ਮੁੰਬਈ, 28 ਨਵੰਬਰ (ਪੋਸਟ ਬਿਊਰੋ): ਮੁੰਬਈ `ਚ ਮਹਿਲਾ ਪਾਇਲਟ ਖੁਦਕੁਸ਼ੀ ਮਾਮਲੇ `ਚ ਨਵੇਂ ਖੁਲਾਸੇ ਹੋਏ ਹਨ। ਪੁਲਿਸ ਜਾਂਚ `ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪ੍ਰੇਮੀ ਔਰਤ ਨੂੰ ਤੰਗ ਕਰਦਾ ਸੀ। ਮਾਸਾਹਾਰੀ ਭੋਜਨ ਨੂੰ ਲੈ ਕੇ ਵੀ ਦੋਨਾਂ ਵਿਚਾਲੇ ਝਗੜਾ ਹੁੰਦਾ ਸੀ।
ਲੜਕੀ ਦੇ ਚਾਚੇ ਦੀ ਸਿ਼ਕਾਇਤ `ਤੇ ਪੁਲਿਸ ਨੇ 26 ਨਵੰਬਰ ਨੂੰ ਬੁਆਏਫ੍ਰੈਂਡ ਆਦਿਤਿਆ ਪੰਡਿਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਔਰਤ ਦੀ ਪਹਿਚਾਣ ਸ੍ਰਿਸ਼ਟੀ ਤੁਲੀ ਵਜੋਂ ਹੋਈ ਹੈ। ਉਹ ਏਅਰ ਇੰਡੀਆ ਵਿੱਚ ਪਾਇਲਟ ਸੀ। 25 ਨਵੰਬਰ ਨੂੰ ਸ੍ਰਿਸ਼ਟੀ ਦੀ ਲਾਸ਼ ਮੁੰਬਈ ਦੇ ਇੱਕ ਫਲੈਟ ਵਿੱਚੋਂ ਮਿਲੀ ਸੀ। ਉਸ ਨੇ ਡਾਟਾ ਕੇਬਲ ਨਾਲ ਫਾਹਾ ਲੈ ਲਿਆ ਸੀ।
ਸ੍ਰਿਸ਼ਟੀ ਦੇ ਚਾਚਾ ਵਿਵੇਕ ਕੁਮਾਰ ਤੁਲੀ ਦੀ ਸਿ਼ਕਾਇਤ `ਤੇ ਪਵਈ ਪੁਲਿਸ ਸਟੇਸ਼ਨ ‘ਚ ਦਰਜ ਕਰਵਾਈ ਗਈ ਐੱਫਆਈਆਰ `ਚ ਕਈ ਗੱਲਾਂ ਸਾਹਮਣੇ ਆਈਆਂ ਹਨ। ਆਦਿਤਿਆ ਅਕਸਰ ਆਪਣੀ ਪ੍ਰੇਮਿਕਾ ਨਾਲ ਦੁਰਵਿਵਹਾਰ ਕਰਦਾ ਸੀ। ਪਿਛਲੇ ਸਾਲ ਨਵੰਬਰ `ਚ ਆਦਿਤਿਆ ਸ੍ਰਿਸ਼ਟੀ ਅਤੇ ਉਸਦੀ ਭੈਣ ਰਾਸ਼ੀ ਨੂੰ ਚਾਚੇ ਦੀ ਕਾਰ `ਤੇ ਦਿੱਲੀ ‘ਚ ਸ਼ਾਪਿੰਗ ਲਈ ਲੈ ਗਿਆ ਸੀ।
ਇਸ ਗੱਲ ਨੂੰ ਲੈ ਕੇ ਬਾਜ਼ਾਰ `ਚ ਦੋਨਾਂ ਵਿਚਾਲੇ ਬਹਿਸ ਹੋ ਗਈ। ਆਦਿਤਿਆ ਨੇ ਰਾਸ਼ੀ ਦੇ ਸਾਹਮਣੇ ਸ੍ਰਿਸ਼ਟੀ ਨੂੰ ਗਾਲ੍ਹਾਂ ਕੱਢੀਆਂ। ਗੁੱਸੇ `ਚ ਕਾਰ ਨੇ ਦੂਜੇ ਵਾਹਨ ਨੂੰ ਵੀ ਟੱਕਰ ਮਾਰ ਦਿੱਤੀ। ਵਿਵੇਕ ਕੁਮਾਰ ਨੇ ਦੱਸਿਆ ਕਿ ਉਸ ਦੀ ਕਾਰ ਨੁਕਸਾਨੀ ਗਈ ਸੀ, ਪਰ ਆਦਿਤਿਆ ਨੂੰ ਬਿਲਕੁਲ ਵੀ ਪਛਤਾਵਾ ਨਹੀਂ ਸੀ।