ਨਵੀਂ ਦਿੱਲੀ, 28 ਨਵੰਬਰ (ਪੋਸਟ ਬਿਊਰੋ): ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਮਨੁੱਖੀ ਤਸਕਰੀ ਦੇ ਇੱਕ ਵੱਡੇ ਮਾਮਲੇ ਵਿੱਚ ਛੇ ਰਾਜਾਂ ਵਿੱਚ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ 22 ਵੱਖ-ਵੱਖ ਥਾਂਵਾਂ `ਤੇ ਕੀਤੀ ਗਈ ਸੀ, ਜਿੱਥੇ ਐੱਨ.ਆਈ.ਏ. ਨੇ ਸ਼ੱਕੀਆਂ ਖਿਲਾਫ ਕਾਰਵਾਈ ਕੀਤੀ।
ਐੱਨ.ਆਈ.ਏ. ਦੀ ਟੀਮ ਨੇ ਛਾਪੇਮਾਰੀ ਦੌਰਾਨ ਮਨੁੱਖੀ ਤਸਕਰੀ ਨਾਲ ਜੁੜੇ ਕਈ ਮਾਮਲਿਆਂ ਦੀ ਜਾਂਚ ਕੀਤੀ। ਇਹ ਛਾਪੇ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ ਅਤੇ ਰਾਜਸਥਾਨ ਵਰਗੇ ਰਾਜਾਂ ਵਿੱਚ ਮਾਰੇ ਗਏ। ਇਸ ਕਾਰਵਾਈ ਦੌਰਾਨ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਕੁਝ ਜ਼ਰੂਰੀ ਦਸਤਾਵੇਜ਼ ਵੀ ਬਰਾਮਦ ਕੀਤੇ ਗਏ।
ਸੂਤਰਾਂ ਅਨੁਸਾਰ ਇਹ ਛਾਪੇਮਾਰੀ ਮਨੁੱਖੀ ਤਸਕਰੀ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕਰਨ ਲਈ ਕੀਤੀ ਗਈ ਸੀ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਔਰਤਾਂ ਅਤੇ ਬੱਚਿਆਂ ਦੀ ਤਸਕਰੀ ਅਤੇ ਵੇਚਣ ਵਿੱਚ ਸ਼ਾਮਿਲ ਸੀ। ਇਸ ਨੈੱਟਵਰਕ ਨਾਲ ਜੁੜੇ ਸਾਰੇ ਲਿੰਕਾਂ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਲੋਕਾਂ ਨੂੰ ਫੜ੍ਹ ਰਹੀ ਹੈ।
ਐੱਨ.ਆਈ.ਏ. ਨੇ ਇਸ ਆਪਰੇਸ਼ਨ ਨੂੰ ਰਾਸ਼ਟਰੀ ਸੁਰੱਖਿਆ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਮੰਨਿਆ ਹੈ। ਏਜੰਸੀ ਦਾ ਉਦੇਸ਼ ਇਸ ਤਸਕਰੀ ਰੈਕੇਟ ਨੂੰ ਖਤਮ ਕਰਨਾ ਅਤੇ ਮਨੁੱਖੀ ਤਸਕਰੀ ਤੋਂ ਪ੍ਰਭਾਵਿਤ ਲੋਕਾਂ ਨੂੰ ਨਿਆਂ ਪ੍ਰਦਾਨ ਕਰਨਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਕਾਰਵਾਈ ਮਨੁੱਖੀ ਤਸਕਰੀ ਵਿਰੁੱਧ ਚੱਲ ਰਹੀ ਦੇਸ਼ ਵਿਆਪੀ ਕਾਰਵਾਈ ਦਾ ਹਿੱਸਾ ਹੈ।