ਟੋਰਾਂਟੋ, 13 ਨਵੰਬਰ (ਪੋਸਟ ਬਿਊਰੋ): ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਰਾਤ ਵੈਸਟ ਕਵੀਨ ਵੈਸਟ ਰਿਕਾਰਡਿੰਗ ਸਟੂਡੀਓ ਦੇ ਬਾਹਰ ਗੋਲੀਬਾਰੀ ਦੌਰਾਨ ਘੱਟ ਤੋਂ ਘੱਟ 100 ਗੋਲੀਆਂ ਚੱਲੀਆਂ। ਇਸ ਮਾਮਲੇ `ਚ 23 ਲੋਕ ਹਿਰਾਸਤ ਵਿੱਚ ਹਨ।
ਰਾਤ ਕਰੀਬ 11:20 ਵਜੇ ਕਵੀਨ ਸਟਰੀਟ ਵੈਸਟ ਅਤੇ ਸੁਡਬਰੀ ਸਟਰੀਟ ਦੇ ਇਲਾਕੇ ਵਿੱਚ ਗੋਲੀਬਾਰੀ ਸ਼ੁਰੂ ਹੋਈ। ਮੰਗਲਵਾਰ ਸਵੇਰੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਡਿਪਟੀ ਚੀਫ ਲਾਰੇਨ ਪੋਗ ਨੇ ਦੱਸਿਆ ਕਿ ਗੋਲੀਬਾਰੀ ਸ਼ੁਰੂ ਹੋਣ `ਤੇ ਅਧਿਕਾਰੀ ਕਿਸੇ ਜਾਂਚ ਲਈ ਇਲਾਕੇ ਵਿੱਚ ਸਨ।
ਪੋਗ ਨੇ ਕਿਹਾ ਕਿ ਚੋਰੀ ਕੀਤੀ ਗਈ ਗੱਡੀ ਵਿੱਚ ਸਵਾਰ ਲੋਕ ਇਲਾਕੇ ਵਿੱਚ ਇੱਕ ਰਿਕਾਰਡਿੰਗ ਸਟੂਡੀਓ ਕੋਲ ਪਹੁੰਚੇ ਅਤੇ ਤਿੰਨ ਮੁਲਜ਼ਮਾਂ ਨੇ ਗੱਡੀ `ਚੋਂ ਉਤਰ ਕੇ ਇਮਾਰਤ ਦੇ ਬਾਹਰ ਇਕੱਠੇ ਹੋਏ ਲੋਕਾਂ `ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਪੋਗ ਨੇ ਕਿਹਾ ਕਿ ਹਿੰਸਾ ਦੀ ਇਹ ਕਾਰਵਾਈ ਦੋ ਸਮੂਹਾਂ ਵਿਚਕਾਰ ਗੋਲੀਬਾਰੀ ਵਿੱਚ ਬਦਲ ਗਈ। ਉਨ੍ਹਾਂ ਨੇ ਕਿਹਾ ਕਿ ਗੋਲੀਆਂ ਸਾਦੇ ਕੱਪੜੀਆਂ ਵਿੱਚ ਪੁਲਿਸ ਅਧਿਕਾਰੀਆਂ ਨਾਲ ਇੱਕ ਅਣਪਛਾਤੇ ਪੁਲਿਸ ਕਰੂਜਰ `ਤੇ ਲੱਗੀਆਂ।
ਪੁਲਿਸ ਨੇ ਦੱਸਿਆ ਕਿ ਗੋਲੀਆਂ ਦੇ ਮੀਂਹ ਦੇ ਬਾਵਜੂਦ ਗੋਲੀਬਾਰੀ ਦੌਰਾਨ ਕੋਈ ਜਖ਼ਮੀ ਨਹੀਂ ਹੋਇਆ। ਪੋਗ ਨੇ ਦੱਸਿਆ ਕਿ ਜਦੋਂ ਮੁਲਜ਼ਮਾਂ ਨੇ ਘਟਨਾ ਸਥਾਨ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਅਧਿਕਾਰੀਆਂ ਨੇ ਚੋਰੀ ਕੀਤੀ ਗਈ ਗੱਡੀ ਨੂੰ ਘੇਰ ਲਿਆ ਅਤੇ ਉਸ ਵਿੱਚ ਸਵਾਰ ਇੱਕ ਵਿਅਕਤੀ ਨੂੰ ਕੁੱਝ ਦੇਰ ਤੱਕ ਪੈਦਲ ਪਿੱਛਾ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਨੇ ਦੱਸਿਆ ਕਿ ਦੋ ਹੋਰ ਲੋਕ ਭੱਜਣ ਵਿੱਚ ਸਫਲ ਰਹੇ ਅਤੇ ਹਾਲੇ ਵੀ ਫਰਾਰ ਹਨ। ਪੁਲਿਸ ਨੇ ਇਮਾਰਤ ਅੰਦਰੋਂ ਕਈ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਕੁਲ ਮਿਲਾਕੇ 16 ਫਾਇਰਆਰਮਜ਼ ਜ਼ਬਤ ਕੀਤੇ ਗਏ। ਇਸ ਹਥਿਆਰ ਰਿਕਾਰਡਿੰਗ ਸਟੂਡੀਓ ਦੇ ਅੰਦਰ, ਇਮਾਰਤ ਦੀ ਛੱਤ `ਤੇ ਅਤੇ ਆਸਪਾਸ ਦੇ ਇਲਾਕੇ ਵਿੱਚ ਕੂੜੇ ਦੇ ਡੱਬਿਆਂ ਵਿੱਚ ਲੁਕੋਏ ਹੋਏ ਹੋਏ ਸਨ।ਜ਼ਬਤ ਕੀਤੇ ਗਏ ਹਥਿਆਰਾਂ ਵਿੱਚ ਦੋ ਅਸਾਲਟ-ਸਟਾਈਲ ਰਾਈਫਲਾਂ ਅਤੇ ਕਈ ਹੈਂਡਗੰਨ ਸ਼ਾਮਿਲ ਹਨ।