ਨਵੀਂ ਦਿੱਲੀ, 25 ਦਸੰਭਰ (ਪੋਸਟ ਬਿਊਰੋ): ਦਿੱਲੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਦੇ ਦੋ ਵੱਡੇ ਚੋਣ ਐਲਾਨਾਂ 'ਤੇ ਰੋਕ ਲਗਾ ਦਿੱਤੀ ਹੈ। ਸਰਕਾਰ ਦੇ ਦੋ ਵਿਭਾਗਾਂ ਨੇ ਬੁੱਧਵਾਰ ਨੂੰ ਅਖਬਾਰਾਂ 'ਚ ਇਸ਼ਤਿਹਾਰ ਛਾਪ ਕੇ ਕਿਹਾ ਕਿ ਸੂਬੇ 'ਚ ਮਹਿਲਾ ਸਨਮਾਨ ਅਤੇ ਸੰਜੀਵਨੀ ਵਰਗੀ ਕੋਈ ਯੋਜਨਾ ਨਹੀਂ ਹੈ।
ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਮਹਿਲਾ ਸਨਮਾਨ ਯੋਜਨਾ ਸਬੰਧੀ ਪਹਿਲਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦਿੱਲੀ ਸਰਕਾਰ ਨੇ ਅਜਿਹਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ।
ਦੂਜਾ ਇਸ਼ਤਿਹਾਰ ਦਿੱਲੀ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸੰਜੀਵਨੀ ਸਕੀਮ ਸਬੰਧੀ ਜਾਰੀ ਕੀਤਾ ਗਿਆ। ਕਿਹਾ ਗਿਆ ਹੈ ਕਿ ਸਰਕਾਰ ਅਜਿਹੀ ਕੋਈ ਯੋਜਨਾ ਨਹੀਂ ਚਲਾ ਰਹੀ ਹੈ। ਲੋਕਾਂ ਨੂੰ ਕਾਰਡ ਬਣਾਉਣ ਦੇ ਨਾਂ 'ਤੇ ਨਿੱਜੀ ਜਾਣਕਾਰੀ ਨਾ ਦੇਣ ਦੀ ਸਲਾਹ ਦਿੱਤੀ ਗਈ ਹੈ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਦਿੱਲੀ ਦੇ ਐੱਲਜੀ ਨੂੰ ਇਸ ਲਈ ਜਿ਼ੰਮੇਵਾਰ ਠਹਿਰਾਇਆ। ਉੱਥੇ ਹੀ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਉਹ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਵਾਲੇ ਅਫਸਰਾਂ ਖਿਲਾਫ ਕਾਰਵਾਈ ਕਰਨਗੇ।
ਦੋਵੇਂ ਯੋਜਨਾਵਾਂ, ਜਿਨ੍ਹਾਂ ਦਾ ਐਲਾਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਸੀ। ਮਹਿਲਾ ਸਨਮਾਨ ਯੋਜਨਾ - 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ। ਚੋਣਾਂ ਤੋਂ ਬਾਅਦ ਇਹ ਰਕਮ ਵਧਾ ਕੇ 2100 ਰੁਪਏ ਕਰ ਦਿੱਤੀ ਜਾਵੇਗੀ। ਸੰਜੀਵਨੀ ਯੋਜਨਾ ਅਨੁਸਾਰ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ ਵਿੱਚ 60 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦਾ ਮੁਫ਼ਤ ਇਲਾਜ ਬਾਰੇ ਐਲਾਨ ਕੀਤਾ ਗਿਆ ਸੀ।