵ ਕੋਸਿ਼ਸ਼ ਕਰ ਰਹੀ ਹੈ। ਬੱਚੇ ਪੈਦਾ ਕਰਨ ਲਈ ਵੀ ਲੱਖਾਂ ਰੁਪਏ ਦਿੱਤੇ ਜਾ ਰਹੇ ਹਨ।