ਗੰਜਮ, 3 ਦਸੰਬਰ (ਪੋਸਟ ਬਿਊਰੋ): ਓੜੀਸਾ ਦੇ ਗੰਜਮ ਜਿ਼ਲ੍ਹੇ ਵਿੱਚ, ਇੱਕ ਥਿਏਟਰ ਅਦਾਕਾਰ ਨੇ ਸਟੇਜ 'ਤੇ ਇੱਕ ਜਿਓਂਦਾ ਸੂਰ ਦਾ ਪੇਟ ਪਾੜ ਦਿੱਤਾ ਅਤੇ ਉਸਦਾ ਮਾਸ ਖਾ ਲਿਆ। ਮੁਲਜ਼ਮ ਨਾਟਕ ਵਿੱਚ ਰਾਖਸਿ਼ਸ਼ ਦਾ ਕਿਰਦਾਰ ਨਿਭਾਅ ਰਿਹਾ ਸੀ। 24 ਨਵੰਬਰ ਨੂੰ ਪਿੰਡ ਰਲਬਾ ਵਿਖੇ ਕਾਂਝੀਓਲਾ ਯਾਤਰਾ ਮੌਕੇ ਧਾਰਮਿਕ ਨਾਟਕ ਦਾ ਆਯੋਜਨ ਕੀਤਾ ਗਿਆ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮ 45 ਸਾਲਾ ਬਿੰਬਧਰ ਗੌੜਾ ਨੂੰ ਜਾਨਵਰਾਂ ਪ੍ਰਤੀ ਬੇਰਹਿਮੀ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ। ਇਸ ਘਟਨਾ ਨਾਲ ਸੂਬੇ ਭਰ 'ਚ ਰੋਸ ਫੈਲ ਗਿਆ। ਸੋਮਵਾਰ ਨੂੰ ਓੜੀਸਾ ਵਿਧਾਨ ਸਭਾ 'ਚ ਵੀ ਭਾਜਪਾ ਨੇਤਾਵਾਂ ਬਾਬੂ ਸਿੰਘ ਅਤੇ ਸਨਾਤਨ ਬਿਜੁਲੀ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ।
ਨਾਟਕ ਵਿੱਚ ਸੂਰ ਖਾਣ ਤੋਂ ਇਲਾਵਾ ਭੀੜ ਇਕੱਠੀ ਕਰਨ ਲਈ ਇੱਕ ਸੱਪ ਨੂੰ ਵੀ ਸਟੇਜ `ਤੇ ਖੁੱਲ੍ਹੇਆਮ ਦਿਖਾਇਆ ਗਿਆ। ਬਰਹਮਪੁਰ ਦੇ ਡਵੀਜ਼ਨਲ ਫੋਰੈਸਟ ਅਫਸਰ (ਡੀਐੱਫਓ) ਸੰਨੀ ਖੋਖਰ ਨੇ ਕਿਹਾ ਕਿ ਅਸੀਂ ਥਿਏਟਰ ਵਿੱਚ ਸੱਪ ਦਿਖਾਉਣ ਵਾਲਿਆਂ ਦੀ ਵੀ ਭਾਲ ਕਰ ਰਹੇ ਹਾਂ। ਉਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦਰਅਸਲ ਪਿਛਲੇ ਸਾਲ ਅਗਸਤ 'ਚ ਓੜੀਸਾ ਸਰਕਾਰ ਨੇ ਲੋਕਾਂ 'ਚ ਸੱਪ ਦਿਖਾਉਣ 'ਤੇ ਪਾਬੰਦੀ ਲਗਾ ਦਿੱਤੀ ਸੀ।
ਸੂਰ ਖਾਣ ਦੇ ਮੁਲਜ਼ਮ ਬਿੰਬਧਰ ਤੋਂ ਇਲਾਵਾ ਨਾਟਕ ਦੇ ਪ੍ਰਬੰਧਕ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਸ 'ਤੇ ਜਾਨਵਰਾਂ ਪ੍ਰਤੀ ਬੇਰਹਿਮੀ ਅਤੇ ਜੰਗਲੀ ਜੀਵ ਸੁਰੱਖਿਆ ਕਾਨੂੰਨ ਦੀ ਉਲੰਘਣਾ ਦਾ ਦੋਸ਼ ਹੈ। ਪੁਲਿਸ ਨੇ ਆਯੋਜਕ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਦੋਨਾਂ ਖਿਲਾਫ ਕਾਰਵਾਈ ਕੀਤੀ ਗਈ