ਜੈਪੁਰ, 23 ਦਸੰਬਰ (ਪੋਸਟ ਬਿਊਰੋ): ਸੋਮਵਾਰ ਸਵੇਰੇ ਇੱਕ ਬੱਚੀ ਬੋਰਵੈੱਲ 'ਚ ਡਿੱਗ ਗਈ। ਬੱਚੀ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਇਹ ਘਟਨਾ ਰਾਜਸਥਾਨ ਦੇ ਕੋਟਪੂਤਲੀ ਜਿ਼ਲ੍ਹੇ ਦੀ ਹੈ। ਥਾਣਾ ਅਧਿਕਾਰੀ ਮੁਹੰਮਦ ਇਮਰਾਨ ਨੇ ਦੱਸਿਆ ਕਿ ਕਿਤਰਪੁਰਾ ਇਲਾਕੇ 'ਚ ਭੂਪੇਂਦਰ ਚੌਧਰੀ ਨਾਮੀ ਵਿਅਕਤੀ ਦੇ ਖੇਤ 'ਚ ਉਸ ਦੀ ਸਾਢੇ ਤਿੰਨ ਸਾਲ ਦੀ ਬੱਚੀ ਚੇਤਨਾ ਫਿਸਲ ਕੇ ਬੋਰਵੈੱਲ 'ਚ ਡਿੱਗ ਗਈ। ਇਮਰਾਨ ਅਨੁਸਾਰ ਬੋਰਵੈੱਲ ਦੀ ਡੂੰਘਾਈ 150 ਫੁੱਟ ਹੈ ਅਤੇ ਬੱਚੀ ਨੂੰ ਸੁਰੱਖਿਅਤ ਕੱਢਣ ਲਈ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਬੋਰਵੈੱਲ ਖੁੱਲ੍ਹਾ ਪਿਆ ਸੀ ਅਤੇ ਉਸ ਦੇ ਅੰਦਰੋਂ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦੇ ਰਹੀ ਹੈ।
ਇਮਰਾਨ ਅਨੁਸਾਰ, ਰਾਜ ਆਫ਼ਤ ਪ੍ਰਬੰਧਨ ਫੋਰਸ ਅਤੇ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਰਹੀਆਂ ਹਨ। ਰਾਜਸਥਾਨ ਦੇ ਕੈਬਨਿਟ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਬੱਚੀ ਦੇ ਬੋਰਵੈੱਲ 'ਚ ਡਿੱਗਣ ਦੀ ਘਟਨਾ 'ਤੇ ਦੁੱਖ ਜਤਾਉਂਦੇ ਹੋਏ ਸੰਬੰਧਤ ਅਧਿਕਾਰੀਆਂ ਤੋਂ ਰਾਹਤ ਅਤੇ ਬਚਾਅ ਕੰਮਾਂ ਬਾਰੇ ਜਾਣਕਾਰੀ ਦਿੱਤੀ। ਰਾਠੌੜ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਕੋਟਪੂਤਲੀ 'ਚ ਤਿੰਨ ਸਾਲ ਦੀ ਚੇਤਨਾ ਦੇ ਬੋਰਵੈੱਲ 'ਚ ਡਿੱਗਣ ਦੀ ਘਟਨਾ ਬੇਹੱਦ ਦੁਖਦ ਹੈ। ਸੰਬੰਧਤ ਅਧਿਕਾਰੀਆਂ ਤੋਂ ਬੱਚੀ ਦੇ ਸਫ਼ਲ ਬਚਾਅ ਲਈ ਗੱਲਬਾਤ ਕੀਤੀ। ਪਰਮਾਤਮਾ ਤੋਂ ਉਸ ਦੀ ਸਹੀ ਸਲਾਮਤ ਵਾਪਸੀ ਦੀ ਪ੍ਰਾਰਥਨਾ ਕੀਤੀ।