ਮੇਰਠ, 18 ਨਵੰਬਰ (ਪੋਸਟ ਬਿਊਰੋ): ਮੇਰਠ 'ਚ ਇੱਕ ਸੇਵਾਮੁਕਤ ਫੌਜੀ ਨੇ ਵਿਦਿਆਰਥੀਆਂ ਨਾਲ ਭਰੀ ਬੱਸ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਸਿਪਾਹੀ ਨੇ ਬੱਸ 'ਤੇ ਆਪਣੀ ਬੰਦੂਕ ਤੋਂ ਸਾਰੀਆਂ ਗੋਲੀਆਂ ਚਲਾਈਆਂ। ਜਦੋਂ ਬੰਦੂਕ ਖਾਲੀ ਹੋ ਗਈ ਤਾਂ ਉਹ ਗਾਲ੍ਹਾਂ ਕੱਢਦਾ ਹੋਇਆ ਮੌਕੇ ਤੋਂ ਭੱਜ ਗਿਆ। ਇਹ ਸਾਰੀ ਘਟਨਾ ਦਿੱਲੀ-ਦੇਹਰਾਦੂਨ ਐੱਨਐੱਚ-58 'ਤੇ ਵਾਪਰੀ।
ਐਤਵਾਰ ਰਾਤ ਕਰੀਬ ਪੌਣੇ 12 ਵਜੇ ਇੱਕ ਟੂਰਿਸਟ ਬੱਸ ਪੱਲਵਪੁਰਮ ਦੇ ਪਲਹੇਰਾ ਪੁਲ ਕੋਲ ਪਹੁੰਚੀ। ਇੱਥੇ ਜ਼ੋਮੈਟੋ ਦੇ ਫੂਡ ਡਿਲੀਵਰੀ ਬੁਆਏ ਦੀ ਬਾਈਕ ਇੱਕ ਰਿਟਾਇਰਡ ਫੌਜੀ ਦੀ ਕਾਰ ਨੂੰ ਛੂਹ ਗਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਲੜਾਈ ਹੁੰਦੀ ਦੇਖ ਵਿਦਿਆਰਥੀਆਂ ਨੇ ਬੱਸ ਰੁਕਵਾ ਦਿੱਤੀ। ਇਸ ਦੌਰਾਨ ਉਹ ਬਚਾਅ ਕਰਨ ਲੱਗੇ।
ਇਸ 'ਤੇ ਦੋਸ਼ੀ ਸਿਪਾਹੀ ਗੁੱਸੇ 'ਚ ਆ ਗਿਆ। ਉਸਨੇ ਆਪਣੀ ਲਾਈਸੈਂਸੀ ਪਿਸਤੌਲ ਵਿਦਿਆਰਥੀਆਂ ਵੱਲ ਤਾਨ ਲਈ। ਫਿਰ ਗਾਲ੍ਹਾਂ ਕੱਢਦੇ ਹੋਏ ਫਾਇਰਿੰਗ ਸ਼ੁਰੂ ਕਰ ਦਿੱਤੀ। ਲੜਾਈ ਅਤੇ ਗੋਲੀਬਾਰੀ ਵਿੱਚ ਦੋ ਵਿਦਿਆਰਥੀ ਜ਼ਖ਼ਮੀ ਹੋ ਗਏ। ਬੱਸ ਨੋਇਡਾ ਤੋਂ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ, ਜੋ ਉੱਤਰਾਖੰਡ ਦੇ ਮਸੂਰੀ ਤੋਂ ਟੂਰ ਤੋਂ ਪਰਤ ਰਹੇ ਸਨ।
ਵਿਦਿਆਰਥੀਆਂ ਮੁਤਾਬਕ ਵਿਅਕਤੀ ਬੱਸ ਦੇ ਆਲੇ-ਦੁਆਲੇ ਘੁੰਮ ਰਿਹਾ ਸੀ ਅਤੇ ਫਾਇਰਿੰਗ ਕਰ ਰਿਹਾ ਸੀ। ਘਬਰਾ ਕੇ ਉਨ੍ਹਾਂ ਨੇ ਬੱਸ ਦਾ ਗੇਟ ਬੰਦ ਕਰ ਦਿੱਤਾ ਤਾਂ ਉਸ ਨੇ ਕਾਰ ਅੱਗੇ ਲਾ ਦਿੱਤੀ, ਤਾਂ ਜੋ ਬੱਸ ਅੱਗੇ ਨਾ ਜਾ ਸਕੇ। ਇਸ ਤੋਂ ਬਾਅਦ ਉਹ ਬੱਸ ਦੀ ਖਿੜਕੀ ਰਾਹੀਂ ਅੰਦਰ ਦਾਖਲ ਹੋਇਆ। ਵਿਦਿਆਰਥੀ ਦੀ ਕੁੱਟਮਾਰ ਕੀਤੀ।
ਬੱਸ ਵਿੱਚ ਮੌਜੂਦ ਐੱਮਐੱਲਸੀ ਦੇ ਭਤੀਜੇ ਨੇ ਆਪਣੇ ਚਾਚੇ ਨੂੰ ਫੋਨ ’ਤੇ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਟੀਮ ਸਰਗਰਮ ਹੋ ਗਈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੀ ਪਹਿਚਾਣ ਨਿਤਿਨ ਸਿਰੋਹੀ ਵਜੋਂ ਹੋਈ ਹੈ, ਉਹ ਫੌਜ ਤੋਂ ਸੇਵਾਮੁਕਤ ਹੈ।