ਨਵੀਂ ਦਿੱਲੀ, 4 ਫਰਵਰੀ (ਪੋਸਟ ਬਿਊਰੋ): ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੱਕ ਨੇ ਮੰਗਲਵਾਰ ਨੂੰ ਮਹਾਕੁੰਭ ਮੇਲੇ ਵਿਚ ਪਹੁੰਚ ਕੇ ਤ੍ਰਿਵੇਣੀ ਸੰਗਮ ਵਿਚ ਇਸ਼ਨਾਨ ਕੀਤਾ। ਵਾਂਗਚੁੱਕ ਦੇ ਨਾਲ, ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਉਨ੍ਹਾਂ ਦੇ ਕੈਬਨਿਟ ਸਹਿਯੋਗੀ ਸਵਤੰਤਰ ਦੇਵ ਸਿੰਘ ਅਤੇ ਨੰਦ ਗੋਪਾਲ ਗੁਪਤਾ ਨੰਦੀ ਨੇ ਵੀ ਸੰਗਮ ਵਿਚ ਇਸ਼ਨਾਨ ਕੀਤਾ। ਸੂਚਨਾ ਵਿਭਾਗ ਵਲੋਂ ਜਾਰੀ ਬਿਆਨ ਅਨੁਸਾਰ, “ਭੂਟਾਨ ਦੇ ਰਾਜੇ ਨੇ ਅਪਣੇ ਰਵਾਇਤੀ ਪਹਿਰਾਵੇ ਵਿਚ ਸੰਗਮ ਵਿਚ ਇਸ਼ਨਾਨ ਕੀਤਾ, ਜਦੋਂ ਕਿ ਮੁੱਖ ਮੰਤਰੀ ਅਪਣੇ ਭਗਵੇਂ ਪੁਸ਼ਾਕ ਵਿਚ ਸਨ। ਇਸ਼ਨਾਨ ਕਰਨ ਸਮੇਂ ਸਵਤੰਤਰ ਦੇਵ ਨੇ ਵੀ ਭਗਵੇਂ ਕੱਪੜੇ ਪਾਏ ਹੋਏ ਸਨ। ਹਾਲ ਹੀ ’ਚ ਮਹਾਮੰਡਲੇਸ਼ਵਰ ਬਣੇ ਸੰਤੋਸ਼ ਦਾਸ ਸਟੂਆ ਬਾਬਾ ਵੀ ਇਸ਼ਨਾਨ ਕਰਨ ਵਾਲਿਆਂ ’ਚ ਸ਼ਾਮਿਲ ਸਨ।
ਇਸ ਤੋਂ ਪਹਿਲਾਂ ਸਵੇਰੇ ਕਰੀਬ 11 ਵਜੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਭੂਟਾਨ ਦੇ ਰਾਜਾ ਜਹਾਜ਼ ਰਾਹੀਂ ਲਖਨਊ ਤੋਂ ਪ੍ਰਯਾਗਰਾਜ ਪਹੁੰਚੇ। ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਾਇਲ ਵਾਂਗਚੱਕ ਸੋਮਵਾਰ ਨੂੰ ਲਖਨਊ ਪਹੁੰਚੇ ਜਿੱਥੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ।