ਨਵੀਂ ਦਿੱਲੀ, 29 ਨਵੰਬਰ (ਪੋਸਟ ਬਿਊਰੋ): ਰਾਹੁਲ ਦ੍ਰਾਵਿੜ ਟੀਮ ਇੰਡੀਆ ਦੇ ਕੋਚ ਬਣੇ ਰਹਿਣਗੇ। ਬੀਸੀਸੀਆਈ ਨੇ ਉਨ੍ਹਾਂ ਦਾ ਕਾਰਜਕਾਲ ਵਧਾ ਦਿੱਤਾ ਹੈ। ਬੋਰਡ ਨੇ ਬੁੱਧਵਾਰ 29 ਨਵੰਬਰ ਨੂੰ ਇਸ ਦਾ ਐਲਾਨ ਕੀਤਾ ਹੈ।
ਦ੍ਰਾਵਿੜ ਦਾ ਦੋ ਸਾਲ ਦਾ ਕਾਰਜਕਾਲ ਵਿਸ਼ਵ ਕੱਪ ਫਾਈਨਲ ਦੇ ਨਾਲ ਖਤਮ ਹੋ ਗਿਆ ਸੀ। ਇਸ ਤੋਂ ਬਾਅਦ ਬੋਰਡ ਅਤੇ ਦ੍ਰਾਵਿੜ ਵਿਚਾਲੇ ਗੱਲਬਾਤ ਹੋਈ ਅਤੇ ਫੈਸਲਾ ਕੀਤਾ ਗਿਆ ਕਿ ਦ੍ਰਾਵਿੜ ਘੱਟੋ-ਘੱਟ ਟੀ-20 ਵਿਸ਼ਵ ਕੱਪ ਤੱਕ ਟੀਮ ਨਾਲ ਜੁੜੇ ਰਹਿਣਗੇ। ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਵੈਸਟਇੰਡੀਜ਼ ਅਤੇ ਅਮਰੀਕਾ ਜੂਨ ਵਿਚ ਹੋਣੀ ਹੈ।
ਦ੍ਰਾਵਿੜ ਸਮੇਤ ਪੂਰੇ ਭਾਰਤੀ ਕੋਚਿੰਗ ਸਟਾਫ ਦਾ ਕਾਰਜਕਾਲ ਵਧਾ ਦਿੱਤਾ ਗਿਆ ਹੈ। ਜਿਸ ਵਿੱਚ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ, ਫੀਲਡਿੰਗ ਕੋਚ ਟੀ ਦਿਲੀਪ ਅਤੇ ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਸ਼ਾਮਿਲ ਹਨ।
ਟੀਮ ਇੰਡੀਆ 10 ਦਸੰਬਰ 2023 ਤੋਂ 7 ਜਨਵਰੀ 2024 ਦਰਮਿਆਨ ਤਿੰਨ ਟੀ-20, ਤਿੰਨ ਵਨਡੇ ਅਤੇ ਦੋ ਟੈਸਟ ਮੈਚਾਂ ਲਈ ਦੱਖਣੀ ਅਫਰੀਕਾ ਦਾ ਦੌਰਾ ਕਰੇਗੀ। ਬੋਰਡ ਨੇ ਕਿਹਾ ਹੈ ਕਿ ਇਸ ਅਸਾਈਨਮੈਂਟ ਦੌਰਾਨ ਦ੍ਰਾਵਿੜ ਟੀਮ ਦੇ ਨਾਲ ਹੋਣਗੇ। ਇਸ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਦ੍ਰਾਵਿੜ ਆਪਣਾ ਕਾਰਜਕਾਲ ਅੱਗੇ ਜਾਰੀ ਨਹੀਂ ਰੱਖਣਾ ਚਾਹੁੰਦੇ ਅਤੇ ਵੀਵੀਐਸ ਲਕਸ਼ਮਣ ਨੂੰ ਦੱਖਣੀ ਅਫਰੀਕਾ ਦੌਰੇ ਲਈ ਕੋਚ ਵਜੋਂ ਭੇਜਿਆ ਜਾ ਸਕਦਾ ਹੈ।