ਓਟਵਾ, 17 ਨਵੰਬਰ (ਪੋਸਟ ਬਿਊਰੋ): ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਅਰਸ਼ ਡੱਲਾ ਦੀ ਹਵਾਲਗੀ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। 15 ਨਵੰਬਰ ਨੂੰ ਪੇਰੂ ਵਿੱਚ ਇੱਕ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਜੋਲੀ ਨੇ ਕਿਹਾ ਕਿ ਉਹ ਚੱਲ ਰਹੀ ਜਾਂਚ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ।
ਮੇਲਾਨੀਆ ਨੇ ਕਿਹਾ ਕਿ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ, ਇਸ ਬਾਰੇ ਉਨ੍ਹਾਂ ਨੂੰ ਕੋਈ ਖਾਸ ਜਾਣਕਾਰੀ ਨਹੀਂ ਹੈ, ਪਰ ਜੇਕਰ ਗ੍ਰਿਫਤਾਰੀ ਸਬੰਧੀ ਕੋਈ ਪੁੱਛਗਿੱਛ ਹੁੰਦੀ ਹੈ ਤਾਂ ਉਹ ਭਾਰਤੀ ਡਿਪਲੋਮੈਟਾਂ ਨਾਲ ਗੱਲ ਕਰਨਗੇ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਦੇ ਪੱਧਰ 'ਤੇ ਵੀ ਗੱਲਬਾਤ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਸੰਪਰਕ ਵਿਚ ਵੀ ਸਨ।
ਜਿ਼ਕਰਯੋਗ ਹੈ ਕਿ ਅਰਸ਼ ਡੱਲਾ ਭਾਰਤ 'ਚ ਲੋੜੀਂਦਾ ਹੈ। ਕੈਨੇਡੀਅਨ ਪੁਲਿਸ ਨੇ ਡੱਲਾ ਨੂੰ 28 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਡੱਲੇ ਨੂੰ ਭਾਰਤ ਹਵਾਲੇ ਕਰਨ ਦੀ ਮੰਗ ਕੀਤੀ ਜਾਵੇਗੀ। ਮੰਤਰਾਲੇ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੈਨੇਡਾ ਇਸ ਨੂੰ ਭਾਰਤ ਨੂੰ ਸੌਂਪ ਦੇਵੇਗਾ।
ਭਾਰਤ ਨੇ ਕੈਨੇਡਾ ਤੋਂ ਡੱਲਾ ਨੂੰ 2023 ਵਿੱਚ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ ਹੈ। ਪਰ ਕੈਨੇਡੀਅਨ ਸਰਕਾਰ ਨੇ ਉਸ ਸਮੇਂ ਇਸ ਨੂੰ ਰੱਦ ਕਰ ਦਿੱਤਾ ਸੀ। ਭਾਰਤ ਨੇ ਜਨਵਰੀ 2023 ਵਿੱਚ ਕੈਨੇਡਾ ਨੂੰ ਡੱਲਾ ਦੇ ਸ਼ੱਕੀ ਪਤੇ, ਭਾਰਤ ਵਿੱਚ ਉਸ ਦੇ ਲੈਣ-ਦੇਣ, ਉਸ ਦੀਆਂ ਜਾਇਦਾਦਾਂ ਅਤੇ ਮੋਬਾਈਲ ਨੰਬਰਾਂ ਬਾਰੇ ਸੂਚਿਤ ਕੀਤਾ ਸੀ।