ਨਵੀਂ ਦਿੱਲੀ, 19 ਨਵੰਬਰ (ਪੋਸਟ ਬਿਊਰੋ): ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਬਹੁਤ ਖਤਰਨਾਕ ਪੱਧਰ `ਤੇ ਬਣਿਆ ਹੋਇਆ ਹੈ। ਮੰਗਲਵਾਰ ਸਵੇਰੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਏਕਿਊਆਈ 500 ਤੋਂ ਉੱਪਰ ਦਰਜ ਕੀਤਾ ਗਿਆ। ਦਿੱਲੀ ਦੀ ਔਸਤ ਏਕਿਊਆਈ 494 ਦਰਜ ਕੀਤੀ ਗਈ, ਜੋ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਹੈ।
ਦਿੱਲੀ-ਐੱਨਸੀਆਰ ਵਿੱਚ 10ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਪਹਿਲਾਂ ਹੀ ਆਨਲਾਈਨ ਕਰ ਦਿੱਤਾ ਗਿਆ ਸੀ। ਸੋਮਵਾਰ ਨੂੰ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ 11ਵੀਂ-12ਵੀਂ ਦੀਆਂ ਕਲਾਸਾਂ ਆਨਲਾਈਨ ਚਲਾਉਣ ਦੇ ਹੁਕਮ ਦਿੱਤੇ ਗਏ ਸਨ। ਇਸ ਦੇ ਨਾਲ ਹੀ, ਡੀਯੂ ਅਤੇ ਜੇਐੱਨਯੂ ਦੇ ਕਾਲਜਾਂ ਵਿੱਚ ਕਲਾਸਾਂ 4 ਦਿਨਾਂ ਲਈ ਵਰਚੂਅਲ ਮੋਡ `ਤੇ ਚੱਲਣਗੀਆਂ।
ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ, ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ 18 ਨਵੰਬਰ ਤੋਂ ਦਿੱਲੀ-ਐੱਨਸੀਆਰ ਵਿੱਚ ਸੋਧੇ ਹੋਏ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦੇ ਚੌਥੇ ਪੜਾਅ ਨੂੰ ਲਾਗੂ ਕੀਤਾ ਹੈ। ਨਾਲ ਹੀ, ਬੱਚਿਆਂ, ਬਜ਼ੁਰਗਾਂ, ਸਾਹ ਅਤੇ ਦਿਲ ਦੇ ਮਰੀਜ਼ਾਂ ਅਤੇ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ।