ਬੈਰੀ, 13 ਨਵੰਬਰ (ਪੋਸਟ ਬਿਊਰੋ): ਸਪ੍ਰਿੰਗਵਾਟਰ ਟਾਊਨਸ਼ਿਪ ਵਿੱਚ ਇੱਕ ਗੈਰੇਜ ਵਿੱਚ ਅੱਗ ਲੱਗਣ ਅਤੇ ਉਸਦੇ ਆਲੇ ਦੁਆਲੇ ਦੇ ਘਰ ਵਿੱਚ ਫੈਲਣ ਤੋਂ ਬਾਅਦ ਇੱਕ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਗਲਵਾਰ ਸਵੇਰੇ ਫਲਾਸ ਰੋਡ 4 ਵੈਸਟ ਸਥਿਤ ਘਰ ਵਿੱਚ ਅੱਗ ਲੱਗ ਗਈ ਸੀ, ਜਿਸਨੂੰ ਕਾਬੂ ਕਰਨ ਲਈ ਕਰਮਚਾਰੀ ਪਹੁੰਚੇ।
ਅੱਗ ਵਿਚੋਂ ਦੋ ਕੁੱਤਿਆਂ ਨੂੰ ਬਚਾਉਂਦੇ ਸਮੇਂ ਇੱਕ ਫਾਇਰ ਫਾਈਟਰ ਅਤੇ ਇੱਕ ਓਂਟਾਰੀਓ ਰਾਜਸੀ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ। ਦੋਨਾਂ ਦਾ ਘਟਨਾ ਸਥਾਨ `ਤੇ ਹੀ ਪੈਰਾਮੇਡਿਕਸ ਦੁਆਰਾ ਇਲਾਜ ਕੀਤਾ ਗਿਆ।
ਡਿਪਟੀ ਫਾਇਰ ਚੀਫ ਜੇਫ ਫਰੇਂਚ ਨੇ ਕਿਹਾ ਕਿ ਕਰਮਚਾਰੀ ਪਹੁੰਚੇ ਅਤੇ ਉਨ੍ਹਾਂ ਨੇ ਕੁੱਤਿਆਂ ਨੂੰ ਬਚਾਉਣ ਵਿੱਚ ਮਦਦ ਕੀਤੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਮਕਾਮੀ ਹਸਪਤਾਲ ਵਿਚ ਦਾਖਲ ਵਿਅਕਤੀ ਨੂੰ ਧੂੰਏਂ ਕਾਰਨ ਸਾਹ ਲੈਣ ਵਿੱਚ ਤਕਲੀਫ ਹੋਈ ਹੈ। ਅੱਗ ਲੱਗਣ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਇਸ ਅੱਗ ਨਾਲ ਲਗਭਗ 400,000 ਡਾਲਰ ਦੇ ਨੁਕਸਾਨ ਦਾ ਅਨੁਮਾਨ ਹੈ।