ਜੋਹਾਨਸਬਰਗ, 14 ਜਨਵਰੀ (ਪੋਸਟ ਬਿਊਰੋ): ਦੱਖਣੀ ਅਫਰੀਕਾ ਵਿੱਚ ਇੱਕ ਸੋਨੇ ਦੀ ਖਾਣ ਵਿੱਚ ਫਸੇ 100 ਤੋਂ ਵੱਧ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਅਲਜਜ਼ੀਰਾ ਦੀ ਰਿਪੋਰਟ ਅਨੁਸਾਰ, ਦੋ ਮਹੀਨਿਆਂ ਤੋਂ ਖਾਣ ਵਿੱਚ 400 ਤੋਂ ਵੱਧ ਕਾਮੇ ਮੌਜੂਦ ਸਨ। ਇਹ ਸਾਰੇ ਗੈਰ-ਕਾਨੂੰਨੀ ਢੰਗ ਨਾਲ ਸੋਨਾ ਖੁਦਾਈ ਕਰਨ ਲਈ ਖਾਣ ਵਿੱਚ ਦਾਖਲ ਹੋਏ ਸਨ।
ਬਚਾਅ ਕਾਰਜਾਂ ਲਈ ਇੱਕ ਵਿਸ਼ੇਸ਼ ਮਾਈਨਿੰਗ ਬਚਾਅ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਰਿਪੋਰਟ ਅਨੁਸਾਰ, ਮਜ਼ਦੂਰਾਂ ਨੇ ਭੁੱਖ ਅਤੇ ਪਿਆਸ ਕਾਰਨ ਆਪਣੀਆਂ ਜਾਨਾਂ ਗੁਆ ਦਿੱਤੀਆਂ। ਹੁਣ ਤੱਕ 13 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਬਹੁਤ ਸਾਰੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।
ਬਚਾਏ ਗਏ ਕਾਮਿਆਂ ਕੋਲੋਂ ਦੋ ਵੀਡੀਓ ਵਾਲਾ ਇੱਕ ਸੈੱਲਫੋਨ ਮਿਲਿਆ ਹੈ। ਇਨ੍ਹਾਂ ਵੀਡੀਓਜ਼ ਵਿੱਚ, ਦਰਜਨਾਂ ਲਾਸ਼ਾਂ ਪੋਲੀਥੀਨ ਵਿੱਚ ਲਪੇਟੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।
ਖਾਣਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨਾਲ ਜੁੜੀ ਇੱਕ ਸਮਾਜਿਕ ਸੰਸਥਾ, ਮਾਈਨਿੰਗ ਅਫੈਕਟੇਡ ਕਮਿਊਨਿਟੀਜ਼ ਯੂਨਾਈਟਿਡ ਇਨ ਐਕਸ਼ਨ ਦੇ ਅਨੁਸਾਰ, ਪੁਲਿਸ ਨੇ ਪਿਛਲੇ ਸਾਲ ਨਵੰਬਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਸੀ।
ਪੁਲਿਸ ਨੇ ਇਸ ਖਾਣ ਨੂੰ ਸੀਲ ਕਰਨ ਦੀ ਕੋਸਿ਼ਸ਼ ਕੀਤੀ ਸੀ। ਇਸ ਲਈ ਮਜ਼ਦੂਰਾਂ ਨੂੰ ਬਾਹਰ ਆਉਣ ਲਈ ਕਿਹਾ ਗਿਆ। ਮਜ਼ਦੂਰਾਂ ਨੇ ਗ੍ਰਿਫ਼ਤਾਰੀ ਦੇ ਡਰੋਂ ਖਾਨ ਵਿੱਚੋਂ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ, ਇਹ ਮਜ਼ਦੂਰ ਖਾਣ ਵਿੱਚ ਫਸ ਗਏ।
ਜਾਣਕਾਰੀ ਅਨੁਸਾਰ, ਮਜ਼ਦੂਰਾਂ ਦੇ ਵਿਰੋਧ ਤੋਂ ਬਾਅਦ, ਪੁਲਿਸ ਨੇ ਖਾਣ ਵਿੱਚ ਦਾਖਲ ਹੋਣ ਅਤੇ ਬਾਹਰ ਨਿਕਲਣ ਲਈ ਵਰਤੀਆਂ ਜਾਂਦੀਆਂ ਰੱਸੀਆਂ ਅਤੇ ਪੁਲੀਆਂ ਨੂੰ ਹਟਾ ਦਿੱਤਾ। ਇਸ ਤੋਂ ਬਾਅਦ ਮਜ਼ਦੂਰ ਖਾਨ ਵਿੱਚ ਫਸੇ ਰਹੇ।