ਸਿਰੋਹੀ, 3 ਦਸੰਬਰ (ਪੋਸਟ ਬਿਊਰੋ): ਸਰਕਾਰੀ ਮੈਡੀਕਲ ਕਾਲਜ ਸਿਰੋਹੀ ਦੇ ਐੱਮਬੀਬੀਐੱਸ ਦੂਜੇ ਸਾਲ ਦੇ ਵਿਦਿਆਰਥੀ ਨੇ ਛੇਵੀਂ ਮੰਜਿ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥੀ ਦੀ ਸੋਮਵਾਰ ਨੂੰ ਪ੍ਰੀਖਿਆ ਸੀ। ਪੇਪਰ ਚੰਗਾ ਨਾ ਹੋਣ ਕਾਰਨ ਉਹ ਚਿੰਤਤ ਸੀ। ਮੰਗਲਵਾਰ ਸਵੇਰੇ 7 ਵਜੇ ਵਿਦਿਆਰਥੀਆਂ ਨੇ ਉਸ ਨੂੰ ਹੇਠਾਂ ਡਿੱਗੇ ਦੇਖਿਆ। ਉਹ ਉਸਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸਿ਼ਵਗੰਜ ਦੇ ਡੀਐੱਸਪੀ ਪੁਸ਼ਪਿੰਦਰ ਵਰਮਾ ਨੇ ਦੱਸਿਆ ਕਿ ਪਾਲੜੀ ਐੱਮ ਥਾਣਾ ਖੇਤਰ ਦੇ ਬੀਆਰ ਅੰਬੇਡਕਰ ਮੈਡੀਕਲ ਕਾਲਜ ਦੇ ਰਾਹੁਲ ਗਰਾਸੀਆ ਨੇ ਸੋਮਵਾਰ ਰਾਤ ਕਰੀਬ 2:30 ਵਜੇ ਖੁਦਕੁਸ਼ੀ ਕਰ ਲਈ। ਉਹ ਪਾਲੀ ਦੀ ਬਾਲੀ ਤਹਿਸੀਲ ਵਿੱਚ ਸਥਿਤ ਪਣੇਤਰਾ ਪਿੰਡ ਦਾ ਰਹਿਣ ਵਾਲਾ ਸੀ। ਰਾਹੁਲ ਗਰਾਸੀਆ ਰਾਤ ਕਰੀਬ 2:30 ਵਜੇ ਤੱਕ ਆਪਣੇ ਸਾਥੀ ਵਿਦਿਆਰਥੀਆਂ ਨਾਲ ਤੀਜੀ ਮੰਜਿ਼ਲ 'ਤੇ ਆਪਣੇ ਕਮਰੇ 'ਚ ਪੜ੍ਹ ਰਿਹਾ ਸੀ। ਇਸ ਤੋਂ ਬਾਅਦ ਉਹ ਆਪਣੇ ਦੋਸਤਾਂ ਨੂੰ ਸੌਣ ਲਈ ਕਹਿ ਕੇ ਕਮਰੇ ਤੋਂ ਬਾਹਰ ਚਲਾ ਗਿਆ।
ਡੀਐੱਸਪੀ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਹ ਹਸਪਤਾਲ ਪਹੁੰਚੇ। ਲਾਸ਼ ਨੂੰ ਟਰਾਮਾ ਸੈਂਟਰ 'ਚ ਰੱਖਿਆ ਗਿਆ ਹੈ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਸ਼ਰਵਣ ਕੁਮਾਰ ਮੀਣਾ ਨੇ ਇਸ ਮਾਮਲੇ ਦੀ ਰਿਪੋਰਟ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਵਿਦਿਆਰਥੀ ਦਾ ਮੋਬਾਈਲ, ਜੈਕੇਟ ਅਤੇ ਚੱਪਲਾਂ ਛੇਵੀਂ ਮੰਜਿ਼ਲ ਤੋਂ ਮਿਲਿਆ ਹੈ।