ਵਾਸਿ਼ੰਗਟਨ, 14 ਨਵੰਬਰ (ਪੋਸਟ ਬਿਊਰੋ): ਡੋਨਾਲਡ ਟਰੰਪ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕ ਕੇ ਅਮਰੀਕਾ ਦੀ ਸੱਤਾ ਸੰਭਾਲਣਗੇ। ਇਸ ਤੋਂ ਬਾਅਦ ਉਹ ਕੰਮਕਾਜ ਲਈ ਵ੍ਹਾਈਟ ਹਾਊਸ ਆ ਕੇ ਰੁਕਣਗੇ। ਪਰ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਦੇ ਵ੍ਹਾਈਟ ਹਾਊਸ ਵਿੱਚ ਫਸਟ ਲੇਡੀ ਵਜੋਂ ਰਹਿਣ ਦੀ ਸੰਭਾਵਨਾ ਘੱਟ ਹੈ।
ਜਿ਼ਕਰਯੋਗ ਹੈ ਕਿ ਉਹ ਆਪਣਾ ਜਿ਼ਆਦਾਤਰ ਸਮਾਂ ਨਿਊਯਾਰਕ ਵਿੱਚ ਬਿਤਾਉਣਗੇ। ਜਿੱਥੇ ਉਹ ਆਪਣੇ ਬੇਟੇ ਨਾਲ ਰਹਿਣਗੇ। ਇਸ ਤੋਂ ਇਲਾਵਾ, ਪਿਛਲੇ 4 ਸਾਲਾਂ ਵਿੱਚ ਉਨ੍ਹਾਂ ਨੇ ਫਲੋਰਿਡਾ ਵਿੱਚ ਨਵੇਂ ਦੋਸਤ ਬਣਾਏ ਹਨ, ਇਸ ਲਈ ਸੰਭਾਵਨਾ ਹੈ ਕਿ ਉਹ ਫਲੋਰੀਡਾ ਵਿੱਚ ਵੀ ਕੁਝ ਸਮਾਂ ਬਿਤਾਉਣਗੇ।
ਹਾਲਾਂਕਿ ਫਸਟ ਲੇਡੀ ਦੇ ਤੌਰ 'ਤੇ ਮੇਲਾਨੀਆ ਅਹਿਮ ਕੰਮ ਕਾਜ 'ਚ ਸ਼ਾਮਿਲ ਹੋਣਗੇ। ਉਹ ਮੁੱਖ ਸਮਾਗਮਾਂ ਵਿੱਚ ਵੀ ਨਜ਼ਰ ਆਉਣਗੇ। ਪਰ ਉਹ ਅਗਲੇ 4 ਸਾਲਾਂ ਤੱਕ ਜਿ਼ਆਦਾਤਰ ਸਮਾਂ ਵ੍ਹਾਈਟ ਹਾਊਸ ਤੋਂ ਦੂਰੀ ਬਣਾ ਕੇ ਰੱਖ ਸਕਦੇ ਹਨ।
ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਰਾਸ਼ਟਰਪਤੀ ਬਿਡੇਨ ਨੂੰ ਮਿਲਣ ਲਈ ਬੁੱਧਵਾਰ ਨੂੰ ਵ੍ਹਾਈਟ ਹਾਊਸ ਪਹੁੰਚੇ। ਇਸ ਦੌਰਾਨ ਪਤਨੀ ਮੇਲਾਨੀਆ ਟਰੰਪ ਉਨ੍ਹਾਂ ਦੇ ਨਾਲ ਨਹੀਂ ਸਨ। ਇਸ ਮੁਲਾਕਾਤ ਲਈ ਜੋਅ ਬਾਇਡਨ ਅਤੇ ਫਸਟ ਲੇਡੀ ਜਿਲ ਬਿਡੇਨ ਨੇ ਟਰੰਪ ਅਤੇ ਮੇਲਾਨੀਆ ਨੂੰ ਸੱਦਾ ਭੇਜਿਆ ਸੀ। ਅਮਰੀਕਾ ਵਿਚ ਇਹ ਪ੍ਰੰਪਰਾ ਰਹੀ ਹੈ ਕਿ ਮੌਜੂਦਾ ਰਾਸ਼ਟਰਪਤੀ ਨਵੇਂ ਚੁਣੇ ਗਏ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਵ੍ਹਾਈਟ ਹਾਊਸ ਨੂੰ ਸੱਦਾ ਭੇਜਦੇ ਹਨ। ਇਸ ਮੁਲਾਕਾਤ ਨੂੰ ਸ਼ਾਂਤੀਪੂਰਵਕ ਸੱਤਾ ਸੌਂਪਣ ਦੀ ਸ਼ੁਰੂਆਤ ਵਜੋਂ ਦੇਖਿਆ ਜਾਂਦਾ ਹੈ।