ਨਵੀਂ ਦਿੱਲੀ, 28 ਨਵੰਬਰ (ਪੋਸਟ ਬਿਊਰੋ): ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਅੱਜ ਪਹਿਲੀ ਵਾਰ ਲੋਕ ਸਭਾ ਵਿੱਚ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਕੇਰਲ ਦੇ ਵਾਇਨਾਡ ਤੋਂ ਲੋਕ ਸਭਾ ਉਪ ਚੋਣ ਵਿੱਚ ਸ਼ਾਨਦਾਰ ਜਿੱਤ ਹਾਸਿਲ ਕਰਨ ਤੋਂ ਬਾਅਦ ਉਹ ਸੰਸਦ ਵਿੱਚ ਆਪਣੀ ਨਵੀਂ ਭੂਮਿਕਾ ਵਿੱਚ ਪ੍ਰਵੇਸ਼ ਕਰ ਰਹੇ ਹਨ। ਪ੍ਰਿਅੰਕਾ ਗਾਂਧੀ ਵਾਡਰਾ ਆਪਣੇ ਭਰਾ ਰਾਹੁਲ ਗਾਂਧੀ ਅਤੇ ਮਾਂ ਸੋਨੀਆ ਗਾਂਧੀ ਦੇ ਨਾਲ ਸੰਸਦ ਵਿੱਚ ਇਕੱਠੇ ਮੌਜੂਦ ਰਹਿਣਗੇ।
ਪ੍ਰਿਯੰਕਾ ਗਾਂਧੀ ਵਾਡਰਾ ਦਾ ਲੋਕ ਸਭਾ `ਚ ਦਾਖਲਾ ਗਾਂਧੀ ਪਰਿਵਾਰ ਲਈ ਇਤਿਹਾਸਕ ਪਲ ਹੈ, ਕਿਉਂਕਿ ਇਹ ਤਿੰਨੇ ਮੈਂਬਰ ਦਹਾਕਿਆਂ ਬਾਅਦ ਸੰਸਦ `ਚ ਇਕੱਠੇ ਨਜ਼ਰ ਆਉਣਗੇ। ਪ੍ਰਿਅੰਕਾ ਗਾਂਧੀ ਵਾਡਰਾ ਅਤੇ ਰਾਹੁਲ ਗਾਂਧੀ ਦੋਵੇਂ ਲੋਕ ਸਭਾ ਵਿੱਚ ਹੋਣਗੇ, ਜਦੋਂਕਿ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਪਹਿਲਾਂ ਹੀ ਰਾਜ ਸਭਾ ਮੈਂਬਰ ਵਜੋਂ ਮੌਜੂਦ ਹਨ। ਸੋਨੀਆ ਗਾਂਧੀ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਰਾਏਬਰੇਲੀ ਤੋਂ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ, ਇਸ ਲਈ ਉਹ ਰਾਜ ਸਭਾ ਵਿੱਚ ਹਨ। ਸੋਨੀਆ ਗਾਂਧੀ ਅਤੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਬਾਅਦ ਪ੍ਰਿਅੰਕਾ ਗਾਂਧੀ ਵਾਡਰਾ ਪਰਿਵਾਰ ਦੀ ਤੀਜੀ ਮਹਿਲਾ ਮੈਂਬਰ ਬਣ ਗਏ ਹਨ, ਜਿਨ੍ਹਾਂ ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਹੈ।
ਪ੍ਰਿਅੰਕਾ ਗਾਂਧੀ ਵਾਡਰਾ ਨੇ ਵਾਇਨਾਡ ਸੀਟ ਤੋਂ ਆਪਣੇ ਨਜ਼ਦੀਕੀ ਵਿਰੋਧੀ ਸੀਪੀਐਮ ਦੇ ਸੱਤਿਆਨ ਮੋਕੇਰੀ ਨੂੰ ਚਾਰ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਪ੍ਰਿਅੰਕਾ ਨੂੰ ਇਸ ਸੀਟ ‘ਤੇ ਕੁੱਲ 6.22 ਲੱਖ ਵੋਟਾਂ ਮਿਲੀਆਂ, ਜੋ 2024 ਦੀਆਂ ਚੋਣਾਂ `ਚ ਰਾਹੁਲ ਗਾਂਧੀ ਨੂੰ ਮਿਲੀਆਂ ਵੋਟਾਂ ਤੋਂ ਜਿ਼ਆਦਾ ਸਨ। ਰਾਹੁਲ ਗਾਂਧੀ ਨੇ ਪਹਿਲਾਂ ਵਾਇਨਾਡ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਸੀ, ਪਰ ਬਾਅਦ ਵਿੱਚ ਉਨ੍ਹਾਂ ਨੇ ਆਪਣੀ ਸੀਟ ਖਾਲੀ ਕਰ ਦਿੱਤੀ ਅਤੇ ਪ੍ਰਿਅੰਕਾ ਨੂੰ ਇੱਥੋਂ ਉਮੀਦਵਾਰ ਬਣਾਇਆ।