ਸੂਰਜਪੁਰ, 11 ਨਵੰਬਰ (ਪੋਸਟ ਬਿਊਰੋ): ਛੱਤੀਸਗੜ੍ਹ ਦੇ ਸੂਰਜਪੁਰ ਜਿ਼ਲ੍ਹੇ ’ਚ ਪਿਛਲੇ ਦਿਨ ਜੰਗਲੀ ਹਾਥੀਆਂ ਦੇ ਝੁੰਡ ਦੇ ਹਮਲੇ ’ਚ ਦੋ ਬੱਚਿਆਂ ਦੀ ਮੌਤ ਹੋ ਗਈ। ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਨੂੰ ਰਾਮਾਨੁਜਨਗਰ ਜੰਗਲਾਤ ਰੇਂਜ ਦੇ ਮਹੇਸ਼ਪੁਰ ਪਿੰਡ ਨੇੜੇ ਟੋਂਗਤਈਆ ਪਹਾੜੀ ’ਤੇ ਵਾਪਰੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਪਾਂਡੋ ਕਬੀਲੇ ਨਾਲ ਸਬੰਧਤ ਦਿਸ਼ੂ (11) ਅਤੇ ਉਸ ਦੀ ਭੈਣ ਕਾਜਲ (5) ਵਜੋਂ ਹੋਈ ਹੈ।
ਪਾਂਡੋ ਕਬੀਲਾ ਇਕ ਵਿਸ਼ੇਸ਼ ਤੌਰ ’ਤੇ ਕਮਜ਼ੋਰ ਕਬਾਇਲੀ ਸਮੂਹ ਹੈ। ਮੁੱਢਲੀ ਜਾਣਕਾਰੀ ਮੁਤਾਬਕ 11 ਹਾਥੀਆਂ ਦੇ ਝੁੰਡ ਨੇ ਪਹਾੜੀ ’ਤੇ ਬਣੀ ਝੌਂਪੜੀ ’ਤੇ ਹਮਲਾ ਕਰ ਦਿੱਤਾ। ਅਧਿਕਾਰੀ ਨੇ ਦਸਿਆ ਕਿ ਮਾਪੇ ਭੱਜਣ ’ਚ ਕਾਮਯਾਬ ਹੋ ਗਏ ਪਰ ਹਾਥੀਆਂ ਦੇ ਹਮਲੇ ’ਚ ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜੰਗਲਾਤ ਅਤੇ ਪੁਲਿਸ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ।
ਅਧਿਕਾਰੀ ਨੇ ਦਸਿਆ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ 25-25 ਹਜ਼ਾਰ ਰੁਪਏ ਦੀ ਤੁਰੰਤ ਰਾਹਤ ਦਿੱਤੀ ਗਈ ਹੈ ਅਤੇ ਬਾਕੀ 5.75 ਲੱਖ ਰੁਪਏ ਦਾ ਮੁਆਵਜ਼ਾ ਰਸਮੀ ਕਾਰਵਾਈਆਂ ਤੋਂ ਬਾਅਦ ਵੰਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਮਲੇ ਤੋਂ ਬਾਅਦ ਪਹਾੜੀ ’ਤੇ ਸਥਿਤ ਚਾਰ ਹੋਰ ਝੌਂਪੜੀਆਂ ਖਾਲੀ ਕਰ ਦਿੱਤੀਆਂ ਗਈਆਂ ਅਤੇ ਵਸਨੀਕ ਪ੍ਰੇਮ ਨਗਰ ਚਲੇ ਗਏ। ਅਧਿਕਾਰੀ ਨੇ ਦੱਸਿਆ ਕਿ ਝੁੰਡ ਨੂੰ ਭਜਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਮਨੁੱਖੀ-ਹਾਥੀ ਟਕਰਾਅ ਪਿਛਲੇ ਇੱਕ ਦਹਾਕੇ ਤੋਂ ਚਿੰਤਾ ਦਾ ਵਿਸ਼ਾ ਰਿਹਾ ਹੈ।