ਰੀਓ ਡੀ ਜਨੇਰੀਓ, 20 ਨਵੰਬਰ (ਪੋਸਟ ਬਿਊਰੋ): ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜਨੇਰੀਓ 'ਚ ਦੋ ਦਿਨ ਚੱਲੇ ਜੀ-20 ਸੰਮੇਲਨ ਦੀ ਸਮਾਪਤੀ ਹੋ ਗਈ ਹੈ। ਇਸ ਦੌਰਾਨ ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਗੱਲਬਾਤ ਹੋਈ। ਇਸ 'ਚ ਦੋਨਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ 'ਤੇ 5 ਸਾਲ ਬਾਅਦ ਵਿਸ਼ੇਸ਼ ਪ੍ਰਤੀਨਿਧੀਆਂ ਦੀ ਬੈਠਕ ਬੁਲਾਉਣ 'ਤੇ ਸਹਿਮਤੀ ਬਣੀ।
ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਦੋਨਾਂ ਦੇਸ਼ਾਂ ਵਿਚਾਲੇ ਸਿੱਧੀਆਂ ਉਡਾਨਾਂ ਅਤੇ ਕੈਲਾਸ਼ ਮਾਨਸਰੋਵਰ ਯਾਤਰਾ ਨੂੰ ਮੁੜ ਸ਼ੁਰੂ ਕਰਨ ਬਾਰੇ ਵੀ ਚਰਚਾ ਕੀਤੀ। ਕੋਵਿਡ ਮਹਾਂਮਾਰੀ ਦੇ ਬਾਅਦ ਤੋਂ ਦੋਵਾਂ 'ਤੇ ਪਾਬੰਦੀ ਲਗਾਈ ਗਈ ਸੀ।
ਸੰਮੇਲਨ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਮੋਦੀ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਕੈਨੇਡਾ ਦੇ ਰਾਸ਼ਟਰਪਤੀ ਜਸਟਿਨ ਟਰੂਡੋ ਨਾਲ ਦੇਖਿਆ ਗਿਆ। ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਪਿਛਲੇ ਸਾਲ ਜੀ-20 ਸੰਮੇਲਨ ਤੋਂ ਬਾਅਦ ਸ਼ੁਰੂ ਹੋਇਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ 'ਤੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਦੋਸ਼ ਲਗਾਇਆ ਸੀ।