ਤਲਅਵੀਵ, 17 ਨਵੰਬਰ (ਪੋਸਟ ਬਿਊਰੋ): ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਸੀਜੇਰੀਆ ਸਥਿਤ ਘਰ 'ਤੇ ਫਿਰ ਹਮਲਾ ਹੋਇਆ ਹੈ। ਟਾਈਮਜ਼ ਆਫ਼ ਇਜ਼ਰਾਈਲ ਮੁਤਾਬਕ ਪ੍ਰਧਾਨ ਮੰਤਰੀ ਦੇ ਘਰ ਵੱਲ ਦੋ ਫਲੇਅਰ (ਅੱਗ ਦੇ ਗੋਲੇ) ਫਾਇਰ ਕੀਤੇ ਗਏ, ਜੋ ਘਰ ਦੇ ਵਿਹੜੇ ਵਿੱਚ ਡਿੱਗ ਪਏ। ਇਜ਼ਰਾਈਲ ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹਮਲਾ ਕਿੱਥੋਂ ਹੋਇਆ ਅਤੇ ਕਿਸ ਨੇ ਕੀਤਾ, ਇਸ ਬਾਰੇ ਫਿਲਹਾਲ ਜਾਣਕਾਰੀ ਨਹੀਂ ਮਿਲ ਸਕੀ ਹੈ।
ਇਜ਼ਰਾਇਲੀ ਸੁਰੱਖਿਆ ਏਜੰਸੀ ਸਿ਼ਨ ਬੇਟ ਨੇ ਇਕ ਬਿਆਨ 'ਚ ਕਿਹਾ ਕਿ ਘਟਨਾ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸੁਰੱਖਿਆ ਏਜੰਸੀ ਨੇ ਇਹ ਵੀ ਕਿਹਾ ਕਿ ਹਮਲੇ ਦੇ ਸਮੇਂ ਨੇਤਨਯਾਹੂ ਅਤੇ ਉਨ੍ਹਾਂ ਦਾ ਪਰਿਵਾਰ ਘਰ ਵਿਚ ਨਹੀਂ ਸੀ। ਉਨ੍ਹਾਂ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ 19 ਅਕਤੂਬਰ ਨੂੰ ਨੇਤਨਯਾਹੂ ਦੇ ਘਰ 'ਤੇ ਹਿਜ਼ਬੁੱਲਾ ਨੇ ਹਮਲਾ ਕੀਤਾ ਸੀ। ਫਿਰ ਇੱਕ ਡਰੋਨ ਨੇਤਨਯਾਹੂ ਦੇ ਘਰ ਨੇੜੇ ਇੱਕ ਇਮਾਰਤ 'ਤੇ ਡਿੱਗਿਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਸ ਸਮੇਂ ਵੀ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਘਰ 'ਤੇ ਨਹੀਂ ਸਨ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਘਰ 'ਤੇ ਹੋਏ ਇਸ ਹਮਲੇ ਦੀ ਸਾਰੀਆਂ ਸਿਆਸੀ ਪਾਰਟੀਆਂ ਨੇ ਨਿੰਦਾ ਕੀਤੀ ਹੈ। ਵਿਰੋਧੀ ਧਿਰ ਦੇ ਨੇਤਾਵਾਂ ਯੇਅਰ ਲੈਪਿਡ ਅਤੇ ਬੈਨੀ ਗੈਂਟਜ਼ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।