ਲਖਨਊ, 3 ਦਸੰਬਰ (ਪੋਸਟ ਬਿਊਰੋ): ਲਖਨਊ ਏਅਰਪੋਰਟ 'ਤੇ ਮੰਗਲਵਾਰ ਸਵੇਰੇ ਇੱਕ ਮਹੀਨੇ ਦੇ ਨਵਜੰਮੇ ਬੱਚੇ ਦੀ ਲਾਸ਼ ਇੱਕ ਕੋਰੀਅਰ ਬਾਕਸ 'ਚ ਮਿਲੀ। ਇਹ ਜਾਣਕਾਰੀ ਕਾਰਗੋ ਆਈਟਮਾਂ ਦੀ ਸਕੈਨਿੰਗ ਦੌਰਾਨ ਮਿਲੀ। ਲਾਸ਼ ਨੂੰ ਪਲਾਸਟਿਕ ਦੇ ਡੱਬੇ ਵਿੱਚ ਪੈਕ ਕੀਤਾ ਗਿਆ ਸੀ। ਅੰਦਰ ਤਰਲ ਪਦਾਰਥ ਸੀ।
ਪੁਲਿਸ ਮੁਤਾਬਕ ਇਸ ਨੂੰ ਨਵੀਂ ਮੁੰਬਈ ਭੇਜਿਆ ਜਾ ਰਿਹਾ ਸੀ। ਇਹ ਕੋਰੀਅਰ ਹਜ਼ਰਤਗੰਜ ਸਥਿਤ ਇੰਦਰਾ ਆਈਵੀਐੱਫ ਹਸਪਤਾਲ ਤੋਂ ਚੰਦਨ ਯਾਦਵ ਨੇ ਬੁੱਕ ਕੀਤਾ ਸੀ। ਪੁਲਿਸ ਹਾਲੇ ਤੱਕ ਇਹ ਪਤਾ ਨਹੀਂ ਲਗਾ ਸਕੀ ਹੈ ਕਿ ਨਵਜੰਮੇ ਬੱਚੇ ਦੀ ਲਾਸ਼ ਕਿਉਂ ਭੇਜੀ ਗਈ ਸੀ।
ਕੋਰੀਅਰ ਏਜੰਟ ਸਿ਼ਵ ਬਾਰਨ ਨੂੰ ਸੀਆਈਐੱਸਐੱਫ ਨੇ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਉਸ ਕੋਲੋਂ ਪੁੱਛਗਿੱਛ ਜਾਰੀ ਹੈ। ਇੰਡੀਗੋ ਦੀ ਫਲਾਈਟ 6ਈ 2238 ਰਾਹੀਂ ਇਹ ਡੱਬਾ ਲਖਨਊ ਤੋਂ ਮੁੰਬਈ ਭੇਜਿਆ ਜਾ ਰਿਹਾ ਸੀ।
ਹਰ ਰੋਜ਼ ਲਖਨਊ ਹਵਾਈ ਅੱਡੇ ਦਾ ਸਟਾਫ ਕਾਰਗੋ ਲਈ ਬੁੱਕ ਕੀਤੇ ਸਮਾਨ ਦੀ ਸਕੈਨ ਕਰਦਾ ਹੈ। ਇਸੇ ਦੌਰਾਨ ਇੱਕ ਨਿੱਜੀ ਕੰਪਨੀ ਦਾ ਕੋਰੀਅਰ ਏਜੰਟ ਮਾਲ ਬੁੱਕ ਕਰਵਾਉਣ ਆਇਆ। ਕਾਰਗੋ ਸਟਾਫ਼ ਅੰਕਿਤ ਕੁਮਾਰ ਨੇ ਉਸ ਦੇ ਸਾਮਾਨ ਦੀ ਸਕੈਨਿੰਗ ਕਰਨੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਨਵਜੰਮੇ ਬੱਚੇ ਦੀ ਲਾਸ਼ ਦਾ ਪਤਾ ਲੱਗਾ। ਇਸ ਤੋਂ ਬਾਅਦ ਕਾਰਗੋ ਸਟਾਫ ਨੇ ਪੈਕਟ ਖੋਲ੍ਹ ਕੇ ਦੇਖਿਆ ਤਾਂ ਬੱਚੇ ਦੀ ਲਾਸ਼ ਪਲਾਸਟਿਕ ਦੇ ਡੱਬੇ ਦੇ ਅੰਦਰ ਪਈ ਸੀ। ਕਾਰਗੋ ਸਟਾਫ ਨੇ ਸੀਆਈਐੱਸਐੱਫ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਇਹ ਕੋਰੀਅਰ ਚੰਦਨ ਯਾਦਵ ਨੇ ਲਖਨਊ ਦੇ ਹਜ਼ਰਤਗੰਜ ਸਥਿਤ ਇੰਦਰਾ ਆਈਵੀਐੱਫ ਹਸਪਤਾਲ ਤੋਂ ਬੁੱਕ ਕੀਤਾ ਸੀ। ਇਹ ਰੁਪਾ ਸੋਲੀਟੇਅਰ ਪ੍ਰੀਮਾਈਸ, ਸੀਓ, ਓਪੀ, ਐੱਸਓਸੀ, ਲਿਮਟਿਡ, ਸੈਕਟਰ-1 ਬਿਲਡਿੰਗ ਨੰਬਰ 1, ਮਿਲੇਨੀਅਮ ਬਿਜ਼ਨਸ ਪਾਰਕ, ਨਵੀਂ ਮੁੰਬਈ ਦੇ ਪਤੇ 'ਤੇ ਭੇਜਿਆ ਜਾ ਰਿਹਾ ਸੀ।