ਹੈਦਰਾਬਾਦ, 1 ਦਸੰਬਰ (ਪੋਸਟ ਬਿਊਰੋ): ਤੇਲੰਗਾਨਾ ਦੇ ਮੁਲੁਗੂ ਜਿ਼ਲ੍ਹੇ ਦੇ ਇਕ ਜੰਗਲੀ ਖੇਤਰ ਵਿਚ ਐਤਵਾਰ ਨੂੰ ਪੁਲਸ ਨਾਲ ਹੋਏ ਮੁਕਾਬਲੇ ਦੌਰਾਨ 7 ਨਕਸਲੀ ਮਾਰੇ ਗਏ। ਪੁਲਸ ਨੇ ਦੱਸਿਆ ਕਿ ਇਹ ਮੁਕਾਬਲਾ ਤੇਲੰਗਾਨਾ ਪੁਲਸ ਦੀ ਕੁਲੀਨ ਨਕਸਲ ਵਿਰੋਧੀ ਫੋਰਸ ‘ਗ੍ਰੇਹਾਊਡਸ’ ਅਤੇ ਮਾਓਵਾਦੀਆਂ ਵਿਚਾਲੇ ਏਤੂਰਾਨਗਰਮ ਦੇ ਜੰਗਲੀ ਖੇਤਰ ’ਚ ਤਲਾਸ਼ੀ ਮੁਹਿੰਮ ਦੌਰਾਨ ਹੋਇਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਬਰਾਮਦ ਕੀਤੇ ਗਏ ਹਥਿਆਰਾਂ ’ਚ 2 ਏ. ਕੇ. 47 ਰਾਈਫਲਾਂ ਵੀ ਸ਼ਾਮਿਲ ਹਨ। ਮਾਰੇ ਗਏ ਨਕਸਲੀਆਂ ’ਚ ਪਾਬੰਦੀਸ਼ੁਦਾ ਸੀ.ਪੀ. ਆਈ. (ਮਾਓਵਾਦੀ) ਦੀ ਤੇਲੰਗਾਨਾ ਸਟੇਟ ਕਮੇਟੀ (ਯੇਲਾਂਦੂ ਨਰਸੰਪੇਟ) ਦਾ ਸਕੱਤਰ ਕੁਰਸਮ ਮੰਗੂ ਉਰਫ਼ ਭਾਦਰੂ ਵੀ ਸ਼ਾਮਿਲ ਹੈ।