ਸਿਧਾਰਥਨਗਰ, 20 ਨਵੰਬਰ (ਪੋਸਟ ਬਿਊਰੋ): ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਜਿ਼ਲ੍ਹੇ ਦੇ ਦੇਵਲਹਵਾ ਪਿੰਡ ਦੀ ਇੱਕ ਵਾਇਰਲ ਵੀਡੀਓ ਵਿਚ ਅਰਮਾਨ ਅਤੇ ਅਫਜ਼ਲ ਦੇ ਵਿਆਹ ਤੋਂ ਖੁਸ਼ ਪਰਿਵਾਰ ਵਾਲਿਆਂ ਨੇ ਲਗਭਗ 20 ਲੱਖ ਰੁਪਏ ਹਵਾ ਵਿਚ ਹੀ ਉਡਾ ਦਿੱਤੇ। ਇਹ ਵੀਡੀਓ ਵਿਆਹ ਦੀ ਬਰਾਤ ਦੇ ਜਾਣ ਸਮੇਂ ਦੀ ਦੱਸੀ ਜਾ ਰਹੀ ਹੈ।
ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਵਿੱਚ ਇੱਕ ਵਿਆਹ ਦੀ ਬਰਾਤ ਵਿਚ ਮਹਿਮਾਨਾਂ ਨੇ 20 ਲੱਖ ਰੁਪਏ ਹਵਾ ਵਿੱਚ ਉਡਾ ਦਿੱਤੇ। ਵਿਆਹ ਦੀ ਬਰਾਤ ਦੀ ਵੀਡੀਓ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਗਈ ਹੈ, ਜਿੱਥੇ ਮਹਿਮਾਨਾਂ ਨੂੰ ਛੱਤਾਂ ਅਤੇ ਜੇਸੀਬੀ ਮਸ਼ੀਨਾਂ 'ਤੇ ਚੜ੍ਹ ਕੇ ਕਰੰਸੀ ਨੋਟ ਉਡਾਉਂਦੇ ਦੇਖਿਆ ਜਾ ਸਕਦਾ ਹੈ।
ਇਹ ਘਟਨਾ ਕਥਿਤ ਤੌਰ 'ਤੇ ਲਾੜੇ ਅਫਜ਼ਲ ਅਤੇ ਅਰਮਾਨ ਦੇ ਵਿਆਹ ਵਿੱਚ ਵਾਪਰੀ ਸੀ। ਵਿਆਹ ਦੌਰਾਨ ਕੁਝ ਮਹਿਮਾਨ ਆਸ-ਪਾਸ ਦੇ ਘਰਾਂ ਦੀਆਂ ਛੱਤਾਂ 'ਤੇ ਚੜ੍ਹ ਗਏ, ਜਦਕਿ ਬਾਕੀਆਂ ਨੇ ਜੇਸੀਬੀ 'ਤੇ ਖੜ੍ਹੇ ਹੋ ਕੇ 100, 200 ਅਤੇ 500 ਰੁਪਏ ਦੇ ਨੋਟ ਹਵਾ 'ਚ ਉਡਾ ਦਿੱਤੇ।
ਇਸ ਦੌਰਾਨ ਪਿੰਡ ਦੇ ਲੋਕ ਜ਼ਮੀਨ 'ਤੇ ਡਿੱਗੇ ਨੋਟਾਂ ਨੂੰ ਲੁੱਟਣ 'ਚ ਰੁੱਝੇ ਨਜ਼ਰ ਆ ਰਹੇ ਹਨ। ਜਿਸ ਕਾਰਨ ਉਥੇ ਭਾਰੀ ਭੀੜ ਇਕੱਠੀ ਹੋ ਗਈ। ਬਰਾਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ ਨੂੰ ਲੈ ਕੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਲੋਕਾਂ ਨੇ ਇਸ ਪੈਸੇ ਨੂੰ ਲੋੜਵੰਦਾਂ ਵਿੱਚ ਵੰਡਣ ਦੀ ਗੱਲ ਕੀਤੀ ਤਾਂ ਕੁਝ ਨੇ ਇਸ ਨੂੰ ਫਜ਼ੂਲ ਖਰਚੀ ਦੱਸਿਆ।