-15 ਖਿਲਾਫ ਐੱਫ.ਆਈ.ਆਰ., ਕਾਲਜ ਤੋਂ ਮੁਅੱਤਲ
ਗਾਂਧੀਨਗਰ, 18 ਨਵੰਬਰ (ਪੋਸਟ ਬਿਊਰੋ): ਗੁਜਰਾਤ ਦੇ ਪਾਟਨ ਜਿ਼ਲ੍ਹੇ ਦੇ ਜੀਐੱਮਈਆਰਐੱਸ ਮੈਡੀਕਲ ਕਾਲਜ ਵਿੱਚ ਐੱਮਬੀਬੀਐੱਸ ਪਹਿਲੇ ਸਾਲ ਦੇ ਵਿਦਿਆਰਥੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਵਿਦਿਆਰਥੀ ਅਤੇ ਹੋਰ ਜੂਨੀਅਰ ਵਿਦਿਆਰਥੀਆਂ ਦੀ ਉਨ੍ਹਾਂ ਦੇ ਸੀਨੀਅਰਜ਼ ਵੱਲੋਂ ਰੈਗਿੰਗ ਕੀਤੀ ਗਈ ਸੀ। ਇਸ ਦੌਰਾਨ ਸੀਨੀਅਰ ਵਿਦਿਆਰਥੀਆਂ ਨੇ ਵਿਦਿਆਰਥੀ ਨੂੰ 3 ਘੰਟੇ ਤੱਕ ਖੜ੍ਹਾ ਰੱਖਿਆ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਘਟਨਾ 16 ਨਵੰਬਰ ਦੀ ਹੈ।
ਇਸ ਮਾਮਲੇ ਵਿੱਚ ਕਾਲਜ ਦੇ 15 ਸੀਨੀਅਰ ਵਿਦਿਆਰਥੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਕਾਲਜ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਤੁਰੰਤ ਕਾਲਜ ਵਿੱਚ ਐਂਟੀ ਰੈਗਿੰਗ ਕਮੇਟੀ ਦੀ ਮੀਟਿੰਗ ਹੋਈ। ਇਸ ਵਿੱਚ ਜੂਨੀਅਰ ਵਿਦਿਆਰਥੀਆਂ ਦੇ ਬਿਆਨ ਲਏ ਗਏ ਸਨ, ਜਿਨ੍ਹਾਂ ਵਿੱਚ ਰੈਗਿੰਗ ਦਾ ਖੁਲਾਸਾ ਹੋਇਆ ਸੀ।
ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਵਿਦਿਆਰਥੀ ਨੂੰ ਹਸਪਤਾਲ ਪਹੁੰਚਾਇਆ। ਆਪਣੇ ਬਿਆਨ ਦੇਣ ਤੋਂ ਬਾਅਦ ਵਿਦਿਆਰਥੀ ਦੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹਸਪਤਾਲ ਦੇ ਡਾਕਟਰ ਜੈਸ਼ ਪੰਚਾਲ ਨੇ ਖਦਸ਼ਾ ਪ੍ਰਗਟਾਇਆ ਕਿ ਵਿਦਿਆਰਥੀ ਦੀ ਮੌਤ ਦਾ ਕਾਰਨ ਅੰਦਰੂਨੀ ਸੱਟਾਂ ਹੋ ਸਕਦੀਆਂ ਹਨ।
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦਾ ਨਾਮ ਅਨਿਲ ਮੇਥਾਨੀਆ ਸੀ। ਇਸ ਸਾਲ ਉਸਨੇ ਜੀਐੱਮਈਆਰਐੱਸ ਮੈਡੀਕਲ ਕਾਲਜ ਵਿੱਚ ਦਾਖਲਾ ਲਿਆ। ਉਹ ਪਹਿਲੇ ਸਾਲ ਦਾ ਵਿਦਿਆਰਥੀ ਸੀ। ਹੋਸਟਲ ਵਿੱਚ ਦੂਜੇ ਸਾਲ ਦੇ ਵਿਦਿਆਰਥੀਆਂ ਨੇ ਉਸ ਦੀ ਜਾਣ-ਪਛਾਣ ਲਈ ਉਸ ਨੂੰ ਤਿੰਨ ਘੰਟੇ ਤੱਕ ਖੜ੍ਹਾ ਰੱਖਿਆ। ਅਨਿਲ ਨੂੰ ਗਾਉਣ ਅਤੇ ਨੱਚਣ ਲਈ ਮਜਬੂਰ ਕੀਤਾ ਗਿਆ, ਜਿਸ ਤੋਂ ਬਾਅਦ ਅਨਿਲ ਬੇਹੋਸ਼ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਅਨਿਲ ਨੇ ਸਾਰੀ ਗੱਲ ਪੁਲਿਸ ਨੂੰ ਦੱਸੀ। ਬਿਆਨ ਦੇਣ ਤੋਂ ਤੁਰੰਤ ਬਾਅਦ ਉਸ ਦੀ ਮੌਤ ਹੋ ਗਈ।