ਵਾਇਨਾਡ, 1 ਦਸੰਬਰ (ਪੋਸਟ ਬਿਊਰੋ): ਵਾਇਨਾਡ ਵਿਚ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਹੈ ਕਿ ਸਾਡੀ ਲੜਾਈ ਉਸ ਸ਼ਕਤੀ ਦੇ ਵਿਰੁੱਧ ਹੈ ਜੋ ਲੋਕਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਕੇ ਉਨ੍ਹਾਂ ਨੂੰ ਕੁੱਝ 'ਕਾਰੋਬਾਰੀ ਦੋਸਤਾਂ' ਨੂੰ ਸੌਂਪ ਰਹੀ ਹੈ। ਉਨ੍ਹਾਂ ਐਤਵਾਰ ਇੱਥੇ ਮਨੰਤਵਾੜੀ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਇਕ ਅਜਿਹੀ ਤਾਕਤ ਦੇ ਵਿਰੁੱਧ ਲੜ ਰਹੇ ਹਾਂ ਜੋ ਉਨ੍ਹਾਂ ਸੰਸਥਾਵਾਂ ਨੂੰ ਤਬਾਹ ਕਰਨ ਦੀ ਪੂਰੀ ਕੋਸਿ਼ਸ਼ ਕਰ ਰਹੀ ਹੈ ਜਿਨ੍ਹਾਂ ’ਤੇ ਸਾਡਾ ਦੇਸ਼ ਬਣਿਆ ਹੈ। ਵਾਇਨਾਡ ਦੀ ਸੰਸਦ ਮੈਂਬਰ ਨੇ ਕਿਹਾ ਕਿ ਅੱਜ ਅਸੀਂ ਆਪਣੇ ਰਾਸ਼ਟਰ ਦੀ ਭਾਵਨਾ ਤੇ ਭਾਰਤ ਦੀ ਆਤਮਾ ਲਈ ਲੜ ਰਹੇ ਹਾਂ।
ਕਾਂਗਰਸ ਦੀ ਜਨਰਲ ਸਕੱਤਰ ਨੇ ਕਿਹਾ ਕਿ ਇਹ ਲੜਾਈ ਇਸ ਦੇਸ਼ ਦੀ ਸੱਤਾ ਅਤੇ ਸਾਧਨਾਂ ’ਤੇ ਉਸ ਦੇ ਲੋਕਾਂ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਲਈ ਹੈ। ਇਸ ਸਾਲ 30 ਜੁਲਾਈ ਨੂੰ ਵਾਇਨਾਡ ’ਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨੂੰ ਯਾਦ ਕਰਦੇ ਹੋਏ ਪ੍ਰਿਅੰਕਾ ਨੇ ਕਿਹਾ ਕਿ ਮੈਂ ਕਈ ਦੁਖਾਂਤ ਵੇਖੇ ਹਨ। ਜਦੋਂ ਵੀ ਕੋਈ ਦੁਖਾਂਤ ਵਾਪਰਦਾ ਹੈ, ਮੈਂ ਉੱਥੇ ਜਾਂਦੀ ਹਾਂ, ਲੋਕਾਂ ਨੂੰ ਮਿਲਦੀ ਹਾਂ ਪਰ ਇੱਥੇ ਆ ਕੇ ਜੋ ਦੁੱਖ ਤੇ ਤਕਲੀਫ਼ ਵੇਖੀ, ਉਹ ਮੈਂ ਹੋਰ ਕਿਤੇ ਘੱਟ ਹੀ ਵੇਖੀ ਹੈ। ਉਨ੍ਹਾਂ ਕਿਹਾ ਕਿ ਕੁਦਰਤ ਦਾ ਕਹਿਰ ਇਕ ਛੋਟੇ ਜਿਹੇ ਖੇਤਰ ’ਚ ਕੇਂਦਰਿਤ ਹੋ ਗਿਆ ਸੀ। ਇਲਾਕੇ ਦੇ ਸਾਰੇ ਘਰ ਰੁੜ੍ਹ ਗਏ, ਸਾਰੇ ਪਰਿਵਾਰ ਉੱਜੜ ਗਏ, ਸਭ ਦੀ ਰੋਜ਼ੀ-ਰੋਟੀ ਖਤਮ ਹੋ ਗਈ। ਇਸ ਤਬਾਹੀ ਦੌਰਾਨ ਮੈਂ ਤੁਹਾਡੇ ਸਾਰਿਆਂ ’ਚ ਮਨੁੱਖਤਾ ਨੂੰ ਦੇਖਿਆ। ਮੈਂ ਧਰਮ ਨਹੀਂ ਪੁੱਛਿਆ, ਮੈਂ ਜਾਤ ਨਹੀਂ ਪੁੱਛੀ, ਪੀੜਤਾਂ ਦੀ ਮਦਦ ਲਈ ਜੋ ਵੀ ਕਰ ਸਕਦੀ ਸੀ, ਕੀਤਾ। ਵਾਇਨਾਡ ਤੋਂ ਲੋਕ ਸਭਾ ਮੈਂਬਰ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਤੁਹਾਡੇ ਵਿੱਚੋਂ ਹਰੇਕ ਨੂੰ ਪਤਾ ਹੋਵੇ ਕਿ ਤੁਸੀਂ ਮੇਰੀ ਜਿ਼ੰਮੇਵਾਰੀ ਹੋ। ਮੈਂ ਤੁਹਾਡੇ ਪਿਆਰ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹਾਂ ਅਤੇ ਅਗਲੇ 5 ਸਾਲਾਂ ਵਿੱਚ ਤੁਹਾਡੇ ਭਵਿੱਖ ਨੂੰ ਸੁਧਾਰਨ ਲਈ ਲੜਨਾ ਮੇਰੀ ਜਿ਼ੰਮੇਵਾਰੀ ਹੈ।