ਮੁੰਬਈ, 20 ਨਵੰਬਰ (ਪੋਸਟ ਬਿਊਰੋ): ਆਸਕਰ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਵਿਆਹ ਤੋਂ 29 ਸਾਲ ਬਾਅਦ ਵੱਖ ਹੋਣ ਦਾ ਫ਼ੈਸਲਾ ਲਿਆ ਹੈ। ਮੰਗਲਵਾਰ 19 ਨਵੰਬਰ ਨੂੰ ਦੋਨਾਂ ਦੀ ਵਕੀਲ ਨੇ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਤਲਾਕ ਦੇ ਮਾਮਲਿਆਂ ਨਾਲ ਜੁੜੇ ਹੋਏ ਮਸ਼ਹੂਰ ਵਕੀਲ ਵੰਦਨਾ ਸ਼ਾਹ ਨੇ ਦੋਹਾਂ ਵੱਲੋਂ ਜਾਰੀ ਸਾਂਝੇ ਬਿਆਨ 'ਚ ਕਿਹਾ ਕਿ ਉਨ੍ਹਾਂ ਦੇ ਰਿਸ਼ਤੇ 'ਚ 'ਭਾਵਨਾਤਮਕ ਤਣਾਅ' ਕਾਰਨ ਦੋਨਾਂ ਨੇ ਇਹ ਔਖਾ ਫ਼ੈਸਲਾ ਲਿਆ ਹੈ।
ਬਿਆਨ 'ਚ ਵਕੀਲ ਨੇ ਕਿਹਾ ਕਿ ਕਿ ਵਿਆਹ ਦੇ ਕਈ ਸਾਲਾਂ ਬਾਅਦ ਸਾਇਰਾ ਅਤੇ ਉਨ੍ਹਾਂ ਦੇ ਪਤੀ ਏ. ਆਰ. ਰਹਿਮਾਨ ਨੇ ਇੱਕ-ਦੂਜੇ ਤੋਂ ਅਲੱਗ ਹੋਣ ਦਾ ਮੁਸ਼ਕਲ ਫ਼ੈਸਲਾ ਲਿਆ ਹੈ। ਦੋਨਾਂ ਨੇ ਆਪਣੇ ਰਿਸ਼ਤੇ 'ਚ ਭਾਵਨਾਤਮਕ ਤਣਾਅ ਕਾਰਨ ਇਸ ਦਿਸ਼ਾ ਵਿੱਚ ਸੋਚਿਆ ਹੈ।
ਵਕੀਲ ਵੰਦਨਾ ਸ਼ਾਹ ਨੇ ਕਿਹਾ ਕਿ ਇੱਕ-ਦੂਜੇ ਲਈ ਡੂੰਘੇ ਪਿਆਰ ਦੇ ਬਾਵਜੂਦ ਉਨ੍ਹਾਂ ਦੇ ਰਿਸ਼ਤੇ 'ਚ ਤਣਾਅ ਸੀ। ਮੁਸ਼ਕਿਲਾਂ ਇਸ ਹੱਦ ਤੱਕ ਵਧ ਗਈਆਂ ਸਨ ਕਿ ਦੂਰੀ ਨੂੰ ਪਾਰ ਕਰਨਾ ਅਸੰਭਵ ਹੋ ਗਿਆ ਸੀ। ਹੁਣ ਦੋਨਾਂ ਵਿੱਚੋਂ ਕੋਈ ਵੀ ਦੂਰੀ ਨੂੰ ਘੱਟ ਕਰਨ ਦੀ ਸਮਰੱਥਾ ਨਹੀਂ ਰੱਖਦਾ ਸੀ।
ਏਆਰ ਰਹਿਮਾਨ ਨੇ ਆਪਣੇ ਐਕਸ ਅਕਾਊਂਟ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰਹਿਮਾਨ ਨੇ ਲਿਖਿਆ ਕਿ ਸਾਨੂੰ ਉਮੀਦ ਸੀ ਵਿਆਹ ਦੇ 30 ਸ਼ਾਨਦਾਰ ਸਾਲ ਇਕੱਠੇ ਰਹਾਂਗੇ ਪਰ ਅਜਿਹਾ ਲੱਗਦਾ ਹੈ ਕਿ ਸਾਰੀਆਂ ਚੀਜ਼ਾਂ ਦਾ ਇੱਕ ਅਦਿੱਖ ਅੰਤ ਹੁੰਦਾ ਹੈ। ਟੁੱਟੇ ਦਿਲਾਂ ਦੇ ਭਾਰ ਹੇਠ ਰੱਬ ਦਾ ਸਿੰਘਾਸਣ ਵੀ ਹਿੱਲ ਜਾਂਦਾ ਹੈ। ਫਿਰ ਵੀ ਇਨ੍ਹਾਂ ਟੁਕੜਿਆਂ ਵਿੱਚ ਅਸੀਂ ਆਪਣੇ ਅਰਥਾਂ ਦੀ ਭਾਲ ਕਰਦੇ ਹਾਂ, ਭਾਵੇਂ ਟੁਕੜੇ ਕਦੇ ਵੀ ਦੁਬਾਰਾ ਆਪਣੀ ਥਾਂ ਨਹੀਂ ਮਿਲਦੇ।
ਉਨ੍ਹਾਂ ਨੇ ਪੋਸਟ ’ਚ ਲਿਖਿਆ ਕਿ ਅਸੀਂ ਆਪਣੇ ਦੋਸਤਾਂ ਦੇ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਦੀ ਹਮਦਰਦੀ ਇਸ ਔਖੇ ਦੌਰ ’ਚੋਂ ਗੁਜ਼ਰਦਿਆਂ ਸਾਡੇ ਨਾਲ ਰਹੀ ਤੇ ਉਨ੍ਹਾਂ ਨੇ ਸਾਡੀ ਨਿੱਜਤਾ ਦਾ ਵੀ ਸਤਿਕਾਰ ਕੀਤਾ।
ਇੱਕ ਰਿਪੋਰਟਰ ਮੁਤਾਬਕ ਸਾਇਰਾ ਬਾਨੋ ਨੇ ਪਹਿਲਾਂ ਆਪਣੇ ਵੱਖ ਹੋਣ ਦਾ ਐਲਾਨ ਕੀਤਾ ਅਤੇ ਬਾਅਦ ਵਿੱਚ ਦੋਨਾਂ ਦਾ ਸਾਂਝਾ ਬਿਆਨ ਆਇਆ। ਬਿਆਨ 'ਚ ਸਾਇਰਾ ਅਤੇ ਰਹਿਮਾਨ ਨੇ ਕਿਹਾ ਹੈ ਕਿ ਵੱਖ ਹੋਣ ਦਾ ਫ਼ੈਸਲਾ ਦਰਦ ਅਤੇ ਤਕਲੀਫ਼ ਨਾਲ ਭਰਿਆ ਸੀ। ਸਾਇਰਾ ਬਾਨੋ ਅਤੇ ਏਆਰ ਰਹਿਮਾਨ ਦਾ ਵਿਆਹ 1995 ਵਿੱਚ ਹੋਇਆ ਸੀ। ਦੋਨਾਂ ਦੇ ਤਿੰਨ ਬੱਚੇ ਦੋ ਧੀਆਂ ਖਤੀਜਾ ਅਤੇ ਰਹੀਮਾ ਤੇ ਇੱਕ ਬੇਟਾ ਅਮੀਨ ਹਨ ।