ਬੰਗਲੂਰੂ, 4 ਫਰਵਰੀ (ਪੋਸਟ ਬਿਊਰੋ): ਬੰਗਲੂਰੂ ਪੁਲਿਸ ਨੇ ਚੋਰ ਜਿਸ ਨੇ ਲੁੱਟ ਦੇ ਪੈਸਿਆਂ ਨਾਲ ਪ੍ਰੇਮਿਕਾ ਲਈ ਤਿੰਨ ਕਰੋੜ ਰੁਪਏ ਦਾ ਮਕਾਨ ਬਣਾਇਆ ਸੀ, ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਪੰਚਾਕਸ਼ਰੀ ਸਵਾਮੀ (37) ਵਾਸੀ ਸ਼ੋਲਾਪੁਰ, ਮਹਾਰਾਸ਼ਟਰ ਵਜੋਂ ਦੱਸੀ ਗਈ ਹੈ। ਸੂਤਰਾਂ ਮੁਤਾਬਕ ਬੰਗਲੂਰੂੁ ’ਚ ਮਦੀਵਾਲਾ ਪੁਲੀਸ ਨੇ ਇਹ ਖੁਲਾਸਾ ਵੀ ਕੀਤਾ ਕਿ ਸਵਾਮੀ ਦੇ ਮਸ਼ਹੂਰ ਅਦਾਕਾਰਾ ਨਾਲ ਸਬੰਧ ਸਨ। ਪਤਨੀ ਤੇ ਇੱਕ ਬੱਚਾ ਹੋਣ ਦੇ ਬਾਵਜੂਦ ਉਹ ਕਥਿਤ ਗਲਤ ਕੰਮਾਂ ’ਚ ਰੁੱਝਿਆ ਹੋਇਆ ਸੀ। ਜਾਂਚ ’ਚ ਪਤਾ ਲੱਗਾ ਕਿ ਪੰਚਾਕਸ਼ਰੀ ਸਵਾਮੀ ਨੇ 2003 ’ਚ ਚੋਰੀਆਂ ਕਰਨੀਆਂ ਸ਼ੁਰੂ ਕੀਤੀਆਂ ਸਨ। 2009 ਤੱਕ ਉਸ ਨੇ ਚੋਰੀਆਂ ਰਾਹੀਂ ਕਰੋੜਾਂ ਰੁਪਏ ਇਕੱਠੇ ਕਰ ਲਏ।
ਸਾਲ 2014-15 ’ਚ ਸਵਾਮੀ ਦੇ ਇੱਕ ਅਦਾਕਾਰਾ ਨਾਲ ਪ੍ਰੇਮ ਸਬੰਧ ਬਣ ਗਏ। ਪੁਲਿਸ ਵੱਲੋਂ ਪੁੱਛ-ਪੜਤਾਲ ’ਚ ਮੁਲਜ਼ਮ ਨੇ ਮੰਨਿਆ ਕਿ ਉਸ ਨੇ ਅਦਾਕਾਰਾ ’ਤੇ ਕਰੋੜਾਂ ਰੁਪਏ ਖਰਚ ਕੀਤੇ ਸਨ। ਉਸ ਨੇ ਕੋਲਕਾਤਾ ’ਚ ਤਿੰਨ ਕਰੋੜ ਰੁਪਏ ਦਾ ਮਕਾਨ ਬਣਵਾ ਕੇ ਦਿੱਤਾ ਤੇ 22 ਲੱਖ ਰੁਪਏ ਦਾ ਐਕੁਏਰੀਅਮ ਵੀ ਤੋਹਫ਼ੇ ਵਜੋਂ ਦਿੱਤਾ। ਸਵਾਮੀ ਨੂੰ 2016 ’ਚ ਗੁਜਰਾਤ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਤੇ ਉਹ ਛੇ ਸਾਲ ਜੇਲ੍ਹ ’ਚ ਰਿਹਾ।
ਸਵਾਮੀ ਨੂੰ ਅਜਿਹੇ ਅਪਰਾਧਾਂ ਲਈ ਮਹਾਰਾਸ਼ਟਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਰਿਹਾਅ ਹੋਣ ਮਗਰੋਂ ਉਹ ਬੰਗਲੂਰੂ ਆ ਗਿਆ ਤੇ 9 ਜਨਵਰੀ ਨੂੰ ਬੰਗਲੂਰੂ ਦੇ ਮਦੀਵਾਲਾ ਇਲਾਕੇ ’ਚ ਚੋਰੀ ਦੀ ਵਾਰਦਾਤ ਅੰਜਾਮ ਦਿੱਤੀ, ਜਿਸ ਮਗਰੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਸ ਕੋੋਲੋਂ ਇੱਕ ਰਾਡ, 181 ਗ੍ਰਾਮ ਸੋਨੇ ਦੇ ਬਿਸਕੁਟ, 333 ਗ੍ਰਾਮ ਚਾਂਦੀ ਤੇ ਇੱਕ ਫਾਇਰ ਗੰਨ ਜਿਸ ਦੀ ਵਰਤੋਂ ਉਹ ਚੋਰੀ ਕੀਤੇ ਸੋਨੇ ਨੂੰ ਪਿਘਲਾ ਕੇ ਸੋਨੇ ਦੇ ਬਿਸਕੁਟ ਬਣਾਉਣ ਲਈ ਕਰਦਾ ਸੀ, ਜ਼ਬਤ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਉਹ ਕਰਾਟੇ ਦਾ ਖਿਡਾਰੀ ਹੈ ਤੇ ਪਿਤਾ ਦੀ ਮੌਤ ਹੋਣ ’ਤੇ ਉਸ ਦੀ ਮਾਂ ਨੂੰ ਰੇਲਵੇ ’ਚ ਨੌਕਰੀ ਮਿਲੀ ਸੀ।