ਸੂਰਤ, 19 ਨਵੰਬਰ (ਪੋਸਟ ਬਿਊਰੋ): ਗੁਜਰਾਤ ਦੇ ਸੂਰਤ 'ਚ ਫਰਜ਼ੀ ਡਾਕਟਰਾਂ ਨੇ ਹਸਪਤਾਲ ਖੋਲ੍ਹਿਆ ਹੋਇਆ ਸੀ। ਇਹ ਡਾਕਟਰ ਸ਼ਰਾਬ ਸਮੇਤ ਫੜੇ੍ਹ ਗਏ। ਇਸ ਹਸਪਤਾਲ ਦੇ ਉਦਘਾਟਨ ਮੌਕੇ ਸੂਰਤ ਕ੍ਰਾਈਮ ਬ੍ਰਾਂਚ ਦੇ ਸੰਯੁਕਤ ਪੁਲਿਸ ਕਮਿਸ਼ਨਰ ਰਾਘਵੇਂਦਰ ਵਤਸ ਪਹੁੰਚੇ ਸਨ। ਉਦਘਾਟਨ ਤੋਂ ਬਾਅਦ ਡਾਕਟਰ ਦੇ ਕੈਬਿਨ 'ਚ ਡਾਕਟਰ ਦੀ ਕੁਰਸੀ 'ਤੇ ਬੈਠੇ ਰਾਘਵੇਂਦਰ ਵਤਸ ਦੀ ਤਸਵੀਰ ਵੀ ਸਾਹਮਣੇ ਆਈ ਹੈ। ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ। ਮਲਟੀਸਪੈਸ਼ਲਿਟੀ ਹਸਪਤਾਲ ਨਾ ਤਾਂ ਰਜਿਸਟਰਡ ਸੀ ਅਤੇ ਨਾ ਹੀ ਫਾਇਰ ਸੇਫਟੀ ਉਪਕਰਨ ਸਨ।
ਉਦਘਾਟਨ ਮੌਕੇ ਦੁਪਹਿਰ ਦੇ ਖਾਣੇ ਦਾ ਆਯੋਜਨ ਕੀਤਾ ਗਿਆ। ਅਗਲੇ ਦਿਨ ਸੂਬਾ ਸਰਕਾਰ ਨੇ ਹਸਪਤਾਲ ਨੂੰ ਸੀਲ ਕਰ ਦਿੱਤਾ। ਹਸਪਤਾਲ ਨੂੰ ਸੀਲ ਕਰਨ ਦਾ ਕਾਰਨ ਇੱਥੇ ਫਾਇਰ ਸੇਫਟੀ ਦਾ ਕੋਈ ਪ੍ਰਬੰਧ ਨਾ ਹੋਣਾ ਦੱਸਿਆ ਗਿਆ ਹੈ।
ਹਸਪਤਾਲ ਦਾ ਨਾਂ ਜਨਸੇਵਾ ਮਲਟੀ ਸਪੈਸ਼ਲਿਟੀ ਹਸਪਤਾਲ ਹੈ। ਪੁਲਿਸ ਦਾ ਕਹਿਣਾ ਹੈ ਕਿ ਹਸਪਤਾਲ ਦੇ ਪੰਜ ਸੰਸਥਾਪਕਾਂ ਵਿੱਚੋਂ ਦੋ ਡਾਕਟਰਾਂ ਦੀਆਂ ਡਿਗਰੀਆਂ ਫਰਜ਼ੀ ਹਨ। ਬਾਕੀ ਤਿੰਨਾਂ ਦੀਆਂ ਡਿਗਰੀਆਂ ਨੂੰ ਲੈ ਕੇ ਵੀ ਸਵਾਲ ਉਠਾਏ ਜਾ ਰਹੇ ਹਨ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਹਸਪਤਾਲ ਸੂਰਤ ਦੇ ਪਾਂਡੇਸਰਾ ਇਲਾਕੇ ਵਿੱਚ ਖੋਲ੍ਹਿਆ ਗਿਆ ਸੀ ਅਤੇ ਇਸ ਦਾ ਉਦਘਾਟਨ 17 ਨਵੰਬਰ ਨੂੰ ਕੀਤਾ ਗਿਆ ਸੀ। ਸੀਨੀਅਰ ਪੁਲਿਸ ਅਧਿਕਾਰੀ ਵਿਜੈ ਸਿੰਘ ਗੁਰਜਰ ਨੇ ਕਿਹਾ ਕਿ ਬੀ.ਆਰ. ਸ਼ੁਕਲਾ, ਜਿਸ ਨੂੰ ਉਦਘਾਟਨੀ ਪ੍ਰੋਗਰਾਮ ਦੇ ਪੈਂਫਲਿਟ ਵਿਚ ਆਯੁਰਵੈਦਿਕ ਦਵਾਈ ਦੀ ਡਿਗਰੀ ਨਾਲ ਡਾਕਟਰ ਦੱਸਿਆ ਗਿਆ ਹੈ, ਉਸ ਖਿਲਾਫ ਗੁਜਰਾਤ ਮੈਡੀਕਲ ਪ੍ਰੈਕਟੀਸ਼ਨਰ ਐਕਟ ਦੇ ਤਹਿਤ ਮਾਮਲਾ ਦਰਜ ਹੈ ਅਤੇ ਉਹ ਫਰਜ਼ੀ ਡਾਕਟਰ ਹਨ।