ਕੀਵ, 18 ਨਵੰਬਰ (ਪੋਸਟ ਬਿਊਰੋ): ਰੂਸ ਨੇ ਐਤਵਾਰ ਦੇਰ ਰਾਤ 120 ਮਿਜ਼ਾਈਲਾਂ ਅਤੇ 90 ਡਰੋਨਾਂ ਨਾਲ ਯੂਕਰੇਨ 'ਤੇ ਵੱਡਾ ਹਮਲਾ ਕੀਤਾ। ਰੂਸੀ ਹਮਲੇ ਵਿੱਚ ਯੂਕਰੇਨ ਦੀ ਬਿਜਲੀ ਪ੍ਰਣਾਲੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕਈ ਪਾਵਰ ਪਲਾਂਟ ਅਤੇ ਟਰਾਂਸਫਾਰਮਰ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ, ਜਿਸ ਤੋਂ ਬਾਅਦ ਦੇਸ਼ ਵਿੱਚ ਬਿਜਲੀ ਕੱਟ ਦਾ ਐਲਾਨ ਕੀਤਾ ਗਿਆ ਹੈ।
ਬਿਜਲੀ ਦੇ ਬੁਨਿਆਦੀ ਢਾਂਚੇ ਦੀ ਮੁਰੰਮਤ ਕਰਨ ਲਈ, ਯੂਕਰੇਨ ਦੇ ਰਾਜ ਪਾਵਰ ਆਪਰੇਟਰ ਯੂਕਰੇਨਰਗੋ ਨੇ ਸੋਮਵਾਰ ਨੂੰ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਕਈ ਘੰਟਿਆਂ ਲਈ ਦੋ ਬਿਜਲੀ ਕੱਟਾਂ ਦਾ ਐਲਾਨ ਕੀਤਾ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਕਿ ਇੱਕ ਰੂਸੀ ਮਿਜ਼ਾਈਲ ਨੇ ਇੱਕ ਨੌ ਮੰਜਿ਼ਲਾ ਯੂਕਰੇਨ ਦੀ ਰਿਹਾਇਸ਼ੀ ਇਮਾਰਤ ਨੂੰ ਮਾਰਿਆ। ਇਸ ਵਿੱਚ ਬੱਚਿਆਂ ਸਮੇਤ ਆਮ ਨਾਗਰਿਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਰੂਸੀ ਹਮਲੇ ਵਿੱਚ ਹੁਣ ਤੱਕ ਕੁੱਲ 10 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹਮਲੇ ਵਿੱਚ ਬੈਲਿਸਟਿਕ ਮਿਜ਼ਾਈਲਾਂ, ਕਰੂਜ਼ ਮਿਜ਼ਾਈਲਾਂ ਅਤੇ ਡਰੋਨਾਂ ਨੇ ਰਾਜਧਾਨੀ ਕੀਵ, ਡੋਨੇਟਸਕ, ਲਵੀਵ, ਓਡੇਸਾ ਸਮੇਤ ਯੂਕਰੇਨ ਦੇ ਕਈ ਹਿੱਸਿਆਂ ਨੂੰ ਨਿਸ਼ਾਨਾ ਬਣਾਇਆ। ਆਪਣੇ ਬਚਾਅ ਵਿੱਚ, ਯੂਕਰੇਨ ਨੇ 140 ਰੂਸੀ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਡੇਗ ਦਿੱਤਾ।